Tuesday, June 16, 2026

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਗਿਆ

PPN0903201701ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫਰੀਦ ਕਾਲਜ ਆਫ਼ ਐਜੂਕੇਸ਼ਨ ਵੱਲੋਂ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਗਿਆ ਜਿਸ ਵਿੱਚ ਸੀ੍ਰਮਤੀ ਸ਼ਾਕਸੀ ਸਾਹਨੀ ( ਆਈ.ਏ.ਐਸ), ਐਸ. ਡੀ. ਐਮ., ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰਜ਼, ਸੰਸਥਾ ਦੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪਿ੍ਰੰਸੀਪਲ, ਵਿਭਾਗ ਮੁਖੀ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਸਮਾਗਮ ਦੀ ਸ਼ੁਰੂਆਤ ਆਏ ਹੋਏ ਮੁੱਖ ਮਹਿਮਾਨ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ।
ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਅਤੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਔਰਤ ਅਤੇ ਮਰਦ ਸਮਾਜ ਰੂਪੀ ਗੱਡੀ ਦੇ ਇਕੋ ਜਿਹੇ ਦੋ ਪਹੀਏ ਹਨ ਅਤੇ ਦੋਵਾਂ ਦਾ ਮੋਢੇ ਨਾਲ ਮੋਢੇ ਮਿਲਾ ਕੇ ਚੱਲਣਾ ਜ਼ਰੂਰੀ ਹੈ ਤਾਂ ਜੋ ਅਸੀਂ ਇਕ ਨਰੋਏ ਸਮਾਜ ਦੀ ਉਸਾਰੀ ਕਰ ਸਕੀਏ। ਔਰਤ ਜੱਗ ਦੀ ਜਨਣੀ ਹੈ ਸਾਨੂੰ ਸਾਰਿਆਂ ਨੂੰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਦਾਜ ਦਹੇਜ, ਭਰੂਣ ਹੱਤਿਆ, ਨਸ਼ੇ ਆਦਿ ਸਮਾਜਿਕ ਬੁਰਾਈਆਂ ਬਾਰੇ ਸੁਚੇਤ ਕੀਤਾ। ਉਨਾਂ ਨੇ ਕਿਹਾ ਕਿ ਜੇਕਰ ਅਸੀਂ ਔਰਤ ਨੂੰ ਬਰਾਬਰ ਦਾ ਦਰਜਾ ਦੇਵਾਂਗੇ ਤਾਂ ਹੀ ਅਸਲ ਰੂਪ ਵਿੱਚ ਇਸ ਦਿਨ ਨੂੰ ਮਨਾਉਣਾ ਸਾਰਥਿਕ ਹੋਵੇਗਾ। ਇਸ ਮੌਕੇ ਔਰਤ ਸਟਾਫ਼ ਮੈਂਬਰਾਂ ਲਈ ‘ਪੇਡ ਮੈਟਰਨਿਟੀ ਲੀਵ’ ਦਾ ਐਲਾਨ ਕਰਦਿਆਂ ਉਨਾਂ ਨੇ ਕਿਹਾ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਪਹਿਲਾਂ ਅਜਿਹਾ ਪ੍ਰਾਈਵੇਟ ਵਿੱਦਿਅਕ ਅਦਾਰਾ ਹੋਵੇਗਾ ਜਿਥੇ ਗਰਭਵਤੀ ਸਟਾਫ਼ ਮੈਂਬਰਾਂ ਨੂੰ ਜਣੇਪਾ ਛੁੱਟੀ ਦੌਰਾਨ ਵੀ ਤਨਖਾਹ ਦਿੱਤੀ ਜਾਵੇਗੀ। ਇਸ ਐਲਾਨ ਦਾ ਨਿੱਘਾ ਸਵਾਗਤ ਕਰਦਿਆਂ ਸੰਸਥਾ ਦੀਆਂ ਔਰਤ ਸਟਾਫ਼ ਮੈਂਬਰਾਂ ਨੇ ਆਪਣੀ ਖੁਸ਼ੀ ਜਾਹਿਰ ਕੀਤੀ ਅਤੇ ਸੰਸਥਾਂ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ ।
