Sunday, June 21, 2026

ਸੰਸਦ ਮੈਂਬਰ ਗੁਰਜੀਤ ਔਜਲਾ ਵੱਲੋਂ ਵਿਕਾਸ ਕੰਮਾਂ ਬਾਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ

ਇਕ ਮਹੀਨੇ ਵਿਚ ਨਸ਼ਾ ਖਤਮ ਕਰਨ ਦਾ ਸਕੰਲਪ ਦੁਹਰਾਇਆ

ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਹਾਲ ਹੀ ਵਿਚ ਵੱਡੇ ਫਰਕ ਨਾਲ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਨੌਜਵਾਨ ਆਗੂ  ਗੁਰਜੀਤ ਸਿੰਘ ਔਜਲਾ ਨੇ ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਇਸ ਵਿਚ ਉਨਾਂ ਕੇਂਦਰ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਲਈ ਅਤੇ ਇੰਨਾਂ ਨੂੰ ਹੋਰ ਕਾਰਗਰ ਬਨਾਉਣ ਲਈ ਅਧਿਕਾਰੀਆਂ ਕੋਲੋਂ ਸਹਿਯੋਗ ਅਤੇ ਸੁਝਾਅ ਮੰਗੇ। ਉਨਾਂ ਸਰਹੱਦੀ ਪੱਟੀ ਦੇ ਵਿਕਾਸ ਵੱਲ ਵਿਸ਼ੇਸ਼ ਤਵਜੋਂ ਦੇਣ ਦੀ ਲੋੜ ਮਹਿਸੂਸ ਕਰਦੇ ਹੋਏ ਇਸ ਇਲਾਕੇ ਦੇ ਵਿਕਾਸ ਲਈ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਬਿਊਰਾ ਲਿਆ। ਔਜਲਾ ਨੇ ਕਿਹਾ ਕਿ ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਜੋ ਮਾਣ, ਸਤਿਕਾਰ ਤੇ ਪਿਆਰ ਬਖਸ਼ਿਆ ਹੈ, ਮੈ ਉਸ ਦਾ ਦੇਣ ਤਾਂ ਨਹੀਂ ਦੇ ਸਕਦਾ, ਪਰ ਇਸ ਹਲਕੇ ਦੇ ਲੋਕਾਂ ਲਈ ਕੰਮ ਕਰਨ ਦਾ ਕੋਈ ਮੌਕਾ ਖੁੰਝਣਾ ਨਹੀਂ ਚਾਹੁੰਦਾ।     PPN2503201707
ਉਨਾਂ ਕਿਹਾ ਕਿ ਮੇਰੀ ਤਰਜੀਹ ਇਸ ਸਰਹੱਦੀ ਪੱਟੀ ਦਾ ਵਿਕਾਸ ਕਰਨਾ, ਨੌਜਵਾਨਾਂ ਲਈ ਸਿੱਖਿਆ ਅਤੇ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਅਤੇ ਇਸ ਲਈ ਕੇਂਦਰ ਸਰਕਾਰ ਕੋਲੋਂ ਵੀ ਸਹਿਯੋਗ ਲਿਆ ਜਾਵੇਗਾ।ਉਨਾਂ ਇਸ ਮੌਕੇ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਸ਼ਹਿਰ ਅਤੇ ਪਿੰਡਾਂ ਵਿਚ ਵਿਗੜੀ ਅਮਨ-ਕਾਨੂੰਨ ਦੀ ਹਾਲਤ ਨੂੰ ਸੁਧਾਰਨ ਲਈ ਵਿਸ਼ੇਸ਼ ਯਤਨ ਚੁੱਕਣ ’ਤੇ ਜ਼ੋਰ ਦਿੱਤਾ। ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਦਾ ਜੋ ਸੁਪਨਾ ਲਿਆ ਹੈ, ਉਸ ਲਈ ਅਸੀਂ ਦਿਨ-ਰਾਤ ਪੁਲਿਸ-ਪ੍ਰਸ਼ਾਸਨ ਦਾ ਸਾਥ ਦਿਆਂਗੇ ਅਤੇ ਉਨਾਂ ਵੱਲੋਂ ਲੋਏ ਨਸ਼ਾ ਮੁਕਤੀ ਦੇ ਸੰਕਲਪ ਨੂੰ ਹਰ ਹਾਲਤ ਪੂਰਾ ਕਰਾਂਗਾ। ਔਜਲਾ ਨੇ ਇਸ ਮੌਕੇ ਮੋਟਰ ਸਾਈਕਲਾਂ ਦੇ ਸਾਇਲੈਂਸਰਾਂ ਰਾਹੀਂ ਪਟਾਕੇ ਮਾਰਨ ਵਾਲੇ ਨੌਜਵਾਨਾਂ ’ਤੇ ਵੀ ਸਖਤੀ ਕਰਨ ਦੀ ਹਦਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ, ਤਾਂ ਜੋ ਸ਼ਹਿਰ ਵਿਚ ਪੈਦਾ ਹੁੰਦਾ ਦਹਿਸ਼ਤ ਵਾਲਾ ਮਾਹੌਲ ਨੂੰ ਠੱਲ ਪਾਈ ਜਾ ਸਕੇ।  ਔਜਲਾ ਨੇ ਅੰਮ੍ਰਿਤਸਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਵੀ ਜ਼ਿਲ੍ਹਾ ਅਧਿਕਾਰੀਆਂ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਅਤੇ ਸੈਰ-ਸਪਾਟੇ ਪੱਖੋਂ ਅੰਤਰਰਾਸ਼ਟਰੀ ਪ੍ਰਸਿਧੀ ਵਾਲਾ ਕੇਂਦਰ ਹੈ। ਇੱਥੇ ਆਉਂਦੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਸ਼ਹਿਰ ਵਿਚ ਭੈ ਮੁਕਤ ਅਤੇ ਸਾਫ-ਸੁਥਰਾ ਵਾਤਾਵਰਣ ਸਿਰਜਣ ਦੀ ਲੋੜ ਹੈ, ਇਸ ਲਈ ਭਿਖਾਰੀਆਂ ਦੀ ਮੁਕਤੀ ਵੀ  ਜ਼ਰੂਰੀ ਹੈ। ਇਸ ਤੋਂ ਇਲਾਵਾ ਉਨਾਂ ਆਵਾਜਾਈ ਪ੍ਰਬੰਧ ਨੂੰ ਹੋਰ ਸੁਚਾਰੂ ਕਰਨ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿਕਾਸ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਮੈਂ ਗੁਰੂ ਨਗਰੀ ਦੇ ਵਿਕਾਸ ਲਈ ਦਿਨ-ਰਾਤ ਹਾਜ਼ਰ ਹਾਂ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਦੇ ਸਾਥ ਨਾਲ ਇਸ ਸਰਹੱਦੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਕੇ ਵਿਕਾਸ ਦੀ ਲੀਹਾਂ ’ਤੇ ਪਾ ਕੇ ਰਹਾਂਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨਾਗੇਸ਼ਵਰ ਰਾਓ, ਐਸ.ਪੀ.ਡੀ ਜਗਤਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply