Friday, February 27, 2026

ਅੰਮ੍ਰਿਤਸਰ ਸਾਹਿਤ ਉਤਸਵ-2017 ਉਤਸ਼ਾਹ ਨਾਲ ਸੰਪਨ

PPN3003201722 ਅੰਮ੍ਰਿਤਸਰ 30 ਮਾਰਚ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਨਾਦ ਪ੍ਰਗਾਸੁ ਸੰਸਥਾ ਵੱਲੋਂ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਸਾਹਿਤ ਉਤਸਵ ਦੇ ਦੂਜੇ ਦਿਨ ਵੀ ਪ੍ਰਮੁੱਖ ਸਾਹਿਤਕ ਸ਼ਖਸੀਅਤਾਂ ਦੀ ਹਾਜਰੀ ਕਾਰਨ ਮਾਹੌਲ ਬੌਧਿਕ ਰੰਗਤ ਭਰਪੂਰ ਰਿਹਾ।  ਸਾਹਿਤ ਉਤਸਵ ਦਾ ਦੂਜਾ ਦਿਨ ਰਾਗ ਗਾਇਨ ਦੇ ਨਾਲ ਸ਼ੁਰੂ ਹੋਇਆ।ਜਿਸ ਵਿਚ ਸਭ ਤੋਂ ਪਹਿਲਾਂ ਲਕਸ਼ਮੀ ਕੌਰ ਦੁਆਰਾ ਗਾਏ ਰਾਗ ਜੋਨਪੁਰੀ ਗਾਇਆ ਗਿਆ। ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤਾ ਗਿਆ।ਇਸ ਉਪਰੰਤ ਕੁਦਰਤ ਖੇੜੇ ਨੂੰ ਰੂਪਮਾਨ ਕਰਦੇ ਰਾਗ ਬਸੰਤ ਅਤੇ ਬਸੰਤ-ਬਹਾਰ ਦੀ ਪੇਸ਼ਕਾਰੀ ਕੀਤੀ ਗਈ।ਜਿਸ ਨੂੰ ਗਾਇਨ ਭਾਈ ਬਲਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੁਆਰਾ ਅਲਾਪਾਂ ਅਤੇ ਤਾਨਾਂ ਦੀ ਕਲਾਤਮਕ ਅਦਾਇਗੀ ਨਾਲ ਨਿਭਾਇਆ ਗਿਆ।ਇਸ ਉਪਰੰਤ “ਚੜ੍ਹਿਆ ਬਸੰਤ” ਕਵੀ ਦਰਬਾਰ ਆਰੰਭ ਹੋਇਆ, ਜਿਸ ਵਿਚ ਪੰਜਾਬੀ ਦੇ 17 ਪ੍ਰਮੁੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਹਾਜਰ ਵਿਦਿਆਰਥੀਆਂ, ਖੋਜਾਰਥੀਆਂ ਅਤੇ ਹੋਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਭ ਤੋਂ ਪਹਿਲਾਂ ਕਵੀ ਦਰਬਾਰ ਦੇ ਆਰੰਭ ਵਿਚ ਪ੍ਰਿੰਸੀਪਲ ਸੁਖਬੀਰ ਕੌਰ ਮਾਹਲ ਨੇ ਨਾਦ ਪ੍ਰਗਾਸੁ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਕਾਰਜਾਂ ਨੂੰ ਆਏ ਸਰੋਤਿਆਂ ਨਾਲ ਸਾਂਝਾ ਕਰਦੇ ਹੋਏ ‘ਚੜ੍ਹਿਆ ਬਸੰਤ’ ਕਵੀ ਦਰਬਾਰ ਵਿਚ ਸ਼ਿਰਕਤ ਕਰ ਰਹੇ ਕਵੀਆਂ ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਇਸ ਉਪਰੰਤ ਆਏ ਸਮੂਹ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਉਦੋਂ ਸਿਖਰ ‘ਤੇ ਪੁੱਜ ਗਿਆ ਜਦੋਂ ਕਵੀ ਸੁਰਿੰਦਰ ਸਿੰਘ ਨੇ ਆਪਣੀ ਕਵਿਤਾ:
“ਅਸੀਂ ਤਾਂ ਜਾਣਾ ਨਾਲ ਤਬੀਬਾਂ, ਨਾਲ ਦੁਆਵਾਂ ਤੋਰ ਨੀ ਮਾਂ।,
ਨੈਣ ਤਕੇਂਦੇ ਦੁਖੜੇ ਦਿਲ ਦੇ, ਸਾਡੀ ਮਰਜ਼ ਤਾਂ ਹੋਰ ਨੀ ਮਾਂ।”
ਨੂੰ ਸਰੋਦੀ ਤਰੰਨਮ ਦੇ ਵਿਚ ਪੇਸ਼ ਕੀਤਾ। ਇਸ ਵਿਸ਼ਾਲ ਕਵੀ ਦਰਬਾਰ ਵਿਚ  ਐਨੇ ਕਵੀਆਂ ਨੂੰ ਇਕੱਠੇ ਦੇਖਣ, ਸੁਣਨ ਅਤੇ ਮਿਲਣ ਦਾ ਮੌਕਾ ਹੋਣ ਕਰਕੇ ਵਿਦਿਆਰਥੀਆਂ ਵਿਚ ਉਤਸ਼ਾਹ ਭਰਪੂਰ ਮਾਹੌਲ ਬਣਿਆ ਹੋਇਆ ਸੀ।ਇਸ ਕਵੀ ਦਰਬਾਰ ਵਿਚ ਮੋਹਨਜੀਤ, ਮਨਜੀਤ ਇੰਦਰਾ, ਮਨਮੋਹਨ, ਵਿਜੇ ਵਿਵੇਕ, ਦਰਸ਼ਨ ਬੁੱਟਰ, ਸੁਖਵਿੰਦਰ ਅੰਮ੍ਰਿਤ, ਗੁਰਚਰਨ, ਡਾ. ਰਵਿੰਦਰ, ਸਰਬਜੀਤ ਕੌਰ ਸੋਹਲ, ਪਰਮਜੀਤ ਸੋਹਲ, ਮੁਕੇਸ਼ ਆਲਮ, ਭੁਪਿੰਦਰਪ੍ਰੀਤ, ਪ੍ਰਕਾਸ਼ ਪ੍ਰਭਾਕਰ ਅਤੇ ਜਗਵਿੰਦਰ ਜੋਧਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਦੀਆਂ ਭਾਵਨਾਵਾਂ ਨੂੰ ਤਰੰਗਤ ਕੀਤਾ।
ਮੋਹਨਜੀਤ ਦੁਆਰਾ ਗਾਈ ਕਵਿਤਾ ਤੇ ਸਮੂਹ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਕਵਿਤਾ ਦੇ ਬੋਲ ਸਨ:
“ਨੀਲ ਰੰਗ ਮੁਰਗਾਈ
ਕਵਿਤਾ ਤੇਰੇ ਸਰਵਰ ਵਿਚੋਂ ਸੁਪਨਾ ਨਾਵਣ ਆਈ
ਹੁਣੇ ਤੂੰ ਗਹਿਰ ਗੰਭੀਰੀ ਹੁਣੇ ਹੁਣੇ ਤੂੰ ਤਰਵਰ ਤਰਵਰ
ਹੁਣੇ ਤੂੰ ਕੱਜਣ ਸੁਹਜ ਬਸੰਤੀ
ਕਵਿਤਾ ਤੇਰੀ ਐਸੀ ਲੀਲਾ ਮੈਂ ਕਾਮਨ ਭਰਮਾਈ”PPN3003201723
ਇਸ ਸਾਲ ਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਪੰਜਾਬੀ ਸਾਹਿਤ ਦੇ ਉੱਘੇ ਵਾਰਤਾਕਾਰ ਪ੍ਰੋ. ਹਰਪਾਲ ਸਿੰਘ ਪੰਨੂੰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਇਹ ਸ਼ਬਦ ਸਨਮਾਨ ਪੰਜਾਬੀ ਸਾਹਿਤ ਵਿਚ ਯੋਗਦਾਨ ਪਾਉਣ ਵਾਲੀ ਕਿਸੇ ਉੱਘੀ ਹਸਤੀ ਨੂੰ ਦਿੱਤਾ ਜਾਂਦਾ ਹੈ। ਜਿਸ ਵਿਚ ਗਿਆਰਾਂ ਹਜ਼ਾਰ ਰੁਪਏ ਦੀ ਰਕਮ, ਸਨਮਾਨ ਪੱਤਰ ਅਤੇ ਸ਼ਾਲ ਸ਼ਾਮਿਲ ਹੁੰਦੇ ਹਨ। ਕਵੀ ਦਰਬਾਰ ਦੇ ਅਖੀਰ ਵਿਚ ਪੰਜਾਬੀ ਕਵਿਤਾ ਦੇ ਪ੍ਰਮੁੱਖ ਹਸਤਾਖਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਪ੍ਰਧਾਨਗੀ ਭਾਸ਼ਣ ਦੇਂਦਿਆਂ ਕਿਹਾ ਕਿ ਚੜ੍ਹਿਆ ‘ਬਸੰਤ ਕਵੀ’ ਦਰਬਾਰ ਆਪਣੀ ਨਿਰੰਤਰਤਾ ਕਾਰਨ ਸ਼ਬਦ ਦਾ ਤੀਰਥ ਬਣ ਚੁੱਕਾ ਹੈ ਅਤੇ ਇਸ ਦੀ ਆਯੋਜਕ ਸੰਸਥਾ ਨਾਦ ਪ੍ਰਗਾਸੁ ਅਤੇ ਇਸ ਨਾਲ ਜੁੜੇ ਖੋਜਾਰਥੀਆਂ ਦੀਆਂ ਬੌਧਿਕ ਸਰਗਰਮੀਆਂ ਨੇ ਪੰਜਾਬ ਦੇ ਅਕਾਦਮਿਕ ਮਾਹੌਲ ਵਿਚ ਮੁੜ ਤਾਜ਼ਗੀ ਪੈਦਾ ਕੀਤੀ ਹੈ, ਜਿਸ ਨਾਲ ਸਾਹਿਤਿਕ ਖੇਤਰ ਵਿਚ ਗਿਆਨ ਦੀਆਂ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਅੰਤ ਵਿਚ ਸਰੋਤਿਆਂ ਦੀ ਮੰਗ ‘ਤੇ ਡਾ. ਪਾਤਰ ਨੇ ਆਪਣੀ ਕਵਿਤਾ ਦਾ ਤਰੰਨੁਮ ਵਿਚ ਪਾਠ ਕੀਤਾ। ਕਵਿਤਾ ਦੇ ਬੋਲ ਸਨ:
“ਕੁੱਝ ਕਹਿ ਕਿ ਮੇਰੇ ਦਿਲ ਦਾ, ਸਭ ਗੁਭਗੁਲਾਟ ਨਿਕਲੇ।
ਨੈਣਾਂ ‘ਚੋਂ ਨੀਰ ਮੇਰੇ, ਸੀਨੇ ‘ਚੋਂ ਲਾਟ ਨਿਕਲੇ।”
ਸਹਿਤ ਉਤਸਵ ਦੇ ਅੰਤ ਵਿਚ ਧੰਨਵਾਦੀ ਮਤਾ  ਗੁਰਭੇਜ ਸਿੰਘ ਗੁਰਾਇਆ, ਸਕੱਤਰ ਪੰਜਾਬੀ ਅਕਾਦਮੀ, ਦਿੱਲੀ ਨੇ ਪੇਸ਼  ਕੀਤਾ। ਜਦਕਿ ਮੰਚ ਸੰਚਾਲਨ ਡਾ. ਰੁਪਿੰਦਰ ਕੌਰ ਅਤੇ ਡਾ. ਅਮਰਜੀਤ ਸਿੰਘ ਨੇ ਕੀਤਾ। ਇਸ ਸਾਰੇ ਸਾਹਿਤ ਉਤਸਵ ਦੌਰਾਨ ਪੁਸਤਕ ਅਤੇ ਚਿਤਰਕਲਾ ਦੀਆਂ ਪ੍ਰਦਰਸ਼ਨੀਆਂ ਸਾਹਿਤ ਜਗਿਆਸੂਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੌਕੇ ਦਿੱਲੀ ਯੂਨੀਵਰਸਿਟੀ, ਦਿੱਲੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ, ਫਤਿਹਗੜ੍ਹ ਸਾਹਿਬ, ਸਥਾਨਕ ਖਾਲਜਾ ਕਾਲਜ, ਖਾਲਸਾ ਕਾਲਜ ਫਾਰ ਵਿਮਨ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ, ਸਰੂਪ ਰਾਣੀ ਸਰਕਾਰੀ ਕਾਲਜ (ਲੜਕੀਆਂ) ਆਦਿ ਵਿਦਿਅਕ ਸੰਸਥਾਵਾਂ ਤੋਂ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply