ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ ਬਿਊਰੋ- ਦੀਪ ਦਵਿੰਦਰ ਸਿੰਘ)- ਅਲਫਾਜ਼ ਥੀਏਟਰ ਆਰਗੇਨਾਇਜੇਸ਼ਨ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਅਤੇ ਸੁਦੇਸ਼ ਵਿੰਕਲ, ਜਸਵੰਤ ਮਿੰਟੂ ਤੇ ਮਨਦੀਪ ਘਈ ਦਾ ਡਾਇਰੈਕਟ ਕੀਤਾ ਪੰਜਾਬੀ ਨਾਟਕ ‘15 ਅਗਸਤ’ ਪੇਸ਼ ਕੀਤਾ ਗਿਆ।
ਇਸ ਵਿੱਚ ਅਲਫਾਜ ਐਕਟਿੰਗ ਅਕੈਡਮੀ ਦੇ ਕਲਾਕਾਰਾਂ ਨੇ ਭਾਗ ਲਿਆ। ਨਾਟਕ ਵਿੱਚ ਦੇਸ਼ ਦੇ ਮੌਜੂਦ ਹਲਾਤਾਂ, ਸਮਾਜਿਕ, ਆਰਥਿਕ ਤੇ ਸਿਆਸੀ ਤਾਣੇ-ਬਾਣੇ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ।ਇਸ ਨਾਟਕ ਵਿਚਲਾ ਬਿਰਤਾਂਤ ਕਿਸੇ ਵੀ ਸਭਿਆਚਾਰ, ਦੇਸ਼ ਤੇ ਸਥਾਨ ਦੇ ਵਿੱਚ ਵਾਪਰਿਆ ਹੋਇਆ ਕਿਹਾ ਜਾ ਸਕਦਾ ਹੈ ਜਿਸ ਵਿੱਚ ਗਰੀਬ ਅਤੇ ਹਾਲਾਤਾਂ ਤੋਂ ਮਜ਼ਬੂਰ ਤਬਕੇ ਦੀ ਬੇਬਸੀ ਤੇ ਅਫ਼ਸਰਸ਼ਾਹੀ ਤੇ ਸਿਆਸੀ ਆਪੋ ਧਾਪੀ ਦੀ ਗਾਥਾ ਜ਼ਾਹਿਰ ਹੁੰਦੀ ਹੈ। ਅਜ਼ਾਦ ਦੇਸ਼ ਦੇ ਨਾਗਰਿਕਾਂ ਦੀ ਆਪਣੇ ਹੀ ਲੋਕਾਂ ਦੀ ਗੁਲਾਮੀ ਦੇ ਖਿਲਾਫ਼ ਬਾਰ-ਬਾਰ ਅਵਾਜ਼ ਉਠਾਉਣ ਤੇੇ ਸਜ਼ਾ ਪਾਉਣ, ਆਪਣੇ ਸੰਵਿਧਾਨਿਕ ਹੱਕਾਂ ਤੋਂ ਵਾਂਝਿਆ ਕੀਤੇ ਜਾਣ, ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਲਈ ਤਿਲ-ਤਿਲ ਮਰਨ ਤੇ ਆਪਣੇ ਹੀ ਘਰ ਵਿਚੋਂ ਕੱਢੇ ਜਾਣ ਅਤੇ ਜ਼ਿੰਦਗੀ ਦੇ ਕਰਾਰੇ ਥਪੇੜਿਆ ਨੂੰ ਝੇਲਦੇ ਇਕ ਆਮ ਇਨਸਾਨ ਦੀ ਕਹਾਣੀ ਹੈ 15 ਅਗਸਤ।ਇਸ ਨਾਟਕ ਵਿੱਚ ਅਸ਼ੋਕ ਅਜ਼ੀਜ਼, ਕਮਲਜੀਤ ਬਿਸ਼ਟ, ਹਨੀਸ਼ ਰਾਜਪੂਤ, ਕਾਜ਼ਲ ਸ਼ਰਮਾ, ਹਾਰੂਨ ਅਰੋੜਾ, ਪਵਿੱਤਰ ਸਿੰਘ, ਹਨੀ ਸ਼ਰਮਾ, ਕ੍ਰਿਸ਼ਨ, ਜੈ ਕੁਮਾਰ, ਜਾਏਸ਼ ਕਪੂਰ ਅਤੇ ਸਕਸ਼ਮ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜਨਰਲ ਸਕੱਤਰ ਨਾਟਕਕਾਰ ਜਗਦੀਸ਼ ਸਚਦੇਵਾ, ਜਸਵੰਤ ਸਿੰਘ ਜੱਸ, ਹਰਿੰਦਰ ਸੋਹਲ, ਦਲਜੀਤ ਅਰੋੜਾ, ਗੁਲਸ਼ਨ ਸੱਗੀ, ਹਰਦੀਪ ਗਿੱਲ, ਅਮਰਪਾਲ ਆਦਿ ਦਰਸ਼ਕ ਹਾਜ਼ਰ ਸਨ।
Check Also
ਨਗਰ ਕੌਂਸਲ ਜੰਡਿਆਲਾ ਗੁਰੂੂ ਦੀ ਜਿੱਤ ਉਪਰੰਤ ਈ.ਟੀ.ਓ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ਵਿੱਚੋਂ 13 ਸੀਟਾਂ …
Punjab Post Daily Online Newspaper & Print Media