ਮੁੱਖ ਮਹਿਮਾਨ ਐਸ.ਡੀ.ਐਮ ਨੇ ਇਸ ਮੌਕੇ ਸੰਬੋਧਨ ਕਰਦਿਆਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸਲਾਘਾ ਕੀਤੀ। ਉਨਾਂ ਕਿਹਾ ਕਿ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਮਰਦਾਂ ਦੇ ਬਰਾਬਰ ਹੱਕ ਰੱਖਦੀਆਂ ਹਨ। ਉਹਨਾਂ ਨੇ ਕਿਹਾ ਕਿ ਸਮਾਜ ਵਿਚੋਂ ਬੁਰਾਈਆਂ ਦੇ ਖ਼ਾਤਮੇ ਲਈ ਤੇ ਪਰਿਵਾਰ ਨੂੰ ਸਿੱਖਿਅਤ ਕਰਨ ਲਈ ਔਰਤ ਨੂੰ ਸਿੱਖਿਅਤ ਕਰਨਾ ਲਾਜ਼ਮੀ ਹੈ। ਉਨਾਂ ਨੇ ਦਾਜ ਪ੍ਰਥਾ , ਭਰੂਣ ਹੱਤਿਆ, ਘਰੇਲੂ ਹਿੰਸਾ, ਛੇੜ ਛਾੜ ਆਦਿ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਨੋਜਵਾਨ ਪੀੜੀ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਸਮਾਜ ਵਿੱਚ ਔਰਤਾਂ ਦੇ ਅਹਿਮ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਕਿਹਾ ਕਿ ਕੇਵਲ ਲੜਕੇ ਹੀ ਨਹੀਂ ਸਗੋਂ ਲੜਕੀਆਂ ਵੀ ਮਾਪਿਆਂ ਦਾ ਸਹਾਰਾ ਬਣਦੀਆਂ ਹਨ। ਉਨਾਂ ਨੇ ਜ਼ੋਰ ਦਿੰਦਿਆਂ ਕਿਹਾ ਔਰਤਾਂ ਨੂੰ ਆਪਣੀ ਸੋਚ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਅਤੇ ਮਰਦ ਪ੍ਰਧਾਨ ਸਮਾਜ ਨੂੰ ਵੀ ਔਰਤਾਂ ਪ੍ਰਤੀ ਸੁਹਿਰਦ ਸੋਚ ਅਪਨਾਉਣੀ ਚਾਹੀਦੀ ਹੈ। ਅਖੀਰ ਵਿੱਚ ਉਹਨਾਂ ਨੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ।
ਇਸ ਪ੍ਰੋਗਰਾਮ ਦੌਰਾਨ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਸੰਬੰਧੀ ਵਿਦਿਆਰਥੀਆਂ ਦੇ ਭਾਸ਼ਣ ਅਤੇ ਕਵਿਤਾ ਉਚਾਰਣ ਦੇ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲੇ ’ਚ ਵਿਦਿਆਰਥਣ ਅਮਨਜੀਤ ਕੌਰ ਨੇ ਪਹਿਲਾ ਸਥਾਨ, ਗੁਰਬਖਸ਼ੀਸ਼ ਸਿੰਘ ਨੇ ਦੂਜਾ ਸਥਾਨ ਅਤੇ ਰੁਪਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ ਕਵਿਤਾ ਉਚਾਰਣ ਦੇ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ ਦੀ ਮਨਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋ ਕਿ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੀ ਹਰੀਮਾ ਨੇ ਦੂਜਾ ਸਥਾਨ ਅਤੇ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਵੰਡੇ ਗਏ। ਅੰਤ ਵਿੱਚ ਸੰਸਥਾ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply