Wednesday, March 18, 2026

ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 66ਵੀਂ ਕਨਵੋਕੇਸ਼ਨ ਨੂੰ ਕੀਤਾ ਸੰਬੋਧਨ

ਚੰਡੀਗੜ, 27 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਸ਼੍ਰੀ ਐਮ. ਹਾਮਿਦ ਅੰਸਾਰੀ ਨੇ ਕਿਹਾ ਕਿ ਉੱਚ ਸਿੱਖਿਆ ਦਾ ਮੁੱਖ ਮੰਤਵ ਵਿਕਾਸ ਲਈ ਸਵਾਲ ਕਰਨਾ ਅਤੇ ਉਨ੍ਹਾਂ ਦੇ ਉੱਤਰ ਨੂੰ ਅਮਲੀ ਜਾਮਾ ਪਵਾਉਣਾ ਹੈ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 66 ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ, ਵਿਦਿਆਰਥੀਆਂ ਦੇ ਸੁਪਨੇ ਸਾਕਾਰ ਕਰਨ ਦਾ ਸ਼ਾਨਦਾਰ ਮਾਧਿਅਮ ਹਨ।ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਰਤਨ ਪੁਰਸਕਾਰ ਦੇਣਾ ਇੱਕ ਸ਼ਲਾਘਾਯੋਗ ਕੰਮ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਜ਼ਿੰਦਗੀ ਦੀਆਂ ਮੁੱਖ ਲੋੜਾਂ ਨੂੰ ਸਾਰਥਕ ਕਰਨ ਦੇ ਨਾਲ-ਨਾਲ ਵਿਦਿਆ ਦੇ ਵੱਖ-ਵੱਖ ਖੇਤਰਾਂ ਵਿੱਚ ਨਵੇਂ ਦਿਸਹੱਦੇ ਕਾਇਮ ਕਰਨ ਲਈ ਸ਼ਾਨਦਾਰ ਚਾਨਣ ਮੁਨਾਰਾ ਹਨ।

H
H

ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵੱਲੋਂ ਖੋਜ ਦੇ ਕੰਮਾਂ ਕਰਕੇ ਵੱਖ-ਵੱਖ ਵਿਦਵਾਨਾਂ ਨੂੰ ਮੁਹਾਰਤ ਹਾਸਲ ਕਰਵਾਉਣਾ ਅਤੇ ਉਨ੍ਹਾਂ ਦਾ ਬੌਧਿਕ ਪੱਧਰ ਉੱਚਾ ਚੁੱਕਣਾ, ਮਨੁੱਖਤਾ ਦੀ ਸ਼ਾਨਦਾਰ ਸੇਵਾ ਹੈ।ਸ਼੍ਰੀ ਐਮ. ਹਾਮਿਦ ਅੰਸਾਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਬਿਨਾਂ ਕਿਸੇ ਭੈਅ ਦੇ ਆਪਣਾ ਫਰਜ਼ ਨਿਭਾਉਂਦੀਆਂ ਹਨ।ਪੰਜਾਬ ਯੂਨੀਵਰਸਿਟੀ ਦੇਸ਼ ਦੇ ਮੁਢਲੇ ਸਿੱਖਿਆ ਕੇਂਦਰਾਂ ਵਿੱਚੋਂ ਇੱਕ ਹੋਣ ਕਰਕੇ, ਇਸ ਵੱਲੋਂ ਅਣਗਿਣਤ ਵਿਦਵਾਨ ਪੈਦਾ ਕਰਨ ਦਾ ਮਾਣ ਹਾਸਲ ਕਰ ਚੁੱਕੀ ਹੈ।ਅੱਜ ਦੀ ਇਸ ਕਨਵੋਕੇਸ਼ਨ ਵਿੱਚ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੂੰ ਵਿਗਿਆਨ ਰਤਨ ਸਨਮਾਨ ਨਾਲ ਨਿਵਾਜਿਆ ਗਿਆ।ਡਾ. ਜੋਸ਼ੀ ਨੇ ਭੌਤਿਕ ਵਿਗਿਆਨ ਵਿਸ਼ੇ ਵਿੱਚ ਸ਼ਾਨਦਾਰ ਮੱਲਾਂ ਮਾਰੀਆਂ ਹਨ।
ਡਾ. ਗੁਰਦੇਵ ਸਿੰਘ ਖੁਸ਼ ਨੂੰ ਖੇਤੀ ਵਿਗਿਆਨੀ ਦੇ ਤੌਰ `ਤੇ ਗ੍ਰੀਨ ਰੈਵੋਲੂਸ਼ਨ ਰਤਨ ਨਾਲ ਸਨਮਾਨਿਤ ਕੀਤਾ ਗਿਆ। ਡਾ. ਖੁਸ਼ ਨੂੰ ਖੇਤੀ ਵਿੱਚ ਵੰਨ-ਸਵੰਨਤਾ ਲਿਆਉਣ ਅਤੇ ਹਰੀ ਕ੍ਰਾਂਤੀ ਦੇ ਮੋਢੀ ਵਿਗਿਆਨੀਆਂ ਵਿੱਚੋਂ ਹੋਣ ਕਰਕੇ 17 ਦੇਸ਼ਾਂ ਨੇ ਪਹਿਲਾਂ ਹੀ ਸਨਮਾਨਿਤ ਕੀਤਾ ਹੈ।ਸੋਮਾਲੀਆ ਦੇ ਰਾਜਦੂਤ ਸ਼੍ਰੀ ਨੂਰਦੀਨ ਫਰਹਾ ਨੂੰ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਸਾਹਿਤ ਰਤਨ ਸਨਮਾਨ ਦਿੱਤਾ ਗਿਆ।1972 ਤੋਂ ਲੇਖਨ ਦੇ ਖੇਤਰ ਵਿੱਚ ਆਏ ਸ਼੍ਰੀ ਨੂਰਦੀਨ ਫਰਹਾ ਦੀਆਂ ਪੁਸਤਕਾਂ ਦੇ 17 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੇ ਹਨ।
ਪੰਜਾਬੀ ਸਾਹਿਤ ਦੀ ਮੰਨੀ-ਪ੍ਰਮੰਨੀ ਲੇਖਕਾ ਡਾ. ਦਲੀਪ ਕੌਰ ਟਿਵਾਣਾ ਨੂੰ ਪੰਜਾਬੀ ਸਹਿਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਡਾ. ਟਿਵਾਣਾ ਨੂੰ ਪਦਮਸ਼੍ਰੀ ਦਾ ਸਨਮਾਨ ਵੀ ਪ੍ਰਾਪਤ ਹੋ ਚੁੱਕਿਆ ਹੈ।ਅਦਾਕਾਰ ਸ਼੍ਰੀ ਅਨੁਪਮ ਖੇਰ ਨੂੰ ਕਲਾ ਰਤਨ ਸਨਮਾਨ ਨਾਲ ਨਿਵਾਜਿਆ ਗਿਆ। 5 ਸੌ ਫਿਲਮਾਂ ਵਿੱਚ ਕੰਮ ਕਰਨ ਵਾਲੇ ਸ਼੍ਰੀ ਅਨੁਪਮ ਖੇਰ ਨੂੰ ਪਦਮ ਸ੍ਰੀ ਅਤੇ ਪਦਮ ਭੂਸ਼ਣ ਇਨਾਮ ਵੀ ਮਿਲ ਚੁੱਕੇ ਨੇ।ਸ਼੍ਰੀ ਖੇਰ ਪੰਜਾਬ ਯੂਨੀਵਰਸਿਟੀ ਦੇ ਹੀ ਥਿਏਟਰ ਵਿਭਾਗ ਦੇ ਵਿਦਿਆਰਥੀ ਰਹਿ ਚੁੱਕੇ ਹਨ।ਉਹ ਚੰਡੀਗੜ੍ਹ ਦੀ ਸਾਂਸਦ ਸ਼੍ਰੀਮਤੀ ਕਿਰਨ ਖੇਰ ਦੇ ਪਤੀ ਹਨ।
ਡਾ. ਪ੍ਰਸ਼ੋਤਮ ਦਾਸ ਗੁਪਤਾ ਨੂੰ ਵਿਗਿਆਨ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਡਾ. ਗੁਪਤਾ ਹੋਮੀ ਭਾਬਾ ਰਾਸ਼ਟਰੀ ਸੰਸਥਾਨ ਵਿੱਚ ਵਾਈਸ ਚਾਂਸਲਰ ਹਨ।ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਚੁੱਕੇ ਡਾ. ਗੁਪਤਾ ਵਰਤਮਾਨ ਵਾਈਸ ਚਾਂਸਲਰ ਪ੍ਰੋ. ਅਰੁਣ ਕੁਮਾਰ ਗਰੋਵਰ ਦੇ ਜਮਾਤੀ ਹਨ।ਉਨ੍ਹਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਸ਼ਾਨਦਾਰ ਮੱਲਾਂ ਮਾਰਨ ਵਾਸਤੇ ਚਾਰ ਸੋਨ ਤਮਗੇ ਵੀ ਮਿਲ ਚੁੱਕੇ ਹਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰੁਣ ਕੁਮਾਰ ਗਰੋਵਰ ਨੇ ਯੂਨੀਵਰਸਿਟੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ।1947 ਵਿੱਚ ਅਜ਼ਾਦੀ ਤੋਂ ਕੁੱਝ ਮਹੀਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਲਾਹੌਰ ਦੀ 66 ਵੀਂ ਕਨਵੋਕੇਸ਼ਨ ਹੋਈ ਸੀ।ਇਹ ਇਤਫਾਕ ਹੀ ਹੈ ਕਿ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵੀ 66 ਵੀਂ ਕਨਵੋਕੇਸ਼ਨ ਕਰਵਾਈ ਗਈ।
ਅੱਜ ਦੀ ਕਨਵੋਕੇਸ਼ਨ ਵਿੱਚ 400 ਤੋਂ ਵੱਧ ਵਿਦਿਆਰਥੀਆਂ ਨੂੰ ਵੱਖ-ਵੱਖ ਇਮਤਿਹਾਨਾਂ ਵਿੱਚ ਮੱਲਾਂ ਮਾਰਨ ਵਾਸਤੇ ਡਿਗਰੀਆਂ ਅਤੇ ਮੈਡਲ ਦਿੱਤੇ ਗਏ।ਇਨ੍ਹਾਂ 400 ਵਿਦਿਆਰਥੀਆਂ ਵਿੱਚ 313 ਲੜਕੀਆਂ ਅਤੇ ਔੌਰਤਾਂ ਨੇ। ਡਿਗਰੀਆਂ ਲੈਣ ਵਾਲਿਆਂ ਵਿੱਚ 14 ਰਾਜਾਂ ਦੇ ਵਿਦਿਆਰਥੀ ਸ਼ਾਮਲ ਹਨ।ਇਨ੍ਹਾਂ ਵਿੱਚੋਂ 123 ਪੰਜਾਬ ਦੇ, 50 ਹਰਿਆਣਾ ਦੇ, 72 ਚੰਡੀਗੜ੍ਹ ਦੇ ਅਤੇ 34 ਵਿਦੇਸ਼ੀ ਵਿਦਿਆਰਥੀ ਹਨ।ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਦੇ ਮਾਪੇ, ਸਕੇ ਸਬੰਧੀ ਅਤੇ ਮਿੱਤਰ ਪਿਆਰੇ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਡਿਗਰੀ ਧਾਰਕਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply