ਪੰਥਕ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਦਾ ਦਿੱਤਾ ਭਰੋਸਾ

ਨਵੀਂ ਦਿੱਲੀ, 17 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਅਮਰੀਕਾ ਫੇਰੀ ਦੌਰਾਨ ਮੈਰੀਲੈਂਡ, ਵਾਸ਼ਿੰਗਟਨ ਡੀ.ਸੀ. ਅਤੇ ਵਰਜੀਨੀਆ ਸੁਬਿਆਂ ਦੀ ਸੰਗਤਾਂ ਦੀ ਜੱਥੇਬੰਦੀ “ਸਿੱਖ ਐਸੋਸਿਏਸ਼ਨ ਆਫ ਬਾਲਟੀਮੋਰ ਗੁਰੂਘਰ” ਵੱਲੋਂ ਬਾਲਟੀਮੋਰ ਦੇ “ਸੈਂਟਰ ਫੋਰ ਸੋਸ਼ਲ ਚੈਂਜ ਹਾਲ” ਵਿਖੇ ਸ਼ਾਨਦਾਰ ਸਵਾਗਤੀ ਸਮਾਗਮ ਕੀਤਾ ਗਿਆ। ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਸਿੱਖਿਆ, ਧਰਮ ਪ੍ਰਚਾਰ ਅਤੇ ੧੯੮੪ ਪੀੜਤਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਵਾਸਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ‘ਚ ਅਮਰੀਕਾ ਦੀਆਂ ਸਿਰਮੋਰ ਸ਼ਖਸੀਅਤਾ, ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਿਆਸੀ ਪਾਰਟੀਆਂ (ਅਕਾਲੀ, ਕਾਂਗਰਸ, ਭਾਜਪਾ, ਆਪ, ਰਿਪਬਲੀਕਨ ਅਤੇ ਡੈਮੋਕਰੇਟਿਕ) ਦੇ ਆਗੂਆਂ ਸਣੇ ਵੱਡੇ ਗਿਣਤੀ ‘ਚ ਸਿੱਖ ਭਾਈਚਾਰੇ ਦੇ ਪੱਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਰੇਡੀਓ ਪੰਜਾਬੀ ਵੇਵਜ਼ ਦੇ ਪ੍ਰੋਡਿਉਸਰ ਅਤੇ ਗਲੋਬਲ ਪੰਜਾਬ ਟੀ.ਵੀ. ਦੇ ਬਿਉਰੋ ਚੀਫ ਸੁਖਪਾਲ ਸਿੰਘ ਧਨੋਆ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਵਜੋ ਕੀਤੇ ਜਾ ਰਹੇ ਕਾਰਜਾਂ ਦੀ ਸੰਗਤਾਂ ਨੂੰ ਜਾਣਕਾਰੀ ਦੇਣ ਦੇ ਨਾਲ ਹੀ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀਆਂ ਪਰੇਸ਼ਾਨੀਆਂ ਦਾ ਵੀ ਜ਼ਿਕਰ ਕੀਤਾ। ਭਾਰਤ ਅਤੇ ਪਾਕਿਸਤਾਨ ਦੇ ਪੰਜਾਬੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ. ਨੇ ਭਾਰਤ ਦੀ ਤਰੱਕੀ ਲਈ ਪਾਕਿਸਤਾਨ ਵਿਚ ਲੋਕਤਾਂਤ੍ਰਿਕ ਅਧਿਕਾਰਾਂ ਦੀ ਬਹਾਲੀ ਅਤੇ ਦੋਹਾਂ ਮੁਲਕਾਂ ਦੇ ਪੰਜਾਬੀਆਂ ਵੱਲੋਂ ਆਪਣੇ ਦੇਸ਼ ਦੀ ਤਰੱਕੀ ‘ਚ ਅਹਿਮ ਯੋਗਦਾਨ ਪਾਉਣ ਤੇ ਜ਼ੋਰ ਦਿੱਤਾ। ਸਿੱਖ ਧਰਮ ਦੇ ਫਲਸਫੇ ਸਰਬਤ ਦੇ ਭਲੇ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਜਿੱਥੇ ਸਿੱਖ ਕੌਮ ਦੀ ਤਰੱਕੀ ਲਈ ਵਿਦਿਆ ਦੇ ਪਸਾਰ ਨੂੰ ਲਾਜ਼ਮੀ ਦੱਸਿਆ ਉਥੇ ਹੀ ਬਾਹਰਲੇ ਦੇਸ਼ਾਂ ‘ਚ ਮਜਬੂਰੀ ਵੱਸ਼ ਸਿਆਸੀ ਸ਼ਰਣ ਲੈ ਕੇ ਰਹਿ ਰਹੇ ਲੋਕਾਂ ਨੂੰ ਪਾਸਪੋਰਟ ਅਤੇ ਵੀਜ਼ੇ ਕਰਕੇ ਆ ਰਹੀਆਂ ਪਰੇਸ਼ਾਨੀਆਂ, ਸਿੱਖ ਬੱਚਿਆਂ ਲਈ ਮਿਆਰੀ ਵਿਦਿਆ ਮੁਹੱਈਆ ਕਰਵਾਉਣਾ ਅਤੇ ਬਾਣੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਵੀ ਭਰੋਸਾ ਦਿੱਤਾ। 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਤਰ੍ਹਾਂ ਪੰਥਕ ਮਸਲਿਆਂ ਨੂੰ ਧੜੇਬੰਦੀ ਤੋਂ ਉਪਰ ਉੱਠਕੇ ਪਹਿਲ ਦੇ ਆਧਾਰ ਤੇ ਹਲ ਕਰਨ ਦੀ ਵੀ ਵਚਨਬੱਧਤਾ ਦੋਹਰਾਈ। ਸਿਆਸੀ ਸ਼ਰਣ ਲੈ ਕੇ ਵਿਦੇਸ਼ਾਂ ‘ਚ ਰਹਿਣ ਨੂੰ ਮਜਬੂਰ ਸਿੱਖ ਪਰਿਵਾਰਾਂ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਵਿਦੇਸ਼ਾਂ ‘ਚ ਵਸਦੇ ਸਮੂਹ ਪੰਜਾਬੀਆਂ ਨੂੰ ਭਾਰਤ ਸਰਕਾਰ ਨਾਲ ਟਕਰਾਵ ਦੀ ਨੀਯਤ ਨੂੰ ਤਿਆਗਦੇ ਹੋਏ ਆਪਣੇ ਬੱਚਿਆਂ ਦੇ ਵੀਜ਼ੇ ਆਦਿਕ ਲਗਵਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਪੁਰਣ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਵੀ ਕੀਤੀ। ਉਨ੍ਹਾਂ ਨੇ ਵਿਦੇਸ਼ਾਂ ‘ਚ ਵਸਦੇ ੫% ਵੱਖਵਾਦੀਆਂ ਨੂੰ ਮੌਜੂਦਾ ਹਾਲਾਤ ਪੈਦਾ ਕਰਨ ਦਾ ਵੀ ਜ਼ਿਮੇਵਾਰ ਠਹਿਰਾਉਂਦੇ ਹੋਏ ਪੰਜਾਬ ‘ਚ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਪੰਜਾਬੀਆਂ ਨੂੰ ਖੁਲਕੇ ਕੰਮ ਕਰਨ ਦਾ ਵੀ ਸੱਦਾ ਦਿੱਤਾ। ਇਸ ਮੌਕੇ ਮੈਰੀਲੈਂਡ ਸਟੇਟ ਡੈਮੋਕਰੈਟਿਕ ਕਾਕਸ ਦੇ ਚੇਅਰਮੈਨ ਸਾਜਿਦ ਤਾਰੜ, ਸਿੱਖ ਆਗੂ ਸੁਰਿੰਦਰ ਸਿੰਘ ਗਿੱਲ, ਜਸਦੀਪ ਸਿੰਘ ਜੱਸੀ, ਹਰੀਮਨ ਸਿੰਘ, ਪ੍ਰਭਜੋਤ ਸਿੰਘ ਕੋਹਲੀ, ਡਾ. ਸਲੂਜਾ, ਹਰਬੰਸ ਸੰਧੂ, ਸਤਪਾਲ ਬਰਾੜ, ਹਰਜੀਤ ਹੁੰਦਲ, ਪ੍ਰੀਤਮ ਸਿੰਘ ਗੋਲਡ ਸਟਾਰ, ਇੰਦਰਜੀਤ ਸਿੰਘ ਰੇਖੀ, ਬਖਸ਼ੀਸ਼ ਸਿੰਘ ਰੋਪੜ ਅਤੇ ਕੁਲਵਿੰਦਰ ਸਿੰਘ ਫਲੋਰਾ ਮੌਜੂਦ ਸਨ।
Punjab Post Daily Online Newspaper & Print Media