
ਨਵੀਂ ਦਿੱਲੀ, 21 ਮਾਰਚ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸੰਤੋਖ ਸਿੰਘ ਜੀ ਦੇ ਜੀਵਨ ਦੇ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਉਂਦੀ ‘‘ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ’’ ਕਿਤਾਬ ਜਾਰੀ ਕੀਤੀ ਗਈ ਵਿਦਿਆਨ ਭਵਨ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੈ ਕੁਮਾਰ ਮਲਹੋਤਰਾ ਜੋ ਕਿ ਜਥੇਦਾਰ ਜੀ ਦੇ ਪ੍ਰਬੰਧਕੀ ਕਾਲ ਦੌਰਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਕੋਤਵਾਲੀ ਤੇ ਪੰਜਾਬੀ ਮਾਂ ਬੋਲੀ ਵਿਸ਼ੇ ’ਤੇ ਲੜੀ ਗਈ ਅਹਿਮ ਲੜਾਈ ਵਿਚ ਉਨ੍ਹਾਂ ਦੇ ਖਾਸ ਸਹਿਯੋਗੀ ਸਨ, ਨੇ ਮੁੱਖ ਮਹਿਮਾਨ ਵੱਜੋਂ ਇਸ ਕਿਤਾਬ ਨੂੰ ਸਿੱਖ ਬੁੱਧੀਜੀਵੀਆਂ ਦੀ ਮੌਜੂਦਗੀ ’ਚ ਜਾਰੀ ਕੀਤਾ।
ਜਥੇਦਾਰ ਸੰਤੋਖ ਸਿੰਘ ਯਾਦਗਾਰੀ ਕਮੇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਦੇ ਨਾਲ ਹੀ ਪਤਵੰਤੇ ਸਿੱਖਾਂ ਨੇ ਹਾਜਰੀ ਭਰੀ। ਯਾਦਗਾਰੀ ਕਮੇਟੀ ਦੇ ਮੈਂਬਰ ਡਾ. ਜਸਪਾਲ ਸਿੰਘ, ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਯੂ.ਪੀ ਦੇ ਸਾਬਕਾ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਮਲਹੋਤਰਾ ਨੇ ਜਥੇਦਾਰ ਜੀ ਦੇ ਜੀਵਨ ਨਾਲ ਜੁੜੀਆਂ ਕਈ ਘਟਨਾਵਾਂ ਨੂੰ ਸਾਂਝਾ ਕੀਤਾ।ਯਾਦਗਾਰੀ ਕਮੇਟੀ ਵੱਲੋਂ ਕਨਵੀਨਰ ਬਲਬੀਰ ਸਿੰਘ ਕੋਹਲੀ ਅਤੇ ਪਰਿਵਾਰ ਵੱਲੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਉਘੀ ਇਤਿਹਾਸਕਾਰ ਤੇ ਕਿਤਾਬ ਦਾ ਸੰਪਾਦਨ ਕਰਨ ਵਾਲੀ ਡਾ. ਹਰਬੰਸ ਕੌਰ ਸੱਗੂ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਦੇ ਨਾਲ ਹੀ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਅਜੀਤ ਨੇ ਸੰਪਾਦਨ ਦੇ ਨਾਲ ਹੀ ਜਥੇਦਾਰ ਜੀ ਨਾਲ ਜੁੜੀਆਂ ਘਟਨਾਵਾਂ ਨੂੰ ਪਰਚਿਆਂ ਦੇ ਰੂਪ ਵਿਚ ਬਾਕੀ ਲੇਖਕਾਂ ਦੇ ਨਾਲ ਸੰਪਾਦਿਤ ਕੀਤਾ ਹੈ।ਜਥੇਦਾਰ ਸੰਤੋਖ ਸਿੰਘ ਦੇ ਚਾਰੇ ਪੁੱਤਰਾਂ ਤਜਿੰਦਰ ਸਿੰਘ, ਮਨਜੀਤ ਸਿੰਘ ਜੀ.ਕੇ, ਇੰਦਰਜੀਤ ਸਿੰਘ ਅਤੇ ਹਰਜੀਤ ਸਿੰਘ ਨੂੰ ਯਾਦਗਾਰੀ ਕਮੇਟੀ ਵੱਲੋਂ ਕਿਤਾਬ ਭੇਂਟ ਕੀਤੀ ਗਈ। ਜੀ.ਕੇ ਨੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ, ਗੁਰਦੁਆਰਾ ਟਿਕਾਣਾ ਸਾਹਿਬ ਦੇ ਸੰਤ ਅੰਮ੍ਰਿਤਪਾਲ ਸਿੰਘ ਅਤੇ ਸ਼ਾਹ ਸਤਿਨਾਮ ਸਿੰਘ ਨੂੰ ਕਿਤਾਬ ਭੇਂਟ ਕੀਤੀ।
ਡਾ.ਜਸਪਾਲ ਸਿੰਘ ਨੇ ਜਥੇਦਾਰ ਜੀ ਦੀ ਸਖਸ਼ੀਅਤ ਨੂੰ ਵਿਲੱਖਣ ਕਰਾਰ ਦਿੰਦੇ ਹੋਏ ਉਨ੍ਹਾਂ ਵੱਲੋਂ ਦੂਰਦਰਸ਼ੀ ਸੋਚ ਨਾਲ ਕੀਤੇ ਗਏ ਕਾਰਜਾਂ ਦਾ ਸੰਗਤਾਂ ਨੂੰ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਜਥੇਦਾਰ ਜੀ ਨੇ ਹਮੇਸ਼ਾ ਸਿਧਾਂਤ ਅਤੇ ਸੰਸਥਾਂਵਾ ਦੀ ਰਾਖੀ ’ਤੇ ਪਹਿਰਾ ਦਿੱਤਾ। ਇੱਕ ਵਾਰੀ ਅਜਿਹਾ ਸਮਾਂ ਵੀ ਆਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਫਰਮਾਨ ਦੇ ਕਾਰਨ ਧਰਮ ਅਤੇ ਸਿਆਸਤ ਚੋਂ ਇੱਕ ਚੀਜ ਦੀ ਚੋਣ ਕਰਨ ਦਾ ਜਥੇਦਾਰ ਜੀ ਤੇ ਦਬਾਵ ਬਣਿਆ ਪਰ ਉਨ੍ਹਾਂ ਨੇ ਸਿਆਸੀ ਦਬਾਵ ਦੀ ਪਰਵਾਹ ਨਾ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦਾ ਫੈਸਲਾ ਲਿਆ।
ਉਨ੍ਹਾਂ ਨੇ ਤਖਤ ਸਾਹਿਬ ਦੇ ਸਾਹਮਣੇ ਆਪ ਨੀਂਵਾ ਹੋ ਕੇ ਗੁਰੂ ਦੇ ਸਿਧਾਂਤ ਨੂੰ ਉੱਚਾ ਕਰ ਦਿੱਤਾ। ਡਾ. ਜਸਪਾਲ ਸਿੰਘ ਨੇ ਜਥੇਦਾਰ ਜੀ ਨੂੰ ਸੁਭਾਵ ਕਰਕੇ ਲੜਾਕਾ, ਦਿੱਲਖੁਸ਼, ਹਲੇਮੀ, ਖੁਲ੍ਹਦਿਲਾ ਅਤੇ ਮਜ਼ਾਕਿਆ ਦੱਸਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਵਾਂਗ ਅੰਤਰਆਤਮਾ ਦੀ ਆਵਾਜ਼ ਸੁਣਨ ਦੀ ਬੇਨਤੀ ਕੀਤੀ।
