ਆਦੇਸ਼ ਪ੍ਰਤਾਪ ਸਿੰਘ ਕੈਂਰੋ ਵੱਲੋਂ ਜਿਲ੍ਹਾ ਖਪਤਕਾਰ ਫੋਰਮ ਦੀ ਨਵੀਂ ਇਮਾਰਤ ਦਾ ਉਦਘਾਟਨ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ)- ‘ਗਾਹਕ ਜਾਗਰੂਕਤਾ ਮੁਹਿੰਮ ਵਿਚ ਅੱਗੇ ਆਉਣ ਵਾਲੀਆਂ ਗੈਰ ਸਰਕਾਰੀ ਸੰਸਥਾਵਾਂ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ। ਇਹ ਫੋਰਮ ਤੁਹਾਡੇ ਹੱਕਾਂ ਦੀ ਰਾਖੀ ਲਈ ਹੈ ਅਤੇ ਇਹ ਆਪਣੇ ਮਨੋਰਥ ‘ਤੇ ਡਟੀ ਰਹੇਗੀ। ‘ ਉਕਤ ਸ਼ਬਦਾਂ ਦਾ ਪ੍ਰਗਟਾਵਾ ਸ. ਆਦੇਸ਼ ਪ੍ਰਤਾਪ ਸਿੰਘ ਕੈਰੋ,ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਸੂਚਨਾ ਤਕਨਾਲੌਜੀ ਮੰਤਰੀ ਪੰਜਾਬ ਨੇ ਜ਼ਿਲਾ ਖਪਤਕਾਰ ਫੋਰਮ ਦੀ ਨਵੀਂ ਇਮਾਰਤ ਦਾ ਉਦਾਘਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਪੇਸ਼ ਆਉਂਦੀਆਂ ਤਕਲੀਫਾਂ ਦਾ ਜੋ ਵੀ ਮਾਮਲਾ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਫੋਰਮ ਕੋਲ ਲੈ ਕੇ ਆਉਂਦਾ ਹੈ ਅਸੀਂ ਉਸਨੂੰ ਛੇਤੀ ਤੋਂ ਛੇਤੀ ਨਿਪਟਾ ਕੇ ਸਬੰਧਤ ਧਿਰ ਕੋਲੋਂ ਬਣਦਾ ਮੁਆਵਜ਼ਾ ਦਿਵਾ ਦਿੰਦੇ ਹਾਂ। ਇਸ ਤਰਾਂ ਇਹ ਗਾਹਕਾਂ ਦੀਆਂ ਸਮੱਸਿਆਵਾਂ ਲਈ ਸਭ ਤੋਂ ਸਸਤਾ ਤੇ ਢੁਕਵਾਂ ਹੱਲ ਹੈ। ਉਨ੍ਹਾਂ ਇਸ ਇਮਾਰਤ ਵਿਚ ਗਾਹਕਾਂ ਲਈ ਕਾਨਫਰੰਸ ਹਾਲ ਅਤੇ ਅਦਾਲਤ ਨੂੰ ਵਾਤਾਅਨਕੂਲ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਗਾਹਕ ਜਾਗਰੂਕਤਾ ਲਈ ਵੱਖ-ਵੱਖ ਖੇਤਰ ਨਾਲ ਸਬੰਧਤ ਐਸੋਸੀਏਸ਼ਨ ਬਨਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕਰਦੇ ਜਸਟਿਸ ਗਰੁਦੇਵ ਸਿੰਘ, ਪ੍ਰਧਾਨ ਪੰਜਾਬ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਕਿਹਾ ਕਿ ਫੋਰਮ ਦੀ ਜ਼ਿਲ੍ਹਾ ਇਕਾਈ ੨੦ ਲੱਖ ਰੁਪਏ ਤੱਕ ਦੇ ਮਾਮਲੇ ਨਿਪਟਾਉਣ ਦਾ ਹੱਕ ਰੱਖਦੀ ਹੈ ਅਤੇ ਅਸੀਂ ਹਰ ਮਹੀਨੇ ਇਕ ਸੌ ਤੋਂ ਵੱਧ ਕੇਸ ਨਿਪਟਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅਪੀਲ ਜ਼ਿਲਾ ਫੋਰਮ ਤੋਂ ਰਾਜ ਕਮਿਸ਼ਨ ਅਤੇ ਰਾਜ ਕਮਿਸ਼ਨ ਤੋਂ ਰਾਸ਼ਟਰੀ ਕਮਿਸ਼ਨ ਕੋਲ ਕੀਤੀ ਜਾ ਸਕਦੀ ਹੈ ਅਤੇ ਆਖਰੀ ਅਪੀਲ ਕੇਵਲ ਤੇ ਕੇਵਲ ਸੁਪਰੀਮ ਕੋਰਟ ਵਿਚ ਕੀਤੀ ਜਾ ਸਕਦੀ ਹੈ।ਇਸ ਮੌਕੇ ਸ੍ਰੀ ਡੀ ਐਸ ਗਰੇਵਾਲ (ਆਈ ਏ ਐਸ) ਸੈਕਟਰੀ ਖੁਰਾਕ ਤੇ ਸਿਵਲ ਸਪਲਾਈ, ਡਾਇਰੈਕਟਰ ਸ. ਸਤਵੰਤ ਸਿੰਘ ਜੌਹਲ, ਜਸਟਿਸ ਐਚ ਐਸ ਧਾਲੀਵਾਲ, ਡੀ ਟੀ ਓ ਸ੍ਰੀ ਰਜਤ ਉਬਰਾਏ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।