ਨਵੀਂ ਦਿੱਲੀ, 15 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਨਾਨਕਸ਼ਾਹੀ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰਨਾਂ ਵੱਲੋਂ ਸੰਮਤ 549 ਦੇ ਨਾਨਕਸ਼ਾਹੀ ਕੈਲੰਡਰ ਨੂੰ ਇਸ ਮੌਕੇ ਜਾਰੀ ਕੀਤਾ ਗਿਆ। ਇਸ ਵਾਰ ਦੇ ਕੈਲੰਡਰ ਵਿਚ 1783 ਵਿਚ ਦਿੱਲੀ ਫਤਹਿ ਕਰਨ ਵਾਲੇ ਸਾਥੀ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਚਿੱਤਰ ਨੂੰ ਮੁਖ ਥਾਂ ਦਿੱਤੀ ਗਈ ਹੈ ਜਦਕਿ ਪਿੱਛਲਾ ਕੈਲੰਡਰ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੀ।
2018 ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਆ ਰਹੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਵਰ੍ਹੇ ਦੇ ਕੈਲੰਡਰ ਨੂੰ ਕੀਤੇ ਜਾਣ ਦੀ ਜਾਣਕਾਰੀ ਜੀ.ਕੇ. ਨੇ ਸੰਗਤਾਂ ਨਾਲ ਸਾਂਝੀ ਕੀਤੀ। ਜੀ.ਕੇ. ਨੇ ਸਾਫ਼ ਕਿਹਾ ਕਿ ਸਾਡਾ ਟੀਚਾ ਸਿੱਖ ਇਤਿਹਾਸ ਨੂੰ ਬਚਾਣ, ਉਸਦਾ ਪ੍ਰਚਾਰ ਕਰਨ ਅਤੇ ਆਪਣੇ ਅਨਮੋਲ ਵਿਰਸੇ ਤੋਂ ਪ੍ਰੇਰਣਾਂ ਲੈਣ ਦੀ ਅਵਸਥਾ ’ਚ ਸੰਗਤਾਂ ਨੂੰ ਲਿਆਉਣ ਦਾ ਹੈ। ਕਮੇਟੀ ਸਕੂਲਾਂ ਵਿਚ ਪੜ੍ਹਦੇ ਸਿੱਖ ਬੱਚਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਤ ਸਿੱਖ ਰਹਿਤ ਮਰਯਾਦਾ ਲਾਜਮੀ ਤੌਰ ਤੇ ਪੜਾਏ ਜਾਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਸਿੱਖ ਸਿਧਾਂਤਾ ਅਤੇ ਧਰਮ ਤੇ ਪਹਿਰਾ ਦੇਣ ਲਈ ਇਸ ਕਵਾਇਦ ਨੂੰ ਜਰੂਰੀ ਦੱਸਿਆ।
ਜੀ.ਕੇ. ਨੇ ਵਿਸ਼ਵਾਸ ਪ੍ਰਗਟਾਇਆ ਕਿ ਖਾਲਸਾ ਸਕੂਲਾਂ ਵਿਚ 15 ਸਾਲ ਪੜਾਈ ਕਰਨ ਦੇ ਬਾਅਦ ਜੇਕਰ ਸਿੱਖ ਬੱਚਿਆਂ ਨੂੰ ਸਿੱਖ ਸਿਧਾਂਤਾ, ਧਾਰਮਿਕ ਵਿਦਿਆ, ਸਿੱਖ ਇਤਿਹਾਸ ਯਕੀਨੀ ਤੌਰ ਤੇ ਦਿਮਾਗ ’ਚ ਬਿਠਾ ਦਿੱਤਾ ਜਾਵੇ ਤਾਂ ਉਹ ਬੱਚੇ ਸਾਰੀ ਉਮਰ ਆਪਣੇ ਧਰਮ ਅਤੇ ਵਿਰਸੇ ਤੋਂ ਬਾਗੀ ਨਹੀਂ ਹੋ ਸਕਣਗੇ। ਜੀ.ਕੇ. ਨੇ ਸਵਾਲਿਆ ਲਹਿਜੇ ਵਿਚ ਪੁੱਛਿਆ ਕਿ ਖਾਲਸਾ ਸਕੂਲਾਂ ਦੀ ਖੇਪ ਤਿਆਰ ਕਰਨ ਦੇ ਪਿੱਛੇ ਕੀ ਰਹਿਤਵਾਨ ਤੇ ਚਰਿਤ੍ਰਵਾਨ ਬੱਚਿਆਂ ਦੀ ਲੜੀ ਤਿਆਰ ਕਰਨਾ ਨਹੀਂ ਸੀ ? ਕਮੇਟੀ ਸਕੂਲਾਂ ਵਿਚ ਪੜਦੇ ਬੱਚਿਆਂ ਨੂੰ ਜੁਬਾਨੀ ਜਪੁਜੀ ਸਾਹਿਬ ਦਾ ਪਾਠ ਕੰਠ ਕਰਾਉਣ ਲਈ ਜੀ.ਕੇ. ਨੇ ਸਕੂਲਾਂ ਵਿਚ ਸ਼ੁਰੂਆਤ ’ਚ ਲਗਦੀ ‘‘ਪ੍ਰਾਥਨਾ ਸਭਾ’’ ਦਾ ਵਿਸ਼ੇਸ਼ ਕੈਲੰਡਰ ਤਿਆਰ ਕਰਕੇ ਰੋਜ਼ਾਨਾ ਇੱਕ ਜਾਂ ਦੋ ਪਉੜੀ ਦਾ ਪਾਠ ਸਾਮੂਹਿਕ ਰੂਪ ’ਚ ਪੜਨ ਨੂੰ ਲਾਜਮੀ ਕਰਨ ਦਾ ਹਵਾਲਾ ਦਿੱਤਾ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ ਤੇ ਹਰਦੇਵ ਸਿੰਘ ਧਨੋਆ ਮੌਜੂਦ ਸਨ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media