Monday, May 4, 2026

ਵੱਖ-ਵੱਖ ਜਥੇਬੰਦੀਆਂ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ: ਰਘੁਵੀਰ ਸਿੰਘ ਰੰਧਾਵਾ ਜੀ ਦੀ ਪ੍ਰਧਾਨਗੀ ਹੇਠ ਅਰਬਨ ਹੈਲਥ ਸੈਂਟਰ ਪਰਸਰਾਮ ਨਗਰ ਅਤੇ ਆਈ.ਟੀ.ਆਈ ਕਿਊਸਿਕ ਬੇਅੰਤ ਨਗਰ ਬਠਿੰਡਾ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਥੀਮ ਤਹਿਤ ਮਨਾਇਆ ਗਿਆ। ਇਸ ਸਮੇਂ ਡੀ.ਐਮ.ਸੀ ਡਾ: ਐਸ.ਐਸ ਰੋਮਾਣਾ, ਜਿਲਾ ਟੀਕਾਕਰਨ ਅਫਸਰ ਡਾ: ਕੁੰਦਨ ਪਾਲ ਕੁਮਾਰ, ਜਿਲਾ ਪ੍ਰੋਗਰਾਮ ਮੈਨੇਜਰ ਗਾਇਤਰੀ ਮਹਾਜਨ, ਮੈਡੀਕਲ ਅਫਸਰ, ਮਾਸ ਮੀਡੀਆ ਅਧਿਕਾਰੀ, ਪੈਰਾ ਮੈਡੀਕਲ ਸਟਾਫ ਅਧਿਕਾਰੀ, ਪ੍ਰਧਾਨ ਮੋਹਨਜੀਤ ਪੁਰੀ, ਆਸ਼ਾ ਵਰਕਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।ਇਸ ਸਮੇਂ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਸਿਰਫ ਅੱਜ ਦੇ ਦਿਨ ਹੀ ਨਹੀਂ ਹਰ ਸਮੇਂ ਔਰਤ ਦੇ ਹੱਕਾਂ ਦੀ ਗੱਲ ਕਰਨੀ ਹੈ। ਔਰਤ ਨੂੰ ਆਪਣੇ ਅਧਿਕਾਰਾਂ ਪ੍ਰਤੀ ਅਤੇ ਆਲੇ ਦੁਆਲੇ ਬਾਬਤ ਜਾਗਰੂਕ ਹੋਣਾ ਪਵੇਗਾ ਅਤੇ ਉਸ ਨਾਲ ਹੁੰਦੀ ਬੇ-ਇਨਸਾਫੀ ਲਈ ਹੋਰ ਬਹਾਦਰ ਹੋ ਕੇ ਲੜਨਾ ਹੋਵੇਗਾ। ਇਸ ਲਈ ਔਰਤ ਨਾਲ ਸਮਾਜ ਦੇ ਸਹਿਯੋਗ ਦੀ ਵੀ ਜਰੂਰਤ ਹੈ।
ਇਸ ਸਮੇਂ ਮੁਫਤ ਚੈਕਅਪ ਕੈਂਪ ਲਗਾਏ ਗਏ ਜਿਸ ਵਿਚ ਪਹੁੰਚੇ ਮਰੀਜ਼ਾਂ ਦੇ ਸਰੀਰਕ ਟੈਸਟ ਕੀਤੇ ਗਏ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਸਾਰੀਆਂ ਏ.ਐਨ.ਐਮਜ਼ ਅਤੇ ਆਸ਼ਾ ਵਰਕਰਜ਼ ਲਈ ਮੁਫਤ ਪ੍ਰੀਵੈਨਟਿਵ ਹੈਲਥ ਚੈੱਕ-ਅਪ ਵੀ ਕੀਤਾ ਗਿਆ।ਜਿਲਾ ਪਰਿਵਾਰ ਭਲਾਈ ਅਫਸਰ ਡਾ: ਰਵਨਜੀਤ ਕੌਰ ਬਰਾੜ ਨੇ ਕਿਹਾ ਕਿ ਔਰਤ ਸਾਰੇ ਸਮਾਜ ਦੀ ਸਿਰਜਣਹਾਰ ਹੈ ਪਰ ਫਿਰ ਵੀ ਉਸ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈਂਦਾ ਹੈ। ਨਾਰੀ ਇੱਕ ਸ਼ਕਤੀ ਹੈ ਉਸ ਨਾਲ ਹੁੰਦੀ ਬਦਸਲੂਕੀ ਬੰਦ ਕਰਕੇ ਅੱਜ ਤੋਂ ਹੀ ਪ੍ਰਣ ਕਰੀਏ ਕਿ ਹਰ ਵਿਅਕਤੀ ਇੱਕ ਔਰਤ ਦਾ ਭਲਾ ਕਰੇ। ਇਸ ਸਮੇਂ ਡਾ: ਸੁਖਦੇਵ ਸਿੰਘ ਐਮ.ਡੀ. ਨੇ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਅਨੀਮੀਆ, ਸ਼ੂਗਰ ਅਤੇ ਜਿਗਰ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਸੰਬੰਧੀ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਥੋੜੀਆਂ ਜਿਹੀਆਂ ਸਾਵਧਾਨੀਆਂ ਅਤੇ ਸਮੇਂ ਸਿਰ ਜਾਂਚ ਕਰਵਾ ਕੇ ਅਸੀਂ ਗੰਭੀਰ ਰੋਗਾਂ ਤੋਂ ਬਚ ਸਕਦੇ ਹਾਂ। ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਮੇਂ ਸਿਰ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਵਰਤੋਂ ਤੇ ਜ਼ੋਰ ਦਿੱਤਾ ਅਤੇ ਗਰਭ ਅਵਸਥਾ ਸਮੇਂ ਉਚਿਤ ਦੇਖ-ਭਾਲ ਲਈ ਅਤੇ ਸਮੇਂ-ਸਮੇਂ ਤੇ ਡਾਕਟਰੀ ਜਾਂਚ ਲਈ ਮਾਂ ਨੂੰ ਪ੍ਰੇਰਣਾ ਦਿੱਤੀ ਜਾਵੇ। ਔਰਤ ਰੋਗਾਂ ਦੇ ਮਾਹਿਰ ਡਾ: ਰੀਤੂ ਗਰਗ ਨੇ ਔਰਤਾਂ ਵਿਚ ਛਾਤੀ ਦੇ ਕੈਂਸਰ ਤੋਂ ਬਚਾਅ ਸੰਬੰਧੀ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਘਰ ਵਿਚ ਹੀ ਔਰਤ ਖੁਦ ਨਹਾਉਣ ਸਮੇਂ ਛਾਤੀ (ਬਰੈਸਟ) ਦੀ ਜਾਂਚ ਕਰ ਸਕਦੀ ਹੈ। ਜੇਕਰ ਉਸ ਨੂੰ ਕੋਈ ਗੰਢ ਜਾਂ ਬਰੈਸਟ ਦੇ ਅਕਾਰ ਵਿੱਚ ਤਬਦੀਲੀ ਅਤੇ ਨਿਪਲ ਦਾ ਅੰਦਰ ਵੱਲ ਨੂੰ ਧਸਣਾ ਜਾਂ ਲਾਲ ਰੰਗ ਦਾ ਪਾਣੀ ਰਿਸਦਾ ਆਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਈ ਜਾਵੇ। ਲੋੜ ਪੈਣ `ਤੇ ਮੋਮੋਗ੍ਰਾਫੀ ਕਰਵਾ ਕੇ ਕੈਂਸਰ ਦੇ ਸ਼ੱਕ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਸਮੇਂ ਬੇਅੰਤ ਕੌਰ ਏ.ਐਨ.ਐਮ ਨੇ ਦੱਸਿਆ ਕਿ ਔਰਤਾਂ ਯੁੱਧ ਵਿਚ ਵੀ ਮਰਦ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਲੜੀਆਂ ਅਤੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਵੀ ਮਹੱਤਵਪੂਰਨ ਰੋਲ ਅਦਾ ਕੀਤਾ।ਉਨਾਂ ਐਮ.ਪੀ.ਟੀ ਐਕਟ, ਪੀ.ਸੀ.ਪੀ.ਐਨ.ਡੀ.ਟੀ, ਯੋਨ ਸ਼ੋਸਣ, ਦਾਜ-ਦਹੇਜ਼ ਸੰਬੰਧੀ ਕਾਨੂੰਨ, ਜ਼ੋ ਔਰਤ ਨੂੰ ਇਨਸਾਫ ਦਿੰਦੇ ਹਨ ਬਾਰੇ ਦੱਸਿਆ। ਪਰੰਤੂ ਔਰਤ ਤੇ ਹੁੰਦੇ ਅਪਰਾਧਾਂ ਦੀ ਗਿਣਤੀ ਵਿੱਚ ਫਿਰ ਵੀ ਵਾਧਾ ਹੋ ਰਿਹਾ ਹੈ। ਉਨਾਂ ਨੇ ਦੱਸਿਆ ਕਿ ਜੇਕਰ ਔਰਤ ਨੂੰ ਕਿਸੇ ਸਹਾਇਤਾ ਦੀ ਜਰੂਰਤ ਹੈ ਤਾਂ ਵੁਮੈਨ ਹੈਲਪ ਨੰ: 1091 ਤੋਂ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply