
ਨਵੀਂ ਦਿੱਲੀ, 21 ਜੂਨ (ਅੰਮ੍ਰਿਤ ਲਾਲ ਮੰਨਣ)- ਪਹਿਲੇ ਖਾਲਸਾ ਰਾਜ ਦੇ ਸੰਸਥਾਪਕ ਅਤੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਉਨ੍ਹਾਂ ਦੇ ਸ਼ਹੀਦੀ ਅਸਥਾਨ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਮਹਿਰੌਲੀ ਵਿੱਖੇ 25 ਜੂਨ (11 ਹਾੜ, ਸੰਮਤ ਨਾਨਕਸ਼ਾਹੀ 546) ਨੂੰ ਵਿਸ਼ੇਸ਼ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ ਦਿਨ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਵਿਸ਼ੇਸ਼ ਸ਼ਹੀਦੀ ਸਮਾਗਮ ਹੋਵੇਗਾ। ਜਿਸ ਵਿੱਚ ਗੁ. ਸੀਸਗੰਜ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਪ੍ਰੇਮ ਸਿੰਘ ਬੰਧੂ ਤੇ ਭਾਈ ਮਨਪ੍ਰੀਤ ਸਿੰਘ, ਭਾਈ ਅਪਾਰਦੀਪ ਸਿੰਘ (ਇੰਗਲੈਂਡ) ਅਤੇ ਭਾਈ ਲਖਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਦੇ ਕੀਰਤਨੀ ਜੱਥੇ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਰਾਣਾ ਪਰਮਜੀਤ ਸਿੰਘ ਨੇ ਹੋਰ ਦਸਿਆ ਕਿ ਇਸ ਮੌਕੇ ਤੇ ਸ਼ਹੀਦੀ ਕਵੀ ਦਰਬਾਰ ਵੀ ਹੋਵੇਗਾ, ਜਿਸ ਵਿੱਚ ਪੰਜਾਬੀ ਦੇ ਪ੍ਰਮੁਖ ਕਵੀ, ਅਮਰਜੀਤ ਸਿੰਘ ਅਮਰ, ਅੰਮ੍ਰਿਤ ਸਿੰਘ ਰੰਗੀਲਾ, ਹਰਭਜਨ ਸਿੰਘ ਦਿਉਲ, ਸੀਤਲ ਸਿੰਘ ਸੀਤਲ ਅਤੇ ਰਵਿੰਦਰ ਕੌਰ ਜੌਤ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਪਣੀ ਸ਼ਰਧਾ ਦੇ ਫੁਲ ਭੇਂਟ ਕਰਨਗੇ।
Punjab Post Daily Online Newspaper & Print Media