ਤ੍ਰਿਲੋਚਨ ਸਿੰਘ ਨੇ ਕਿਹਾ ਕਿ ਜਥੇਦਾਰ ਜੀ ਨੂੰ ਸਰਕਾਰਾਂ ਤੋਂ ਕੌਮ ਦੇ ਕੰਮ ਨੂੰ ਕੱਢਵਾਉਣਾ ਬਾਖੂਬੀ ਆਊਂਦਾ ਸੀ। ਇਸ ਸਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਅਤੇ ਇੰਦਰਾ ਗਾਂਧੀ ਪਾਸੋ ਕਰਵਾਏ ਗਏ ਕੰਮਾਂ ਦੀ ਜਾਣਕਾਰੀ ਦਿੱਤੀ। ਤ੍ਰਿਲੋਚਨ ਸਿੰਘ ਨੇ ਦਾਅਵਾ ਕੀਤਾ ਕਿ ਜਥੇਦਾਰ ਜੀ ਤੇ ਵਿਚਾਰਧਾਰਕ ਮਤਭੇਦ ਵਾਲੇ ਲੋਕ ਵੀ ਰੱਜ ਕੇ ਭਰੋਸਾ ਕਰਦੇ ਸਨ। ਇੱਕ ਪਾਸੇ ਇੰਦਰਾ ਗਾਂਧੀ ਉਨ੍ਹਾਂ ਦਾ ਕਿਹਾ ਕੋਈ ਕਾਰਜ ਨਹੀਂ ਮੋੜਦੀ ਸੀ ਤੇ ਦੂਜੇ ਪਾਸੇ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਇੰਦਰਾ ਗਾਂਧੀ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਥੇਦਾਰ ਜੀ ਦੀ ਡੱਟ ਕੇ ਇੱਜਤ ਕਰਦੇ ਸੀ। ਸਭ ਤੋਂ ਵੱਡੀ ਹੈਰਾਨੀ ਇਸੇ ਗੱਲ ਦੀ ਹੈ ਕਿ ਇੰਦਰਾ ਗਾਂਧੀ ਅਤੇ ਸੰਤ ਜੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ।
ਤ੍ਰਿਲੋਚਨ ਸਿੰਘ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਵਾਂਗ ਜਥੇਦਾਰ ਜੀ ਵੀ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਵੱਲੋਂ ਆਪਣੇ ਫੈਸਲੇ ਲੈਣ ਦੇ ਹੱਕ ਦੇ ਮੁੱਦਈ ਸਨ। ਜਿਸ ਕਰਕੇ ਸਿੱਖ ਪਛਾਣ ਅਤੇ ਆਨ ਵਾਸਤੇ ਜਿਥੇ ਵੀ ਲੋੜ ਪਈ ਜਥੇਦਾਰ ਜੀ ਨੇ ਡੱਟ ਕੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀ ਮਦਦ ਕੀਤੀ।ਰਾਮੂਵਾਲੀਆ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਜਥੇਦਾਰ ਜੀ ਨਾਲ ਟਕਰਾਵ ਹੋਣ ਦੇ ਬਾਵਜੂਦ ਉਨ੍ਹਾਂ ਦੀ ਕਈ ਵਾਰ ਕੀਤੀ ਗਈ ਦਿੱਲੋਂ ਸਲਾਘਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਥੇਦਾਰ ਜੀ ਕੌਮੀ ਹਿੱਤਾਂ ਦੀ ਗੱਲ ਕਰਨ ਵੇਲੇ ਮੂੰਹ ’ਚ ਮੁਰਮੁਰੇ ਨਹੀਂ ਰੱਖਦੇ ਸਨ ਸਗੋਂ ਦਲੇਰੀ ਨਾਲ ਸਿੱਖ ਕੌਮ ਦਾ ਚਾਨਣ ਮੁਨਾਰਾ ਬਣ ਕੇ ਰੌਸ਼ਨੀ ਦਿੰਦੇ ਸਨ। ਮਲਹੋਤਰਾ ਨੇ ਦਿੱਲੀ ਦੇ ਮੁੱਖ ਕਾਰਜਕਾਰੀ ਕੌਂਸਲਰ (ਮੌਜੂਦਾ ਸਮੇਂ ਮੁੱਖ ਮੰਤਰੀ) ਰਹਿਣ ਦੌਰਾਨ ਜਥੇਦਾਰ ਜੀ ਦੇ ਯਤਨਾ ਸੱਦਕਾ ਪੰਜਾਬੀ ਮਾਂ ਬੋਲੀ, ਪੰਜਾਬੀ ਕਵੀ ਦਰਬਾਰ, ਕੋਤਵਾਲੀ ਦਾ ਕਬਜਾ, ਗੁਰੂ ਤੇਗ ਬਹਾਦਰ ਨਗਰ ਦਾ ਨਾਂ, ਗੁਰੂ ਤੇਗ ਬਹਾਦਰ ਹਸਪਤਾਲ ਸਣੇ ਹੋਏ ਕਈ ਇਤਿਹਾਸਿਕ ਕਾਰਜਾਂ ਨੂੰ ਯਾਦ ਕੀਤਾ। ਮਲਹੋਤਰਾ ਨੇ ਕਿਹਾ ਕਿ ਮੰਜੀਤ ਅੱਜ ਜਥੇਦਾਰ ਦੇ ਰਾਹ ’ਤੇ ਚਲ ਕੇ ਧਰਮ ਨੂੰ ਅੱਗੇ ਰੱਖ ਕੇ ਜੋ ਕਾਰਜ ਕਰ ਰਿਹਾ ਹੈ ਉਸ ਵਿਚ ਜਥੇਦਾਰ ਦੀ ਝਲਕ ਨਜ਼ਰ ਆਉਂਦੀ ਹੈ।
ਜੀ.ਕੇ ਨੇ ਸਾਰੇ ਬੁਲਾਰਿਆਂ ਵੱਲੋਂ ਜਥੇਦਾਰ ਜੀ ਦੀ ਕੀਤੀ ਗਈ ਗੱਲ ਦੌਰਾਨ ਆਪਣੇ ਮਾਤਾ ਸਤਿਆ ਕੌਰ ਨੂੰ ਅੱਖੋ-ਪਰੋਖੇ ਕੀਤੇ ਜਾਣ ਦਾ ਦਰਦ ਸੰਗਤਾਂ ਸਾਹਮਣੇ ਰੱਖਿਆ।ਜੀ.ਕੇ ਨੇ ਕਿਹਾ ਕਿ ਜੇਕਰ ਬੀਜੀ ਪਿੱਛੇ ਪਰਿਵਾਰ ਦੀ ਸੰਭਾਲ ਨਾ ਕਰਦੇ ਤਾਂ ਸ਼ਾਇਦ ਜਥੇਦਾਰ ਜੀ ਇਨ੍ਹੇ ਵੱਡੇ ਕਾਰਜ ਕਰਨ ’ਚ ਕਾਮਯਾਬ ਨਾ ਹੁੰਦੇ ।ਜਥੇਦਾਰ ਜੀ ਦੇ ਜੇਲ ’ਚ ਰਹਿਣ ਦੌਰਾਨ ਵੀ ਬੀਜੀ ਵੱਲੋਂ ਚਾਰੋ ਪੁੱਤਰਾਂ ਅਤੇ ਇੱਕ ਪੁੱਤਰੀ ਦੀ ਸਾਂਭ ਸੰਭਾਲ ਕਰਨ ਦੇ ਨਾਲ ਹੀ ਘਰ ਆਉਂਦੀ ਸੰਗਤ ਲਈ ਲੰਗਰ ਤਿਆਰ ਕਰਨ ਦੀ ਕੀਤੀ ਗਈ ਸੇਵਾ ਨੂੰ ਨਾ ਵਿਸਾਰਣ ਦੀ ਵੀ ਗੱਲ ਕਹੀ।ਜੀ.ਕੇ. ਨੇ ਐਮਰਜੈਂਸੀ ਦੌਰਾਨ ਜਥੇਦਾਰ ਅਤੇ ਹੋਰ ਵੱਡੇ ਅਕਾਲੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਰ ਤੋਂ ਬਾਹਰ ਨਿਕਲ ਕੇ ਬੀਜੀ ਵੱਲੋਂ ਅਕਾਲੀ ਦਲ ਦੀ ਸੰਭਾਲੀ ਗਈ ਮੁਹਿੰਮ ਨੂੰ ਵੱਡਾ ਮੋਰਚਾ ਕਰਾਰ ਦਿੱਤਾ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media