Monday, June 16, 2025
Breaking News

ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਅਰੰਭ

ਸ਼੍ਰੋਮਣੀ ਕਮੇਟੀ ਸਥਾਪਨਾ ਦਿਵਸ ਨੂੰ ਸਮਰਪਿਤ 3 ਲੱਖ 50  ਬੂਟੇ ਲਗਾਏਗੀ-   ਜਥੇ: ਅਵਤਾਰ ਸਿੰਘ

PPN190620

ਅੰਮ੍ਰਿਤਸਰ (ਸ੍ਰੀ ਅਨੰਦਪੁਰ ਸਾਹਿਬ), 19  ਜੂਨ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦਾ 350  ਸਾਲਾ ਸਥਾਪਨਾ ਦਿਵਸ ਮਨਾਉਣ ਲਈ ਅਰੰਭਤਾ ਕੀਤੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਭੋਰਾ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਕੀਤੀ ਅਤੇ ਹੁਕਮਨਾਮਾ ਗਿਆਨੀ ਸੁਖਵਿੰਦਰ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਲਿਆ ਉਪਰੰਤ ਦਸਮੇਸ਼ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮਾਂ ਦੀ ਅਰੰਭਤਾ ਸਮੇਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਥਾ ਵੀਚਾਰ ਰਾਹੀਂ ਅਤੇ ਭਾਈ ਸਤਿੰਦਰਬੀਰ ਸਿੰਘ ਤੇ ਭਾਈ ਰਾਇ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥਿਆਂ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰਮਤਿ ਸਮਾਗਮ ਦੀ ਸਮਾਪਤੀ ਉਪਰੰਤ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਹੁਕਮਨਾਮਾ ਲਿਆ।ਇਸ ਸਮੇਂ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਦੇ ਨਾਮਪੁਰ ਇਸ ਪਵਿੱਤਰ ਨਗਰ ਦਾ ਨਾਮ ‘ਚੱਕ ਨਾਨਕੀ’ ਰੱਖ ਕੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਨੂੰ ਸਿੱਖੀ ਉਤੇ ਮਾਣ ਕਰਦਿਆਂ ਅੰਮ੍ਰਿਤ ਛਕਣਾ ਚਾਹੀਦਾ ਹੈ ਅਤੇ ਸਿੰਘ ਸਜੋ ਲਹਿਰ ਅਰੰਭ ਕਰਨੀ ਚਾਹੀਦੀ ਹੈ ਤਾਂ ਕਿ ਪਤਿਤਪੁਣੇ ਤੇ ਨਸ਼ਿਆਂ ਨੂੰ ਠੱਲ ਪੈ ਸਕੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਮੁੱਚੇ ਖਾਲਸਾ ਪੰਥ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ।ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 19 ਜੂਨ  ਨੂੰ ਸ੍ਰੀ ਅਨੰਦਪੁਰ ਸਾਹਿਬ ਦਾ 350ਵਾਂ ਸਥਾਪਨਾ ਦਿਵਸ ਮਨਾਇਆ ਜਾਣਾ ਹੈ ਜਿਸ ਦੀ ਅਰੰਭਤਾ ਅੱਜ ਹੋਈ ਹੈ। ਸਾਲ ਭਰ ਚੱਲਣ ਵਾਲੇ ਇਨ੍ਹਾਂ ਗੁਰਮਤਿ ਸਮਾਗਮਾਂ ਰਾਹੀਂ ਸਮੁੱਚੀਆਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 350ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਵਿਸ਼ੇਸ਼ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ, ਤਖਤ ਸ੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ (ਬਠਿੰਡਾ), ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ), ਤਖਤ ਸ੍ਰੀ ਹਜ਼ੂਰ ਸਾਹਿਬ, ਕੁਰੂਕਸ਼ੇਤਰ ਤੇ ਦਿੱਲੀ ਤੋਂ ਆਉਣਗੇ। ਉਨ੍ਹਾਂ ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਦਮਦਮੀ ਟਕਸਾਲ, ਸਿੰਘ ਸਭਾਵਾਂ ਆਦਿ ਨੂੰ ਬੇਨਤੀ ਕੀਤੀ ਵੱਧ ਤੋਂ ਵੱਧ ਇਨ੍ਹਾਂ ਨਗਰ ਕੀਰਤਨਾਂ ਤੇ ਧਾਰਮਿਕ ਸਮਾਗਮਾਂ ‘ਚ ਹਿੱਸਾ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਸਿੱਖ ਆਪਣੇ ਪ੍ਰੀਵਾਰ ਸਮੇਤ ਜੂਨ 2015 ਤੱਕ ਘੱਟੋ-ਘੱਟ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਜਰੂਰ ਕਰੇ। ਉਨ੍ਹਾਂ ਕਿਹਾ ਕਿ 350ਵੇਂ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੀ ਧਰਤੀ ਤੇ 3 ਲੱਖ 50 ਹਜ਼ਾਰ ਬੂਟੇ ਲਗਾਏ ਜਾਣਗੇ ਤਾਂ ਕਿ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੁੱਚੇ ਪ੍ਰੋਗਰਾਮ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਦੇਖ-ਰੇਖ ਹੇਠ ਹੋਣਗੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਪ੍ਰੋ.ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਪਾਰਲੀਮੈਂਟ, ਸ.ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਸਤਨਾਮ ਸਿੰਘ ਨੀਲਧਾਰੀ, ਬਾਬਾ ਭਾਗ ਸਿੰਘ ਨੇ ਵੀ ਜੁੜੀਆਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਮੰਚ ਦੀ ਸੇਵਾ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ।ਇਸ ਮੌਕੇ ਸ.ਕਰਨੈਲ ਸਿੰਘ ਪੰਜੋਲੀ ਤੇ ਸ.ਭਜਨ ਸਿੰਘ ਸ਼ੇਰਗਿੱਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਦਰਬਾਰ ਸਿੰਘ ਛੀਨੀਵਾਲ, ਸ.ਗੁਰਬਖਸ਼ ਸਿੰਘ ਖਾਲਸਾ, ਸ.ਹਰਬੰਸ ਸਿੰਘ ਮੰਝਪੁਰ, ਸ.ਗੁਰਚਰਨ ਸਿੰਘ ਗਰੇਵਾਲ, ਸ.ਦਲਜੀਤ ਸਿੰਘ ਭਿੰਡਰ ਤੇ ਸ.ਜਗੀਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ,  ਸ.ਦਲਮੇਘ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੇ ਸ.ਪਰਮਜੀਤ ਸਿੰਘ ਸਰੋਆ ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸੁਖਵਿੰਦਰ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੰਤ ਬਾਬਾ ਲਾਭ ਸਿੰਘ ਕਿਲ੍ਹਾ ਨੰਦਗੜ੍ਹ, ਬਾਬਾ ਜਸਵੰਤ ਸਿੰਘ ਨਾਨਕਸਰ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਸ.ਹਰਦੇਵ ਸਿੰਘ ਤਲਵੰਡੀ, ਸੰਤ ਤੀਰਥ ਸਿੰਘ ਚੇਅਰਮੈਨ ਭਾਈ ਜੈਤਾ ਜੀ ਟ੍ਰਸਟ ਸ੍ਰੀ ਅਨੰਦਪੁਰ ਸਾਹਿਬ, ਬਾਬਾ ਗੁਰਦੇਵ ਸਿੰਘ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ, ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ, ਸੰਤ ਰਣਜੀਤ ਸਿੰਘ ਸੇਵਾਪੰਥੀ, ਬਾਬਾ ਜੱਸਾ ਸਿੰਘ ਬੁੱਢਾ ਦਲ, ਬਾਬਾ ਸਵਰਨਜੀਤ ਸਿੰਘ ਨਿਹੰਗਮੁਖੀ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਕਰਮਜੀਤ ਸਿੰਘ ਯਮਨਾਨਗਰ ਵਾਲੇ, ਸ.ਉਜਾਗਰ ਸਿੰਘ ਵਡਾਲੀ ਤੋਂ ਇਲਾਵਾ ਸਿੱਖ ਸੰਗਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply