ਮੈਂਬਰਾਂ ਨੂੰ ਹਲਫ਼ ਦਿਵਾਉਣ ਉਪਰੰਤ ਹਾਊਸ ਉਠਿਆ-ਮਨਜੀਤ ਸਿੰਘ ਜੀ.ਕੇ ਬਣੇ ਕਾਰਜਕਾਰੀ ਸਪੀਕਰ
ਨਵੀਂ ਦਿੱਲੀ, 24 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਦਾ ਕਾਰਜਕਾਲ ਅੱਜ ਹਲਫ਼ ਲੈਣ ਤੋਂ ਬਾਅਦ ਸ਼ੁਰੂ ਹੋ ਗਿਆ ਪਰ 5 ਨਵੇਂ ਅਹੁੱਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ 10 ਮੈਂਬਰਾਂ ਦੀ ਚੋਣ ਦਾ ਕਾਰਜ ਫਿਲਹਾਲ ਹਾਊਸ ਦੀ ਅਗਲੀ ਬੈਠਕ ਤਕ ਟਲ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ’ਚ ਦਿੱਲੀ ਗੁਰਦੁਆਰਾ ਚੋਣ ਬੋਰਡ ਦੇ ਡਾਈਰੈਕਟਰ ਸ਼ੂਰਵੀਰ ਸਿੰਘ ਨੇ ਨਵੇਂ ਮੈਂਬਰਾਂ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਸੇਵਾ ਨਿਭਾਉਣ ਦੀ ਸਹੁੰ ਚੁਕਾਈ।
ਸਹੁੰ ਚੁਕਣ ਉਪਰੰਤ ਸਮੂਹ ਮੈਂਬਰਾਂ ਨੇ ਦਸਤਖਤ ਕਰਕੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਕੀਤੀ। ਡਾਈਰੈਕਟਰ ਵੱਲੋਂ ਅਗਲੀ ਕਾਰਵਾਈ ਦੇ ਤੌਰ ਤੇ ਜਨਰਲ ਇਜਲਾਸ ਦਾ ਕਾਰਜਕਾਰੀ ਸਪੀਕਰ ਚੁਣਨ ਲਈ ਮੈਂਬਰਾਂ ਨੂੰ ਨਾਂ ਦੱਸਣ ਦੀ ਗੁਜ਼ਾਰਿਸ਼ ਕੀਤੀ ਗਈ। ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਜਿੱਤੇ ਤਰਵਿੰਦਰ ਸਿੰਘ ਮਾਰਵਾਹ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਨਾਂ ਦੀ ਤਜਵੀਜ਼ ਕੀਤੀ ਜਿਸਦਾ ਸਮਰਥਨ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕੀਤਾ। ਕਿਸੇ ਹੋਰ ਉਮੀਦਵਾਰ ਦਾ ਨਾਂ ਸਾਹਮਣੇ ਨਾ ਆਉਣ ਕਰਕੇ ਡਾਈਰੈਕਟਰ ਨੇ ਜੀ.ਕੇ ਨੂੰ ਸਰਬਸੰਮਤੀ ਨਾਲ ਕਾਰਜਕਾਰੀ ਸਪੀਕਰ ਚੁਣਨ ਦਾ ਐਲਾਨ ਕਰਦੇ ਹੋਏ ਅਗਲੀ ਕਾਰਵਾਈ ਲਈ ਜੀ.ਕੇ ਨੂੰ ਸਟੇਜ਼ ਦੇ ਦਿੱਤੀ।
ਜੀ.ਕੇ ਨੇ ਆਪਣੇ ’ਤੇ ਭਰੋਸਾ ਜਤਾਉਣ ਵਾਸਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਅਗਲੀ ਕਾਰਵਾਈ ਲਈ ਮੈਂਬਰਾਂ ਨੂੰ ਸੁਝਾਵ ਦੇਣ ਦੀ ਬੇਨਤੀ ਕੀਤੀ। ਬਹੁਗਿਣਤੀ ਮੈਂਬਰਾਂ ਵੱਲੋਂ ਜਨਰਲ ਇਜਲਾਸ ਦੀ ਕਾਰਵਾਈ ਦਿੱਲੀ ਫਤਹਿ ਦਿਵਸ ਦੇ ਸਮਾਗਮਾਂ ਨੂੰ ਮੁਖ ਰੱਖਦੇ ਹੋਏ ਬਾਅਦ ਵਿਚ ਕਰਨ ਦੀ ਗੁਜ਼ਾਰਿਸ ਕੀਤੀ ਗਈ ਜਿਸਦਾ ਸਮਰਥਨ ਸਮੂਹ ਮੈਂਬਰਾਂ ਨੇ ਹੱਥ ਖੜੇ ਕਰਕੇ ਕੀਤਾ। ਜਿਸ ਤੋਂ ਬਾਅਦ ਕਾਰਜਕਾਰੀ ਸਪੀਕਰ ਜੀ.ਕੇ. ਨੇ ਡਾਈਰੈਕਟਰ ਨੂੰ ਫਤਹਿ ਦਿਵਸ ਸਮਾਗਮਾਂ ਉਪਰੰਤ 28 ਮਾਰਚ ਨੂੰ ਫਿਰ ਤੋਂ ਜਨਰਲ ਇਜਲਾਸ ਬੁਲਾਉਣ ਦੀ ਅਪੀਲ ਕਰਦੇ ਹੋਏ ਹਾਊਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ।
ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਮੈਂਬਰਾਂ ਦੀ ਰਾਇ ਅਨੁਸਾਰ ਚੋਣਾਂ ਦੀ ਪ੍ਰਕਿਰਆ ਨੂੰ ਕੁਝ ਦਿਨਾਂ ਲਈ ਮੁਲਤਵੀ ਕੀਤਾ ਗਿਆ ਹੈ।ਡਾਈਰੈਕਟਰ ਵੱਲੋਂ ਨਵੀਂ ਤਾਰੀਖ ਦੱਸਣ ਤੇ ਬਾਕੀ ਕਾਰਵਾਈ ਨੂੰ ਨੇਪਰੇ ਚਾੜਿਆ ਜਾਵੇਗਾ।ਇਸ ਮੌਕੇ ਆਜ਼ਾਦ ਉਮੀਦਵਾਰ ਵੱਜੋਂ ਤ੍ਰਿਨਗਰ ਵਾਰਡ ਤੋਂ ਚੋਣ ਜਿੱਤੇ ਗੁਰਮੀਤ ਸਿੰਘ ਸ਼ੰਟੀ ਨੂੰ ਛੱਡਕੇ ਸਮੂਹ 50 ਕਮੇਟੀ ਮੈਂਬਰ ਮੌਜੂਦ ਸਨ।
ਵਿਰੋਧ ਕਰ ਰਹੇ ਵਡਾਲਾ ਸਮਰਥਕਾਂ ਨੂੰ ਜੀ.ਕੇ. ਨੇ ਜਲ ਛਕਾਇਆ
ਇਜਲਾਸ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਮੁਖ ਗੇਟ ’ਤੇ ਅੱਜ ਸਿੱਖ ਸਦਭਾਵਨਾ ਦਲ ਦੇ ਕਾਰਕੁਨਾਂ ਨੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ’ਤੇ ਰਾਜੌਰੀ ਗਾਰਡਨ ਵਿਧਾਨ ਸਭਾ ਚੋਣ ਲੜਦੇ ਹੋਏ ਕਮੇਟੀ ਅਹੁੱਦੇਦਾਰ ਵੱਜੋਂ ਕਾਰਜਭਾਰ ਨਾ ਸੰਭਾਲਣ ਦੀ ਅਪੀਲ ਕਰਨ ਲਈ ਰੋਸ਼ ਮੁਜਾਹਿਰਾ ਰੱਖਿਆ ਸੀ।
ਕਈ ਘੰਟੇ ਤਕ ਹੱਥਾਂ ’ਚ ਤਖਤੀਆਂ ਲੈ ਕੇ ਮੁਜਾਹਿਰਾ ਕਰ ਰਹੇ ਮੁਜਾਹਿਰਾਕਾਰੀਆਂ ਨੂੰ ਜਨਰਲ ਇਜਲਾਸ ਸਮਾਪਤੀ ਤੋਂ ਬਾਅਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਖੁਦ ਜਾ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਸਮਝਣ ਤੋਂ ਬਾਅਦ ਹੱਥੀ ਜਲ ਛਕਾਇਆ ਅਤੇ ਲੰਗਰ ਛਕਣ ਦੀ ਬੇਨਤੀ ਕੀਤੀ।ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਏਜੰਡਾ ਸਿਰਫ਼ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਹੈ ਤੇ ਕਿਸੇ ਵੀ ਸਿੱਖ ਵਿਰੋਧੀ ਤਾਕਤ ਨੂੰ ਗੁਰੂ ਘਰ ਦੀ ਹੱਦ ਦੇ ਅੰਦਰ ਨਾ ਅਸੀਂ ਵੜਨ ਦਿੱਤਾ ਹੈ ਤੇ ਨਾ ਹੀ ਵੜਨ ਦਿਆਂਗੇ।
ਮੁਜਾਹਿਰਾਕਾਰੀਆਂ ਨੂੰ ਜਲ ਛਕਾਉਂਦੇ ਹੋਏ ਜੀ.ਕੇ ਨੇ ਦਿੱਲੀ ਦੀ ਸੰਗਤ ਵੱਲੋਂ ਚੁਣੇ ਗਏ ਮੈਂਬਰਾਂ ਦਾ ਵਿਰੋਧ ਨਾ ਕਰਨ ਦੀ ਵੀ ਤਾਕੀਦ ਕੀਤੀ।ਇਸ ਮਸਲੇ ’ਤੇ ਬੋਲਦੇ ਹੋਏ ਸਿਰਸਾ ਨੇ ਕਿਹਾ ਕਿ ਭਾਈ ਬਲਦੇਵ ਸਿੰਘ ਵਡਾਲਾ ਦੀ ਪਾਰਟੀ ਨੂੰ ਦਿੱਲੀ ਦੀ ਸਿੱਖ ਸੰਗਤ ਨੇ ਠੁਕਰਾ ਦਿੱਤਾ ਹੈ ਇਸ ਕਰਕੇ ਹਤਾਸ਼ ਅਤੇ ਨਿਰਾਸ਼ ਹੋ ਕੇ ਉਹ ਬੇਲੋੜੇ ਮੁੱਦੇ ਬਣਾ ਰਹੇ ਹਨ।
Punjab Post Daily Online Newspaper & Print Media