ਧੂਰੀ, 14 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਏਟਕ ਦੇ ਕੇਂਦਰੀ ਆਗੂ ਅਤੇ ਸੂਬਾ ਸਕੱਤਰ ਪੰਜਾਬ ਸੁਖਦੇਵ ਸ਼ਰਮਾਂ ਅਤੇ ਜ਼ਿਲਾ੍ਹ ਜਨਰਲ ਸਕੱਤਰ ਭਰਪੂਰ ਸਿੰਘ ਬੁੱਲਾਪੁਰ ਨੇ ਦੱਸਿਆ ਕਿ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਵੱਲੋਂ ਬਿਲਡਿੰਗ ਅਤੇ ਉਸਾਰੀ ਵੈਲਫੇਅਰ ਬੋਰਡ ਅਧੀਨ ਕਿਰਤੀਆਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਧੂਰੀ, ਮਾਲੇਰਕੋਟਲਾ, ਅਹਿਮਦਗੜ੍ਹ ਤਹਿਸੀਲਾਂ ਦੇ ਕਿਰਤੀਆਂ ਨੂੰ ਮਿਲਣ ਵਾਲੀਆਂ ਭਲਾਈ ਸਕੀਮਾਂ ਦਾ ਲਾਭ 2014 ਤੋਂ ਹੁਣ ਤੱਕ ਨਹੀਂ ਮਿਲਿਆ ਹੈ ਅਤੇ ਕਿਰਤੀਆਂ ਦੇ ਕਰੀਬ ਦੋ ਹਜ਼ਾਰ ਬੱਚਿਆਂ ਦੇ ਵਜ਼ੀਫੇ ਜੋ ਤਕਰੀਬਨ ਛੇ ਕਰੋੜ ਰੁਪਏ ਹਨ, ਹਾਲੇ ਤੱਕ ਰਿਲੀਜ਼ ਨਹੀਂ ਕੀਤੇ ਗਏ। ਇਸੇ ਤਰਾਂ੍ਹ ਮਿਤੀ 01-08-2014 ਤੋਂ 28-02-2017 ਤੱਕ ਜਿੰਨ੍ਹਾਂ ਕਿਰਤੀਆਂ ਦੀ ਮੌਤ ਹੋ ਚੁੱਕੀ ਹੈ, ਉਨਾਂ੍ਹ ਦੀ ਐਕਸ ਗਰੇਸੀਆ ਜੋ 2 ਲੱਖ ਤੋਂ 4 ਲੱਖ ਰੂਪੈ ਤੱਕ 90 ਕਿਰਤੀਆਂ ਦੀ ਹੈ, ਅੱਜ ਤੱਕ ਨਹੀਂ ਦਿੱਤੀ ਗਈ, ਜੋ ਕਾਫੀ ਵੱਡੀ ਰਕਮ ਬਣਦੀ ਹੈ ਅਤੇ ਰਕਮ ਦੀ ਉਡੀਕ ਕਰਦੇ ਕਰਦੇ ਕਈ ਕਿਰਤੀਆਂ ਦੇ ਵਾਰਸਾਂ ਦੀ ਵੀ ਮੌਤ ਹੋ ਚੁੱੱਕੀ ਹੈ, ਜਿਸ ਕਾਰਨ ਕਿਰਤੀਆਂ ਦੇ ਕਾਨੂੰਨੀ ਵਾਰਸ ਲੱਭਣ `ਚ ਮੁਸ਼ਕਿਲ ਆਵੇਗੀ। ਇਸੇ ਤਰਾਂ ਯਾਤਰੀ ਭੱਤੇ ਦੀ ਸਕੀਮ ਅਧੀਨ ਕਲੇਮ ਫਸੇ ਹੋਏ ਹਨ, ਵਰਕਰਾਂ ਦੇ ਮੈਡੀਕਲ ਕਲੇਮ ਤੋਂ ਇਲਾਵਾ ਲੱਗਪੱਗ ਤਿੰਨ ਤਹਿਸੀਲਾਂ ਦੇ ਤਿੰਨ ਹਜ਼ਾਰ ਦੇ ਕਰੀਬ ਕਿਰਤੀਆਂ ਨੂੰ ਸਾਈਕਲ ਦੀ ਸਕੀਮ ਦਾ ਲਾਭ ਨਹੀਂ ਦਿੱਤਾ ਗਿਆ ਅਤੇ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਲਾਭ ਵੀ ਅੱਜ ਤੱਕ ਨਹੀਂ ਦਿੱਤਾ ਗਿਆ। ਕਾਮਰੇਡ ਸ਼ਰਮਾਂ ਨੇ ਦੱਸਿਆ ਕਿ ਇਸ ਸਬੰਧੀ ਸਹਾਇਕ ਲੇਬਰ ਕਮਿਸ਼ਨਰ ਨੂੰ 30 ਮਾਰਚ 2017 ਦੇ ਧਰਨੇ ਸਬੰਧੀ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਉਸਾਰੀ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲਾ੍ਹ ਏਟਕ ਦੇ ਆਗੂ ਜਗਦੇਵ ਸਿੰਘ ਬਾਹੀਆ, ਰਣਜੀਤ ਸਿੰਘ ਬਿੰਜੋਕੀ, ਕ੍ਰਿਸ਼ਨ ਭੜੌ, ਪਰਦੀਪ ਸ਼ਰਮਾਂ ਚੀਮਾਂ, ਸੁਰਿੰਦਰ ਭੈਣੀ, ਪ੍ਰੀਤਮ ਸਿੰਘ ਨਿਆਮਤਪੁਰ, ਲੀਲੇ ਖਾਂ ਧੂਰੀ, ਸ਼ੇਰ ਸਿੰਘ ਖੰਨਾ, ਗੁਰਜੰਟ ਸਿੰਘ ਬੁਗਰਾ ਅਤੇੇ ਰਣਜੀਤ ਸਿੰਘ ਕਲਿਆਣ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media