ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਚਾਰ ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 11 ਮਾਰਚ ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜਿਆਂ ਲਈ ਜ਼ਿਲੇ ਅੰਦਰ ਬਣਾਏ ਗਏ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਕਾਊਟਿੰਗ ਸੈਂਟਰਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਵੱਲੋਂ ਸਬੰਧਤ ਰਿਟਰਨਿੰਗ ਅਫ਼ਸਰ ਤੇ ਹੋਰ ਅਧਿਕਾਰੀਆਂ ਨੂੰ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਜਾਣਕਾਰੀ ਅਤੇ ਲੋੜੀਂਦੇ ਆਦੇਸ਼ ਵੀ ਦਿੱਤੇੇ। ਉਨਾਂ ਦੱਸਿਆ ਕਿ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਪਰ ਪੋਲਿੰਗ ਏਜੰਟਾਂ ਅਤੇ ਸਬੰਧਤ ਸਟਾਫ ਲਈ ਕਾਊਟਿੰਗ ਸਥਾਨਾਂ `ਤੇ 2 ਘੰਟੇ ਪਹਿਲਾਂ ਪਹੰੁਚਣਾ ਲਾਜ਼ਮੀ ਹੋਵੇਗਾ। ਜ਼ਿਲੇ ਦੇ ਵਿਧਾਨ ਸਭਾ ਹਲਕਾ 79-ਜਲਾਲਾਬਾਦ ਅਤੇ 80-ਫਾਜ਼ਿਲਕਾ ਲਈ ਐਸ.ਕੇ.ਬੀ. ਡੀ.ਏ.ਵੀ. ਸੈਨੇਟਰੀ ਸਕੂਲ ਅਤੇ ਹਲਕਾ 81-ਅਬੋਹਰ ਅਤੇ 82-ਬਲੂਆਣਾ ਲਈ ਐਮ.ਆਰ.ਕਾਲਜ ਫਾਜ਼ਿਲਕਾ `ਚ ਬਣਾਏ ਗਏ ਸਟਰਾਂਗ ਰੂਮਾਂ ਵਿਖੇ ਗਿਣਤੀ ਹੋਵੇਗੀ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਹਰ ਹਲਕੇ ਵਿੱਚ ਗਿਣਤੀ ਲਈ 14-14 ਟੇਬਲ ਲਗਾਏ ਜਾਣਗੇ ਅਤੇ ਹਰ ਟੇਬਲ `ਤੇ 1 ਕਾਉਂਟਰ ਸੁਪਰਵਾਈਜ਼ਰ, 1 ਕਾਉਟਿੰਗ ਮਾਇਕਰੋ ਅਬਜ਼ਰਵਰ ਅਤੇ 1 ਕਾਊਟਿੰਗ ਅਸਿਸਟੈਂਟ ਨਿਯੁਕਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਤੀ ਟੇਬਲ ਉਮੀਦਵਾਰਾਂ ਵੱਲੋਂ ਇੱਕ-ਇੱਕ ਏਜੰਟ ਵੀ ਲਗਾਇਆ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚਾਰੇ ਹਲਕਿਆਂ (ਜਲਾਲਾਬਾਦ ਲਈ ਰਜਿੰਦਰ ਪ੍ਰਸਾਦ, ਫਾਜ਼ਿਲਕਾ ਲਈ ਵੀ. ਅਬਰਾਹਮ, ਅਬੋਹਰ ਲਈ ਐਸ. ਡੀ. ਸੁੰਦਰਸ਼ਨ ਅਤੇ ਬਲੂਆਣਾ ਲਈ ਐਲ.ਟੀ. ਡਾਰਲੋਂਗ) ਲਈ ਨਿਯੁਕਤ ਕੀਤੇ ਗਏ ਅਬਜ਼ਰਵਰ ਵੀ ਮੌਕੇ `ਤੇ ਮੌਜੂਦ ਰਹਿਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸਟਰਾਂਗ ਰੂਮਾਂ ਤੋਂ ਗਿਣਤੀ ਸੈਂਟਰਾਂ ਤੱਕ ਈ.ਵੀ.ਐਮ. ਮਸ਼ੀਨਾਂ ਨੂੰ ਲਿਆਉਣ-ਲਿਜਾਣ ਅਤੇ ਗਠਿਤ ਕੀਤੇ ਜਾਣ ਵਾਲੇ ਮੀਡੀਆ ਸੈਂਟਰਾਂ ਤੋਂ ਇਲਾਵਾ ਪਾਰਕਿੰਗ ਅਤੇ ਬੈਰੀਕੇਟਿੰਗ ਆਦਿ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨਾਂ ਖਾਸ ਹਦਾਇਤ ਕੀਤੀ ਕਿ ਕਾਊਟਿੰਗ ਸੈਂਟਰਾਂ ਵਿੱਚ ਕਿਸੇ ਵੀ ਉਮੀਦਵਾਰ, ਉਨਾਂ ਦੇ ਨੁਮਾਇੰਦੇ, ਪੋਲਿੰਗ ਏਜੰਟਾਂ ਆਦਿ ਨੂੰ ਮੋਬਾਈਲ ਅੰਦਰ ਲਿਜਾਉਣ ਦੀ ਪ੍ਰਵਾਨਗੀ ਨਹੀਂ ਹੋਵੇਗੀ। ਇਸ ਮੌਕੇ ਜ਼ਿਲਾ ਪੁਲਿਸ ਮੁੱਖੀ ਕੇਤਨ ਪਾਟਿਲ, ਆਰ.ਓ. ਜਲਾਲਾਬਾਦ ਸ੍ਰੀ ਅਵਿਕੇਸ਼ ਗੁਪਤਾ, ਆਰ.ਓ ਫਾਜ਼ਿਲਕਾ ਸ੍ਰੀ ਵੀ.ਕੇ. ਬਾਂਸਲ, ਆਰ.ਓ. ਅਬੋਹਰ ਸ. ਜਸਪ੍ਰੀਤ ਸਿੰਘ, ਆਰ.ਓ. ਬਲੂਆਣਾ ਸ. ਸੁਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਇੰਦੇ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media