ਵਿਭਾਗ ਦੀਆਂ ਹਦਾਇਤਾਂ ਲਾਗੂ ਕਰਵਾਉਣ ’ਚ ਅਸਫਲ ਰਿਹਾ ਸਰਹੱਦੀ ਸਕੂਲ਼ ’ਸੁਧਾਰ’
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੰਧੂ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਅਤੇ ਨਕਲ ਉਤੇ ਨਕੇਲ ਪਾਉਣ ਲਈ ਕੀਤੇ ਗਏ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਪ੍ਰਤੀਤ ਹੋਈ ਜਦੋਂ ਸਰਹੱਦੀ ਸਕੂਲਾਂ ਅੰਦਰ ਬਾਰਵੀਂ ਦੀ ਪ੍ਰਖਿਆ ਦੇ ਪਹਿਲੇ ਦਿਨ ਸਕੂਲ਼ਾਂ ਦੇ ਸਟਾਫ ਦੀ ਮਿਲੀ ਭੁਗਤ ਨਾਲ ਰੱਜ ਕਿ ਨਕਲ ਚੱਲੀ।
ਜਿਸ ਦੀ ਤਾਜ਼ਾ ਮਿਸਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ਼ ਸੁਧਾਰ (ਅਜਨਾਲਾ) ਵਿਖੇ ਵੇਖਣ ਨੂੰ ਮਿਲੀ ਜਿੱਥੇ ਬਾਰਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਅੰਗਰੇਜੀ ਦੇ ਪੇਪਰ ਦੌਰਾਨ ਧਾਰਾ 144 ਦੀ ਪ੍ਰਵਾਹ ਕੀਤੇ ਬਗੈਰ ਪੇਪਰ ਦੇ ਰਹੇ ਵਿਦਿਆਰਥੀਆਂ ਦੇ ਨਾਲ ਆਏ ਸਕੇ ਸਬੰਧੀਆਂ ਨੇ ਸਕੂਲ਼ ਅੰਦਰ ਦਾਖਲ ਹੋ ਖੇ ਸਿੱਖਿਆ ਵਿਭਾਗ ਦੀ ਨਕਲ ਰੋਕੂ ਮੁਹਿੰਮ ਨੂੰ ਮੂੰਹ ਚੜਾਉਂਦਿਆ ਪੇਪਰ ਨਾਲ ਸਬੰਧਿਤ ਕਿਤਾਬਾਂ ਚੋਂ ਪਰਚੀਆਂ ਕੱਟ ਕੇ ਬੱਚਿਆਂ ਨੂੰ ਪੇਪਰ ਕਰਵਾਇਆ। ਸਕੂਲ਼ ਪ੍ਰਬੰਧ ਡਾਵਾਂਡੋਲ ਰਿਹਾ ਅਤੇ ਸਕੂਲ ਦੀ ਬਾਰਵੀਂ ਦੀ ਪ੍ਰਿਖਿਆ ਦੇ ਕਮਰਿਆਂ ਵਾਲੇ ਪਾਸੇ ਆਮ ਲੋਕਾਂ ਦਾ ਪੂਰੀ ਤਰ੍ਹਾਂ ਕਬਜ਼ਾ ਰਿਹਾ। ਗੇਟ ਉੱਤੇ ਤਾਇਨਾਤ ਸਰਕਾਰੀ ਅਧਿਕਾਰੀ ਜਸਵੰਤ ਸਿੰਘ ਮੌਜੂਦ ਨਹੀਂ ਸੀ ਅਤੇ ਸਕੂਲ਼ ਦਾ ਮੁੱਖ ਗੇਟ ਖੁੱਲਾ ਰਿਹਾ। ਜ਼ਿਲਾ ਸਿੱਖਿਆ ਦਫਤਰ ਅੰਮ੍ਰਿਤਸਰ ਵੱਲੋਂ ਸਲਾਨਾਂ ਪੇਪਰਾਂ ਦੌਰਾਨ ਸਕੂਲ਼ਾਂ ਉੱਤੇ ਬਾਜ਼ ਅੱਖ ਰੱਖਣ ਲਈ ਗਠਿਤ ਕੀਤੀਆਂ ਗਈਆਂ ਉਢਣ ਦਸਤਿਆਂ ਦੀਆਂ 11 ਟੀਮਾਂ ਹਵਾ ਵਿੱਚ ਹੀ ਉੱਡਦੀਆਂ ਪ੍ਰਤੀਤ ਹੋਈਆਂ, ਕਿਉਂਕਿ ਸਰਹੱਦੀ ਸਕੂਲਾਂ ਅੰਦਰ ਇੱਕ ਵੀ ਟੀਮ ਵੱਲੋਂ ਛਾਪੇਮਾਰੀ ਕਰਨ ਦੀ ਕੋਈ ਖਬਰ ਨਹੀਂ ਹੈ। ਇਸ ਸਬੰਧੀ ਸਕੂਲ਼ ਸਟਾਫ ਦੀ ਇੱਕ ਮਹਿਲਾ ਅਧਿਆਪਕ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਆਸਪਾਸ ਦੇ ਸਿਆਸੀ ਅਸਰ ਰਸੂਖ ਰੱਖਣ ਵਾਲੇ ਲੋਕਾਂ ਦੇ ਦਬਾਅ ਅਧੀਨ ਸਕੂਲ ਸਟਾਫ ਬੇਵੱਸ ਹੈ, ਜਿਸ ਕਾਰਨ ਨਕਲ ਰੋਕਣ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਸਾਰਾ ਸਟਾਫ ਅਸਮਰਥ ਹੈ।
ਕੀ ਕਹਿੰਦੇ ਹਨ ਸਕੂਲ਼ ਮੁੱਖੀ…
ਇਸ ਸਬੰਧੀ ਸਕੂਲ਼ ਮੁੱਖੀ ਸ੍ਰੀ ਵਿਜੇ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਧਾਰਾ 144 ਨੂੰ ਬਰਕਰਾਰ ਰੱਖਣਾ ਪੁਲੀਸ ਦਾ ਕੰਮ ਹੈ ਅਤੇ ਸਕੂਲ਼ ਅੰਦਰ ਕਿਸੇ ਨੂੰ ਵੀ ਦਾਖਲ ਹੋਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਸਕੂਲ਼ ਦੇ ਸਿਆਸੀਕਰਨ ਤੇ ਪ੍ਰਬੰਧਾਂ ਤੋਂ ਦੁਖੀ ਹਨ ਅਤੇ ਇਸ ਸਬੰਧੀ ਉਹਨਾਂ ਦੀ ਜ਼ਿਲਾ ਸਿੱਖਿਆ ਅਫਸਰ ਅਮਰਦੀਪ ਨਾਲ ਗੱਲ ਹੋ ਚੁੱਕੀ ਹੈ, ਉਹ ਅਪ੍ਰੈਲ ਵਿੱਚ ਇੱਥੋਂ ਆਪਣੀ ਬਦਲੀ ਕਰਵਾਉਣ ਲਈ ਬੇਨਤੀ ਪੱਤਰ ਲਿਖ ਰਹੇ ਹਨ।
ਕੀ ਕਹਿੰਦੇ ਹਨ ਨਕਲ ਰੋਕੂ ਉਡਨ ਦਸਤੇ ਦੇ ਤਹਿਸੀਲ ਅਜਨਾਲਾ ਦੇ ਇੰਚਾਰਜ਼-
ਨਕਲ ਰੋਕੂ ਉਡਣ ਦਸਤੇ ਦੇ ਤਹਿਸੀਲ ਇੰਚਾਰਜ਼ ਪ੍ਰਿੰਸੀਪਲ ਮੈਡਮ ਨਰਿੰਦਰ ਕੌਰ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਹ ਜ਼ਿਲਾ ਸਿੱਖਿਆ ਅਫਸਰ ਦੀਆਂ ਹਦਾਇਤਾਂ ਉੱਤੇ ਪੂਰੀ ਤਰਾਂ ਕਾਇਮ ਹਨ ਅਤੇ ਕਿਸੇ ਨੂੰ ਵੀ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾਂ ਨਹੀਂ ਕਰਨ ਦਿੱਤੀ ਜਾਵੇਗੀ।ਉਹਨਾਂ ਕਿਹਾ ਸੁਧਾਰ ਸਕੂਲ਼ ਦਾ ਮਸਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹਨਾਂ ਨੇ ਇੱਕ ਟੀਮ ਸਬੰਧਿਤ ਸਕੂਲ਼ ਵੱਲ ਰਵਾਨਾ ਕਰ ਦਿੱਤੀ ਹੈ।
ਕੀ ਕਹਿੰਦੇ ਹਨ ਜ਼ਿਲਾ ਸਿੱਖਿਆ ਅਫਸਰ- ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਅਮਰਦੀਪ ਸਿੰਘ ਨੇ ਕਿਹਾ ਕਿ ਸੁਧਾਰ ਸਕੂਲ਼ ਬਾਰੇ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਉਹ ਵਿਸ਼ੇਸ਼ ਜਾਂਚ ਕਰਕੇ ਸਬੂਤਾਂ ਦੇ ਅਧਾਰ ‘ਤੇ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ।
Punjab Post Daily Online Newspaper & Print Media