Saturday, September 5, 2026

ਦਿੱਲੀ ਕਮੇਟੀ ਦਿੱਲੀ ਫਤਹਿ ਦੀ 234ਵੀਂ ਵਰੇਗੰਢ ਮੌਕੇ ਮਨਾਏਗੀ `ਦਿੱਲੀ ਫਤਿਹ ਦਿਵਸ`

26 ਮਾਰਚ ਨੂੰ ਕੱਢਿਆ ਜਾਵੇਗਾ ਜਰਨੈਲੀ ਫਤਿਹ ਮਾਰਚ

ਨਵੀਂ ਦਿੱਲੀ, 24 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਵੱਲੋਂ ਇਥੇ ਲਾਲ ਕਿਲੇ ਵਿਖੇ 25 ਅਤੇ 26 ਮਾਰਚ ਨੂੰ ਦੋ ਰੋਜ਼ਾ `ਦਿਲੀ ਫਤਿਹ ਦਿਵਸ` ਆਯੋਜਿਤ ਕੀਤਾ ਜਾ ਰਿਹਾ ਹੈ।PPN2403201704 ਇਹ ਪ੍ਰੋਗਰਾਮ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁਖੀ ਬੁੱਢਾ ਦਲ, ਜਥੇਦਾਰ ਜੱਸਾ ਸਿੰਘ ਰਾਮਗੜੀਆ, ਜਥੇਦਾਰ ਤਾਰਾ ਸਿੰਘ ਘੇਬਾ ਅਤੇ ਜਥੇਦਾਰ ਮਹਾਂ ਸਿੰਘ ਸ਼ੁੱਕਰਚੱਕੀਆ ਦੀ ਅਗਵਾਈ ਹੇਠ ਦਿੱਲੀ ਫਤਿਹ ਕੀਤੇ ਜਾਣ ਦੀ 234ਵੀਂ ਵਰੇਗੰਢ ਮੌਕੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਕਈ ਸਮਾਗਮ ਹੋਣਗੇ ਜਿਸ ਦਾ ਮਕਸਦ ਨਵੀਂ ਪੀੜੀ ਨੂੰ ਅਮੀਰ ਸਿੱਖ ਪਰੰਪਰਾਵਾਂ, ਸਭਿਆਚਾਰ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਤੇ ਇਹਨਾਂ ਲਈ ਪ੍ਰੇਰਿਤ ਕਰਨਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਚੌਥੀ ਵਾਰ ਹੈ ਜਦੋਂ ਇਹ ਪ੍ਰੋਗਰਾਮ ਵੱਡੀ ਪੱਧਰ `ਤੇ ਮਨਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਮੈਗਾ ਸ਼ੌਅ ਦਾ ਮੁੱਖ ਮਕਸਦ ਸਾਡੀ ਨੌਜਵਾਨ ਪੀੜੀ ਨੂੰ ਸਿੱਖ ਧਰਮ, ਸਭਿਆਚਾਰ ਤੇ ਇਤਿਹਾਸ ਦੇ ਵੱਖ ਵੱਖ ਪੜਾਵਾਂ ਬਾਰੇ ਅਹਿਮ ਜਾਣਕਾਰੀ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਨੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਇਸ ਪ੍ਰੋਗਰਾਮ ਵਿਚ ਲੈ ਕੇ ਆਉਣ ਤਾਂ ਜੋ ਉਹ ਇਸਦਾ ਲਾਭ ਲੈ ਸਕਣ ਤੇ ਉਹਨਾਂ ਨੂੰ ਸਿੱਖ ਜੀਵਨ ਸ਼ੈਲੀ ਤੇ ਫਲਸਫੇ ਦੀ ਜਾਣਕਾਰੀ ਹਾਸਲ  ਹੋ ਸਕੇ।ਸਿਰਸਾ ਨੇ ਦੱਸਿਆ ਕਿ 25 ਮਾਰਚ 2017 ਨੂੰ ਇਹਨਾਂ ਸਮਾਗਮਾਂ ਦੇ ਪਹਿਲੇ ਦਿਨ ਸ਼ੁਰੂਆਤ ਗੁਰਬਾਣੀ ਵਿਰਸਾ ਸੰਭਾਲ ਇਸਤਰੀ ਸਤਿਸੰਗਤ ਵੱਲੋਂ ਸ਼ਾਮ 6 ਵਜੇ  ਗੁਰਬਾਣੀ ਕੀਰਤਨ ਨਾਲ ਹੋਵੇਗੀ ਜਿਸ ਮਗਰੋਂ ਰਹਿਰਾਸ ਸਾਹਿਬ ਜੀ ਦਾ ਪਾਠ ਹੋਵੇਗਾ ਤੇ ਫਿਰ ਵੱਖ ਵੱਖ ਜੱਥਿਆਂ ਵੱਲੋਂ ਕੀਰਤਨ ਤੇ ਪਾਠ ਕੀਤਾ ਜਾਵੇਗਾ।ਉਹਨਾਂ ਹੋਰ ਦੱਸਿਆ ਕਿ ਸਮਾਗਮਾਂ ਦੇ ਦੂਜੇ ਦਿਨ ਜਰਨੈਲੀ ਫਤਿਹ ਮਾਰਚ ਕੱਢਿਆ ਜਾਵੇਗਾ ਜੋ ਛੱਤਾ ਵੀਰ ਪੁੱਲ ਤੋਂ ਸ਼ੁਰੂ ਹੋਵੇਗਾ ਤੇ ਲਾਲ ਕਿਲੇ `ਤੇ ਆ ਕੇ ਸਮਾਪਤ ਹੋਵੇਗਾ।ਇਸੇ ਦਿਨ ਸ਼ਾਮ ਨੂੰ ਇਤਿਹਾਸਕ ਪ੍ਰੋਗਰਾਮ ਹੋਵੇਗਾ ਜਿਸ ਵਿਚ ਢਾਡੀ ਜਥੇ ਪ੍ਰੋਗਰਾਮ ਪੇਸ਼ ਕਰਨਗੇ, ਗੱਤਕਾ ਮੁਕਾਬਲੇ ਹੋਣਗੇ ਅਤੇ ਹੋਰ ਬੁਲਾਰਿਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.  ਜਸਪਾਲ ਸਿੰਘ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਗੇ।ਸਿਰਸਾ ਨੇ ਕਿਹਾ ਕਿ ਇਹ ਦੁਨੀਆਂ ਭਰ ਵਿਚ ਰਹਿੰਦੇ ਸਿੱਖ ਭਾਈਚਾਰੇ ਲਈ ਸ਼ਾਨਾ ਮੱਤੀ ਸਮਾਂ ਹੈ ਕਿਉਂਕਿ ਦਿੱਲੀ ਜਿੱਤ ਦੀ ਆਪਣੀ ਇਤਿਹਾਸਕ ਮਹੱਤਤਾ ਹੈ ਅਤੇ  ਨਵੇਂ ਜਨਮੇ ਸਿੱਖ ਧਰਮ ਦੇ ਮਹਾਨ ਜਰਨੈਲਾਂ ਵੱਲੋਂ ਮੁਹਿੰਮਾਂ ਦੀ ਅਗਵਾਈ ਕਰਦਿਆਂ ਰਾਸ਼ਟਰੀ ਰਾਜਧਾਨੀ ਉਪਰ ਅਹਿਮ ਸਮੇਂ ਜਿੱਤ ਦਰਜ ਕਰਨਾ ਹੋਰ ਵੀ ਮਹੱਤਵਪੂਰਨ ਹੈ।ਉਹਨਾਂ ਨੇ ਦਿੱਲੀ ਦੀ ਸਮੁੱਚੀ ਸੰਗਤ ਖਾਸ ਤੌਰ `ਤੇ ਸਿੱਖ ਨੌਜਵਾਨਾਂ ਨੂੰ  ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿਚ ਵੱਧ ਚੜ ਕੇ ਹਿੱਸਾ ਲੈਣ ਅਤੇ ਅਮੀਰ ਪਰੰਪਰਾਵਾਂ ਤੇ ਸਿੱਖ ਇਤਿਹਾਸ ਬਾਰੇ ਆਪਣੀ ਜਾਣਕਾਰੀ ਵਿਚ ਵਾਧਾ ਕਰਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply