Sunday, April 26, 2026

ਗੁਰਮੇਹਰ ਕੌਰ ਨੂੰ ਬਲਾਤਕਾਰ ਕਰਨ ਦੀਆਂ ਧਮਕੀਆਂ ਦੇਣ ਵਾਲਿਆਂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਹੋਵੇ- ਤਰਕਸ਼ੀਲ ਸੁਸਾਇਟੀ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਵਿਖੇ ਆਰ.ਐਸ.ਐਸ ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਵਲੋਂ ਜਮਹੂਰੀਅਤ ਪੱਖੀ ਪ੍ਰਗਤੀਸ਼ੀਲ ਵਿਦਿਆਰਥੀਆਂ ਉਤੇ ਯੋਜਨਾਬੱਧ ਢੰਗ ਨਾਲ ਜਾਨਲੇਵਾ ਹਮਲਾ ਕੀਤੇ ਜਾਣ ਅਤੇ ਇਕ ਕਾਲਜ ਵਿਖੇ ਸੈਮੀਨਾਰ ਨੂੰ ਜਬਰਦਸਤੀ ਬੰਦ ਕਰਾਉਣ ਦੀ ਫਾਸ਼ੀਵਾਦੀ ਕਾਰਵਾਈ ਦੀ ਸਖ਼ਤ ਨਿੰਦਿਆਂ ਕਰਦਿਆਂ ਦਿੱਲੀ ਪੁਲੀਸ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੀ ਹੋਈ ਵਿਸ਼ੇਸ਼ ਮੀਟਿੰਗ ਮਗਰੋਂ ਜਥੇਬੰਦਕ ਮੁਖੀ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ ਅਤੇ ਅਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਆਰ.ਐਸ.ਐਸ ਵਲੋਂ ਜੇ.ਐਨ.ਯੂ, ਦਿੱਲੀ ਯੂਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਫਾਸ਼ੀਵਾਦੀ ਹਿੰਦੂਤਵ ਦਾ ਲੋਕ ਵਿਰੋਧੀ ਏਜੰਡਾ ਠੋਸਣ ਲਈ ਏ.ਬੀ.ਵੀ.ਪੀ ਰਾਹੀਂ ਵਿਦਿਆਰਥੀਆਂ ਦੀ ਸਮਾਜਿਕ ਮੁਦਿਆਂ ਸਬੰਧੀ ਬੋਲਣ ਅਤੇ ਵਿਚਾਰ ਪ੍ਰਗਟਾਉਣ ਦੀ ਆਜਾਦੀ ਦੇ ਸੰਵਿਧਾਨਕ ਹੱਕ ਉਤੇ ਪਾਬੰਦੀ ਲਾਉਣ ਦੀ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਸਭ ਦਿੱਲੀ ਪੁਲੀਸ ਅਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੁਮੀਤ ਸਿੰਘ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਸਾਮਰਾਜਪੱਖੀ ਆਰਥਿਕ ਤੇ ਸਮਾਜਿਕ ਨੀਤੀਆਂ ਅਤੇ ਹਿੰਦੂਤਵੀ ਫਾਸ਼ੀਵਾਦ ਦੇ ਖਿਲਾਫ ਸਮੁੱਚੇ ਦੇਸ਼ ਵਿਚੋਂ ਉਠ ਰਹੀਆਂ ਵਿਰੋਧੀ ਜਮਹੂਰੀ ਲਹਿਰਾਂ ਨੂੰ ਅਖੌਤੀ ਰਾਸ਼ਟਰਵਾਦ ਦੀ ਆੜ ਹੇਠ ਦਬਾਉਣ ਲਈ ਲੇਖਕਾਂ, ਬੁੱਧੀਜੀਵੀਆਂ, ਵਿਦਿਆਰਥੀਆਂ, ਪੱਤਰਕਾਰਾਂ, ਆਦਿ ਵਾਸੀਆਂ ਅਤੇ ਵਿਗਿਆਨਕ ਸੋਚ ਦੇ ਧਾਰਨੀਆਂ ਉਤੇ ਜਾਨਲੇਵਾ ਹਮਲੇ ਕਰਨ ਦੇ ਨਾਲ ਨਾਲ ਦੇਸ਼ ਧ੍ਰੋਹ ਦੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਜੋ ਕਿ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੇ ਹੱਕ ਦੀ ਸਰਾਸਰ ਉਲੰਘਣਾ ਹੈ ਅਤੇ ਮੋਦੀ ਸਰਕਾਰ ਦੀ ਅਣਐਲਾਨੀ ਐਮਰਜੈਂਸੀ ਹੈ।
ਉਨ੍ਹਾਂ ਏ.ਬੀ.ਵੀ.ਪੀ ਦੀ ਗੁੰਡਾਗਰਦੀ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਵਿਦਿਆਰਥਣ ਗੁਰਮੇਹਰ ਕੌਰ ਨੂੰ ਬਲਾਤਕਾਰ ਕਰਨ ਦੀਆਂ ਸ਼ਰੇਆਮ ਧਮਕੀਆਂ ਦੇਣ ਵਾਲਿਆਂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਤਰਕਸ਼ੀਲ ਆਗੂਆਂ ਨੇ ਦੋਸ਼ ਦੀਆਂ ਸਮੂਹ ਪ੍ਰਗਤੀਸ਼ੀਲ ਸਾਹਿਤਕ, ਸਮਾਜਿਕ, ਸਭਿਆਚਾਰਕ, ਜਨਤਕ ਅਤੇ ਖਾਸ ਕਰਕੇ ਵਿਦਿਆਰਥੀਆਂ ਤੇ ਅਧਿਆਪਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਦੀ ਸਰਪ੍ਰਸਤੀ ਹੇਠ ਦੇਸ਼ ਵਿਚ ਹਿਟਲਰੀ ਫਾਸ਼ੀਵਾਦ ਫੈਲਾਉਣ ਵਾਲੀਆਂ ਫਿਰਕੂ ਜਥੇਬੰਦੀਆਂ ਦੇ ਜਬਰ ਦਾ ਜਥੇਬੰਦਕ ਪਧਰ ਤੇ ਇਕਜੁਟ ਹੋ ਕੇ ਡਟਵਾਂ ਵਿਰੋਧ ਕਰਨ ਲਈ ਅੱਗੇ ਆਉਣ ਤਾਂ ਕਿ ਦੇਸ਼ ਦੇ ਬਹੁ-ਸਭਿਆਚਾਰਕ ਅਤੇ ਜਮਹੂਰੀ ਢਾਂਚੇ ਨੂੰ ਬਚਾਇਆ ਜਾ ਸਕੇ। ਇਸ ਮੌਕੇ ਤਰਕਸ਼ੀਲ ਆਗੂ ਬਲਦੇਵ ਰਾਜ ਵੇਰਕਾ, ਸੁਖਮੀਤ ਸਿੰਘ, ਮੇਜਰ ਸਿੰਘ, ਧਰਵਿੰਦਰ ਕੋਹਾਲੀ, ਜਸਪਾਲ ਬਾਸਰਕਾ, ਦਮਨਜੀਤ ਕੌਰ, ਨਾਗਰ ਮੱਲ, ਬਲਦੇਵ ਸਿੰਘ ਅਤੇ ਰਾਜ ਕੁਮਾਰ ਵੇਰਕਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply