ਨਵੀਂ ਦਿੱਲੀ, 8 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਹਾਊਸ ’ਚ 2 ਕੋ-ਔਪਸ਼ਨ ਮੈਂਬਰਾਂ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।ਕਮੇਟੀ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਉਪਰੰਤ ਅਕਾਲੀ ਦਲ ਦਿੱਲੀ ਇਕਾਈ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਨੌਜਵਾਨ ਆਗੂ ਸਰਵਜੀਤ ਸਿੰਘ ਵਿਰਕ ਨੂੰ ਬਤੌਰ ਪਾਰਟੀ ਉਮੀਦਵਾਰ ਨਾਮਜ਼ਦਗੀ ਭਰਣ ਦੀ ਹਦਾਇਤ ਦਿੱਤੀ ਹੈ।ਦੋਨਾਂ ਉਮੀਦਵਾਰਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਨਾਮਜਦਗੀ ਪੱਤਰ ਵੀ ਦਾਖਿਲ ਕਰ ਦਿੱਤੇ।
ਬੀਤੇ 4 ਸਾਲਾਂ ਦੌਰਾਨ ਜਿਥੇ ਬੀਬੀ ਰਣਜੀਤ ਕੌਰ ਨੇ ਘੱਟਗਿਣਤੀ ਕੌਮਾਂ ਦੀ ਭਲਾਈ ਦੀਆਂ ਸਕੀਮਾਂ ਨੂੰ ਸੰਗਤਾਂ ਵਿਚ ਪਹੁੰਚਾਉਣ ’ਚ ਬਤੌਰ ਸੰਗਤ ਸੇਵਾ ਕੇਂਦਰਾਂ ਦੇ ਮੁੱਖੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਸੀ ਉਥੇ ਹੀ ਕਮੇਟੀ ਦੇ ਸਿਰ ’ਤੇ ਫੀਸ ਮੁਆਫੀ ਦੇ ਆਉਂਦੇ ਭਾਰ ਨੂੰ ਸਰਕਾਰੀ ਸਕੀਮਾਂ ਵੱਲ ਤੋਰ ਕੇ ਕਮੇਟੀ ਨੂੰ ਮਾਨਸਿਕ ਤੌਰ `ਤੇ ਤਾਕਤ ਦਿੱਤੀ ਸੀ। ਪਾਰਟੀ ਵੱਲੋਂ ਬੀਤੇ ਦਿਨੀ ਐਲਾਨੇ ਗਏ 46 ਉਮੀਦਵਾਰਾਂ ਵਿਚ ਇਕ ਵੀ ਮਹਿਲਾ ਨੂੰ ਟਿਕਟ ਨਾ ਦਿੱਤੇ ਜਾਣ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਜੀ.ਕੇ ਨੇ ਕੋ-ਆਪਸ਼ਨ ਰਾਹੀਂ ਇੱਕ ਮਹਿਲਾ ਉਮੀਦਵਾਰ ਨੂੰ ਲਿਆਉਣ ਦਾ ਜੋ ਵਾਅਦਾ ਸੰਗਤ ਨਾਲ ਕੀਤਾ ਸੀ ਉਹ ਵੀ ਹੁਣ ਰਣਜੀਤ ਕੌਰ ਦੀ ਨਾਮਜਦਗੀ ਭਰਨ ਨਾਲ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।
ਰਣਜੀਤ ਕੌਰ ਦੇ ਨਾਮਜਦਗੀ ਭਰਨ ਨਾਲ 51 ਮੈਂਬਰੀ ਹਾਊਸ ’ਚ ਇੱਕ ਮਹਿਲਾ ਮੈਂਬਰ ਦੇ ਪੁੱਜਣ ਦੀ ਸੰਭਾਵਨਾ ਵੱਧ ਗਈ ਹੈ। 2013 ਦੇ ਹਾਊਸ ਵਿਚ ਬੀਬੀ ਦਲਜੀਤ ਕੌਰ ਖਾਲਸਾ ਅਕਾਲੀ ਦਲ ਦੀ ਟਿਕਟ ’ਤੇ ਚੋਣ ਜਿੱਤ ਕੇ ਅਤੇ ਬੀਬੀ ਧੀਰਜ ਕੌਰ ਬਤੌਰ ਸਿੰਘ ਸਭਾ ਪ੍ਰਧਾਨ ਵੱਜੋਂ ਲਾਟਰੀ ਸਿਸਟਮ ਰਾਹੀਂ ਮੈਂਬਰ ਚੁਣੀਆਂ ਗਈਆਂ ਸਨ।ਇਸੇ ਤਰ੍ਹਾਂ ਹੀ ਵਿਰਕ ਵੱਲੋਂ ਵੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਾਨਕ ਪਿਆਊ ਦੇ ਮੈਨੇਜਰ ਵੱਜੋਂ ਲਗਭਗ 2 ਸਾਲ ਤਕ ਨਿਭਾਈ ਗਈ ਸੇਵਾ ਨੂੰ ਪਾਰਟੀ ਨੇ ਮਾਣ ਬਖਸ਼ਿਆ ਹੈ।ਇਥੇ ਇਹ ਦੱਸਣਯੋਗ ਹੈ ਕਿ ਪਿਛਲੀ ਵਾਰੀ 2013 ’ਚ ਉਕਤ ਦੋਨੋਂ ਸੀਟਾਂ ’ਤੇ ਪਾਰਟੀ ਨੇ ਚੋਣ ਹਾਰ ਗਏ ਸੀਨੀਅਰ ਆਗੂ ਕੁਲਮੋਹਨ ਸਿੰਘ ਅਤੇ ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ ਨੂੰ ਉਮੀਦਵਾਰ ਬਣਾ ਕੇ ਕਮੇਟੀ ਮੈਂਬਰ ਬਣਾਇਆ ਸੀ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media