
ਸਮਰਾਲਾ, 25 ਮਾਰਚ (ਪੰਜਾਬ ਪੋਸਟ- ਕੰਗ) – ਐਸ.ਐਸ.ਏ /ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਲੁਧਿਆਣਾ ਇਕਾਈ ਵੱਲੋਂ ਸੂਬਾ ਕਮੇਟੀ ਮੈਂਬਰ ਮਨਰਾਜ ਸਿੰਘ ਵਿਰਕ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਆਪਣਾ ਮੰਗ ਪੱਤਰ ਸੌਂਪਿਆ ਗਿਆ।ਇਸ ਸਬੰਧੀ ਮਨਰਾਜ ਸਿੰਘ ਵਿਰਕ ਨੇ ਦੱਸਿਆ ਕਿ ਐਸ.ਐਸ.ਏ /ਰਮਸਾ ਅਧੀਨ 14 ਹਜ਼ਾਰ ਅਧਿਆਪਕ ਪਿਛਲੇ ਨੌ ਸਾਲਾਂ ਤੋਂ ਆਪਣੀਆਂ ਸੇਵਾਵਾਂ ਕੰਟਰੈਕਟ ਤੇ ਨਿਭਾ ਰਹੇ ਹਨ।ਪਾਰਦਾਰਸ਼ੀ ਢੰਗ ਨਾਲ ਹੋਈ ਇਸ ਭਰਤੀ ਨੂੰ ਅਣਗੌਲਿਆ ਕਰਕੇ ਸਮੂਹ ਅਧਿਆਪਕਾਂ ਨੂੰ ਨਾ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ।ਸਗੋਂ ਇਸ ਤੋਂ ਮਗਰੋਂ ਹੋਈਆਂ ਤਿੰਨ ਭਰਤੀਆਂ ਵਾਲੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ।ਇਸ ਲਈ ਅਧਿਆਪਕਾਂ ਨੇ ਕਾਂਗਰਸ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਦੀਆਂ ਪਰਪੋਜ਼ਲ ਰਿਪੋਰਟਾਂ ਵੀ ਭੇਜੀਆਂ।ਇਥੇ ਜ਼ਿਲ੍ਹਾ ਪ੍ਰੈਸ ਸਕੱਤਰ ਅੰਕੁਸ਼ ਸ਼ਰਮਾ ਅਤੇ ਵਰਿੰਦਰ ਮਾਣਕੀ ਨੇ ਕਿਹਾ ਕਿ ਅਧਿਆਪਕਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ, ਜਿਸ ਕਰਕੇ ਅਧਿਆਪਕਾਂ ਦੇ ਘਰਾਂ ਦੀ ਹਾਲਤ ਬੇਹੱਦ ਕਮਜ਼ੋਰ ਹੋ ਚੁੱਕੀ ਹੈ ਅਤੇ ਅਧਿਆਪਕ ਘਰ ਵਿੱਚ ਕਿਸੇ ਵੀ ਮੈਂਬਰ ਦੇ ਬੀਮਾਰ ਹੋਣ ਦੇ ਬਾਵਜੂਦ ਇਲਾਜ਼ ਕਰਵਾਉਣ ਲਈ ਅਸਮਰੱਥ ਹੋਏ ਪਏ ਹਨ। ਇਸ ਲਈ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਅਤੇ ਅੱਗੇ ਤੋਂ ਤਨਖਾਹਾਂ ਨਾ ਰੋਕਣ ਦੀ ਮੰਗ ਵੀ ਰੱਖੀ ਗਈ। ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਦੱਧਾਹੂਰ ਨੇ ਦੱਸਿਆ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਪੰਜਾਬ ਸਰਕਾਰ ਵੱਲੋਂ ਰੈਗੂਲਰ ਅਧਿਆਪਕਾਂ ਨੂੰ ਛੇਵਾਂ ਪੇ ਕਮਿਸ਼ਨ ਨਾ ਲਾਗੂ ਹੋਣ ਦੀ ਸੂਰਤ ਵਿੱਚ 5 ਪ੍ਰਤੀਸ਼ਤ ਅੰਤਰਿਮ ਰੀਲੀਫ ਦੇਣ ਦਾ ਫੈਸਲਾ ਕੀਤਾ ਹੋਇਆ ਹੈ, ਉਨ੍ਹਾਂ ਐਸ.ਐਸ.ਏ/ ਰਮਸਾ ਅਧਿਆਪਕਾਂ ਲਈ ਵੀ 5 ਪ੍ਰਤੀਸ਼ਤ ਅੰਤਰਿਮ ਅਤੇ 132 ਪ੍ਰਤੀਸ਼ਤ ਡੀ.ਏ ਦੇ ਨਾਲ ਤਨਖਾਹ ਦੀ ਮੰਗ ਕੀਤੀ।ਇਸ ਲਈ ਅਧਿਆਪਕਾਂ ਨੇ ਮੰਗ ਕੀਤੀ ਕਿ ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਸਾਰੀਆਂ ਬਣਦੀਆਂ ਸਹੂਲਤਾਂ ਮੈਡੀਕਲ ਲੀਵ, ਅਰਨਡ ਲੀਵ, ਛੇ ਮਹੀਨੇ ਦੀ ਪ੍ਰਸੂਤਾ ਛੁੱਟੀਆਂ ਦੀ ਮੰਗ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਮੰਗ ਪੱਤਰ ਲੈਂਦੇ ਹੋਏ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸਾਰੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਨੂੰ ਭੇਜਣ ਦੀ ਗੱਲ ਕਹੀ ਅਤੇ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਸਮੇਤ ਮੀਟਿੰਗ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਰਾਜਵੀਰ ਸਿੰਘ ਸਮਰਾਲਾ, ਰਜਿੰਦਰ ਸਿੰਘ, ਜਗਦੀਪ ਸਿੰਘ, ਵਰਿੰਦਰ ਮਾਣਕੀ, ਮੈਡਮ ਨਵਨੀਤ ਕੌਰ, ਅੰਕੁਸ਼ ਸ਼ਰਮਾ, ਸਵਰਨਜੀਤ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media