ਪ੍ਰਿੰ: ਡਾ. ਮਹਿਲ ਸਿੰਘ ਨੇ ਚੇਅਰਮੈਨ ਲੱਖੋਵਾਲ ਦਾ ਕਾਲਜ ਪੁੱਜਣ ’ਤੇ ਕੀਤਾ ਸਵਾਗਤ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵਿਖੇ ਖੇਤੀਬਾੜੀ ਉਪਜ ਦੀ ਮੰਡੀਕਰਨ ਦੀ ਪ੍ਰੀਕ੍ਰਿਆ ਦੌਰਾਨ ਹੁੰਦੀ ਬਰਬਾਦੀ ’ਤੇ 2 ਰੋਜ਼ਾ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਅੱਜ ਸਮਾਪਤ ਹੋ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ 27 ਅਤੇ 28 ਮਾਰਚ ਤੱਕ ਚੱਲੀ ਇਹ ਕਾਨਫਰੰਸ ਨਵੀਂ ਦਿੱਲੀ ਸਥਿਤ ਰਾਜ ਦੇ ਖੇਤੀ ਮੰਡੀ ਬੋਰਡਾਂ ਦੀ ਕੌਮੀ ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਜਿਸ ’ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜ਼ਮੇਰ ਸਿੰਘ ਲੱਖੋਵਾਲ ਨੇ ਮੁੱਖ ਮਹਿਮਾਨ ਤੋਂ ਇਲਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਲੱਖੋਵਾਲ ਨੇ ਆਪਣੇ ਸੰਬੋਧਨੀ ਭਾਸ਼ਣ ’ਚ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ’ਚ ਇਕ ਵੱਡਾ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਖੁਦਕਸ਼ੀਆਂ ਕਰ ਰਿਹਾ ਹੈ। ਮੰਡੀਆਂ ’ਚ ਕਿਸਾਨਾਂ ਨੂੰ ਵਾਜਿਬ ਮੁੱਲ ਨਾ ਪ੍ਰਦਾਨ ਹੋਣ ’ਤੇ ਅੱਜ ਅੰਨਦਾਤਾ ਕਹਾਉਣ ਵਾਲਾ ਕਿਸਾਨ ਦਾਣਿਆਂ ਵਾਂਗੂੰ ਮੰਡੀ ’ਚ ਰੁਲ ਰਿਹਾ ਹੈ। ਉਨ੍ਹਾਂ ਇਸ ਮੌਕੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਕਰਨ ਦੀ ਪ੍ਰੀਕ੍ਰਿਆ ਦੌਰਾਨ ਹੁੰਦੀ ਅੰਨ ਦੀ ਬਰਬਾਦੀ ਨੂੰ ਘਟਾਉਣ ਸਬੰਧੀ ਉਚਿੱਤ ਉਪਰਾਲੇ ਕਰਨ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਆਪਣੇ ਸਵਾਗਤੀ ’ਚ ਆਏ ਵਫ਼ਦਾਂ ਨੂੰ ਜੀ ਆਇਆ ਕਹਿੰਦਿਆ ਉਕਤ ਵਿਭਾਗ ਦੁਆਰਾ ਕਾਨਫਰੰਸ ਆਯੋਜਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨੀ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਚਰਚਾ ਕਰਦਿਆਂ ਕਿਹਾ ਕਿ ਮੰਡੀਕਰਨ ਦੀ ਪ੍ਰੀਕ੍ਰਿਆ ਦੌਰਾਨ ਲੱਖਾ ਟਨ ਅਨਾਜ ਦੀ ਬਰਬਾਦੀ ਹੁੰਦੀ ਹੈ ਜੋ ਕਿ ਭਾਰਤ ਵਰਗੇ ਦੇਸ਼ ਜਿੱਥੇ ਲੱਖਾਂ ਲੋਕ ਭੁੱਖੇ ਸੌਂਦੇ ਹਨ, ਬੜੇ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਕ ਅੰਦਾਜੇ ਮੁਤਾਬਕ ਸਾਲ 2005-2013 ਦੌਰਾਨ 1,94,000 ਟਨ ਕਣਕ-ਝੋਨੇ ਦੀ ਮੰਡੀਕਰਨ ਦੀ ਪ੍ਰੀਕ੍ਰਿਆ ਦੌਰਾਨ ਬਰਬਾਦੀ ਹੋਈ ਸੀ। ਉਕਤ 2 ਰੋਜ਼ਾ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸ਼ੈਸ਼ਨ ਮੌਕੇ ਵਿਭਾਗ ਦੀ ਮੁੱਖੀ ਡਾ. ਰਣਦੀਪ ਕੌਰ ਨੇ ਆਪਣੇ ਭਾਸ਼ਣ ’ਚ ਕਾਨਫਰੰਸ ਅਤੇ ਇਸਦੇ ਮੰਤਵ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ। ਜਿਸ ’ਚ ਵੱਖ-ਵੱਖ ਰਾਜਾਂ ਤੋਂ 100 ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ਕਾਨਫਰੰਸ ’ਚ ਵੱਖ-ਵੱਖ ਮਾਹਿਰਾਂ ਨੇ ਵਿਸ਼ੇ ਨਾਲ ਸਬੰਧਿਤ ਆਪਣੇ-ਆਪਣੇ ਮਹੱਤਵਪੂਰਨ ਵਿਚਾਰਾਂ ਸਾਂਝੇ ਕੀਤੇ।
ਇਸ ਮੌਕੇ ਸ਼ਮਸ਼ੇਰ ਸਿੰਘ ਰੰਧਾਵਾ ਐੱਮ. ਡੀ., ਰਾਜ ਦੇ ਖੇਤੀ ਮੰਡੀ ਬੋਰਡਾਂ ਦੀ ਕੌਮੀ ਕੌਂਸਲ ਨੇ ਆਪਣੇ ਭਾਸ਼ਣ ’ਚ ਭਾਰਤ ਤੇ ਕੁਝ ਬਾਹਰਲੇ ਦੇਸ਼ਾਂ ਦੇ ਮੰਡੀਕਰਨ ਢਾਂਚਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਆਪਣੇ ਭਾਸ਼ਣ ’ਚ ਡਾ. ਵੀ. ਕੇ. ਐੱਮ. ਭੱਟ ਸਾਬਕਾ ਚੀਫ਼ ਜਨਰਲ ਮੈਨੇਜ਼ਰ ਬੋਰਡ ਕਰਨਾਟਕ ਮੰਡੀ ਬੋਰਡ ਨੇ ਮੰਡੀਕਰਨ ਦੀ ਪ੍ਰੀਕ੍ਰਿਆ ਦਾ ਖੇਤੀਬਾੜੀ ਉਪਜ ਦੀ ਬਰਬਾਦੀ ਦੇ ਕਾਰਨਾਂ ਅਤੇ ਇਸ ਬਰਬਾਦੀ ਦੇ ਘੱਟ ਕਰਨ ਦੇ ਢੰਗ-ਤਰੀਕਿਆਂ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਰਣਦੀਪ ਕੌਰ ਨੇ ਨੋਟਬੰਦੀ ਦਾ ਮਟਰਾਂ ਦੇ ਮੰਡੀਕਰਨ ਅਤੇ ਕਿਸਾਨਾਂ ’ਤੇ ਪਏ ਪ੍ਰਭਾਵਾਂ ’ਤੇ ਪਰਚਾ ਪੜ੍ਹਿਆ। ਇਸ ਤੋਂ ਇਲਾਵਾ ਪ੍ਰੋ: ਅਮਨਪ੍ਰੀਤ ਕੌਰ, ਪ੍ਰੋ: ਨਰਲੀਨ ਕੌਰ, ਪ੍ਰੋ: ਅਮਨਦੀਪ ਸਿੰਘ ਨੇ ਵੀ ਵੱਖ-ਵੱਖ ਖੇਤੀ ਉਪਜ਼ਾਂ ਦੇ ਮੰਡੀਕਰਨ ’ਤੇ ਪੇਪਰ ਪੜ੍ਹੇ। ਇਸ ਮੌਕੇ ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਦੇਵ ਸਿੰਘ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media