ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਮੁੱਢਲੇ ਕਾਰਜ ਧਰਮ ਪ੍ਰਚਾਰ ਦੀ ਕਮਾਨ ਹੁਣ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਕੁਲਮੋਹਨ ਸਿੰਘ ਸੰਭਾਲਣਗੇ। ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ `ਚ ਦਿੱਤੀ।ਦਰਅਸਲ 30 ਮਾਰਚ ਨੂੰ ਨਵੇਂ ਕਮੇਟੀ ਅਹੁੱਦੇਦਾਰਾਂ ਦੇ ਕਾਰਜਕਾਲ ਸੰਭਾਲਣ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਅੰਤ੍ਰਿੰਗ ਬੋਰਡ ਵੱਲੋਂ ਥਾਪਿਆ ਗਿਆ ਸੀ।ਪਰ 31 ਮਾਰਚ ਨੂੰ ਰਾਣਾ ਨੇ ਆਪਣੇ ਨਿਜ਼ੀ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਇੱਕ ਪੱਤਰ ਰਾਹੀਂ ਅਹੁੱਦੇ ਤੋਂ ਅਸਤੀਫ਼ਾ ਭੇਜ ਦਿੱਤਾ ਸੀ।ਜਿਸ ਨੂੰ ਜੀ.ਕੇ ਨੇ ਅੱਜ ਪ੍ਰਵਾਨ ਕਰਦੇ ਹੋਏ ਕੁਲਮੋਹਨ ਸਿੰਘ ਨੂੰ ਧਰਮ ਪ੍ਰਚਾਰ ਕਮੇਟੀ ਦਾ ਨਵਾਂ ਚੇਅਰਮੈਨ ਥਾਪ ਦਿੱਤਾ। ਪਰਮਿੰਦਰ ਨੇ ਦੱਸਿਆ ਕਿ ਦਿੱਲੀ ਦੀ ਸਿੱਖ ਸਿਆਸਤ `ਚ ਪਿਛਲੇ 40 ਸਾਲ ਤੋਂ ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਦੇ ਕੇਂਦਰ ਵੱਜੋਂ ਜਾਣੇ ਜਾਂਦੇ ਕੁਲਮੋਹਨ ਸਿੰਘ ਦਾ ਸਿਆਸੀ ਸਫ਼ਰ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਵੱਜੋਂ 1977 `ਚ ਸ਼ੁਰੂ ਹੋਇਆ ਸੀ। 1979 `ਚ ਪਹਿਲੀ ਵਾਰ ਦਿੱਲੀ ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਅੱਜ ਤਕ ਉਨ੍ਹਾਂ ਪਿੱਛੇ ਮੁੜਕੇ ਨਹੀਂ ਦੇਖਿਆ।1979 ਤੋਂ 24 ਮਾਰਚ 2017 ਤਕ ਲਗਾਤਾਰ ਲਗਭਗ 38 ਵਰ੍ਹੇ ਦਿੱਲੀ ਕਮੇਟੀ ਮੈਂਬਰ ਰਹਿਣ ਦੌਰਾਨ ਕੁਲਮੋਹਨ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ, ਮੁਖ ਸਲਾਹਕਾਰ, ਜੁਆਇੰਟ ਸਕੱਤਰ ਅਤੇ ਜਨਰਲ ਸਕੱਤਰ ਰਹਿਣ ਦੇ ਨਾਲ ਹੀ ਤਖਤ ਪਟਨਾ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਵੱਜੋਂ ਲਗਭਗ 3.5 ਸਾਲ ਪ੍ਰਭਾਵਸ਼ਾਲੀ ਸੇਵਾ ਨਿਭਾਈ ਹੈ।ਪਰਮਿੰਦਰ ਨੇ ਕੁਲਮੋਹਨ ਸਿੰਘ ਦੀ ਅਗਵਾਈ ਹੇਠ ਧਰਮ ਪ੍ਰਚਾਰ ਦੇ ਖੇਤਰ ਵਿਚ ਕਮੇਟੀ ਵੱਲੋਂ ਇਤਿਹਾਸਿਕ ਕਾਰਜ ਕਰਨ ਦੀ ਆਸ ਜਤਾਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media