Wednesday, June 10, 2026

ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਲਈ ਕੈਪਟਨ ਸਰਕਾਰ ਵਚਨਬੱਧ- ਸਰਕਾਰੀਆ

ਅੰਮਿ੍ਰਤਸਰ, 7 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਖੇਤੀਬਾੜੀ ਵਿਭਾਗ ਵੱਲੋਂ ਖਾਲਸਾ ਕਾਲਜ ਵਿਚ ਲਗਾਏ ਗਏ ਖੇਤੀ ਮੇਲੇ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਦੇ ਕੀਤੇ ਆਪਣੇ ਵਾਅਦੇ ’ਤੇ ਕਾਇਮ ਹਨ ਅਤੇ ਇਹ ਹਰ ਹਾਲਤ ਮੁਆਫ ਕੀਤੇ ਜਾਣਗੇ। ਆ ਰਹੀ ਹਾੜੀ ਦੀ ਫਸਲ ਬਾਰੇ ਬੋਲਦੇ ਉਨਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਕਣਕ ਦਾ ਖਰੀਦੇਗੀ ਅਤੇ ਕਿਸਾਨ ਨੂੰ 12 ਘੰਟੇ ਤੋਂ ਵੱਧ ਮੰਡੀ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ।PPN0704201715
ਉਨਾਂ ਕਿਸਾਨਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਸਰਕਾਰਾਂ ਤਾਂ ਆਪਣਾ ਕੰਮ ਕਰ ਰਹੀਆਂ ਹਨ, ਪਰ ਸਾਨੂੰ ਸਾਰਿਆਂ ਨੂੰ ਆਪਣੇ ਖੇਤੀ ਖਰਚੇ ਘੱਟ ਕਰਨ ਅਤੇ ਕੰਮ ਦਾ ਸਭਿਆਚਾਰ, ਜੋ ਕਿ ਪਿੰਡਾਂ ਵਿਚ ਵਿਸਰ ਗਿਆ ਹੈ, ਨੂੰ ਮੁੜ ਅਪਨਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਸਰਕਾਰ ਇਹ ਕੋਸ਼ਿਸ਼ ਕਰੇਗੀ ਕਿ ਨਵੀਂ ਖੇਤੀ ਮਸ਼ਿਨਰੀ ਜੋ ਕਿ ਛੋਟੇ ਕਿਸਾਨਾਂ ਲਈ ਖਰੀਦਣੀ ਅਸਾਨ ਨਹੀਂ, ਨੂੰ ਖੇਤਾਂ ਤੱਕ ਪਹੁੰਚਾਉਣ ਲਈ ਬਲਾਕ ਪੱਧਰ ’ਤੇ ਖੇਤੀ ਸੰਦ ਕਿਰਾਏ ’ਤੇ ਦੇਣ ਲਈ ਕੇਂਦਰ ਖੋਲੇ ਜਾਣ।
ਸਰਕਾਰੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਵਿਭੰਨਤਾ ਦੀ ਖੇਤੀ ਅਤੇ ਸਹਾਇਕ ਧੰਦੇ ਅਪਨਾਉਣ, ਤਾਂ ਕਿ ਉਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਉਨਾਂ ਕਿਹਾ ਕਿ ਸਾਨੂੰ ਮਾਹਿਰਾਂ ਦੀਆਂ ਗੱਲਾਂ ਤੋਂ ਸਿੱਖਣ ਅਤੇ ਉਸਨੂੰ ਆਪਣੇ ਕੰਮ ਵਿਚ ਅਪਨਾਉਣ ਦੀ ਲੋੜ ਹੈ। ਅਜੇ ਤੱਕ ਬਹੁਤੇ ਕਿਸਾਨ ਆਪਣੇ ਖੇਤਾਂ ਦੀ ਮਿਟੀ ਪਰਖ ਨਹੀਂ ਕਰਵਾ ਸਕੇ, ਜੋ ਕਿ ਮੁਫਤ ਵਿਚ ਹੁੰਦੀ ਹੈ। ਉਨਾਂ ਕਿਹਾ ਕਿ ਅਜਿਹੇ ਕਾਰਨਾਂ ਕਰਕੇ ਸਾਡੇ ਖੇਤੀ ਖਰਚੇ ਵੱਧ ਗਏ ਹਨ ਅਤੇ ਆਮਦਨ ਘਟ ਗਈ ਹੈ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਕਿਸਾਨਾਂ ਨੂੰ ਨਵੀਂ ਤਕਨੀਕ ਅਪਨਾ ਕੇ ਵੱਧ ਮੁਨਾਫਾ ਕੁਮਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਛੋਟੇ ਹੋ ਰਹੇ ਖੇਤਾਂ ਵਿਚੋਂ ਵੱਧ ਝਾੜ ਵੀ ਇਕ ਹੱਦ ਤੱਕ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਅਸੀਂ ਨਵੀਆਂ ਤਕਨੀਕਾਂ ਨਾਲ ਖੇਤੀ ਖਰਚੇ ਘੱਟ ਕਰਕੇ ਵੱਧ ਮੁਨਾਫਾ ਜ਼ਰੂਰ ਕਮਾ ਸਕਦੇ ਹਾਂ। ਉਨਾਂ ਕਿਸਾਨਾਂ ਨੂੰ ਨਸ਼ਾ ਮੁਕਤ ਹੋਣ, ਕੰਮ ਕਰਨ ਦੀ ਆਦਤ ਨਵੀਂਂ ਪੀੜੀ ਤੱਕ ਪਾਉਣ, ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਨ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ’ਤੇ ਜ਼ੋਰ ਦਿੱਤਾ। ਉਨਾਂ ਆਪਣੇ ਤਜ਼ਰਬੇ ਨਾਲ ਦੱਸਿਆ ਕਿ ਕਿਵੇਂ ਖੇਤ ਵਿਚ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਵਾਲੇ ਕਿਸਾਨ ਵੱਧ ਝਾੜ ਪ੍ਰਾਪਤ ਕਰ ਰਹੇ ਹਨ। ਖਾਲਸਾ ਕਾਲਜ ਦੇ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਖੇਤੀ ਮੇਲੇ ਲਈ ਕਾਲਜ ਦੀ ਚੋਣ ਕਰਨ ’ਤੇ ਮਹਿਕਮੇ ਦਾ ਧੰਨਵਾਦ ਕੀਤਾ ਅਤੇ ਆਈਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ। ਖੇਤੀਬਾੜੀ ਕਾਲਜ ਦੇ ਪਿੰਸੀਪਲ ਡਾ. ਰਣਦੀਪ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਯੁਕਤ ਡਾਇਰੈਕਟਰ ਖੇਤੀਬਾੜੀ ਜਸਬੀਰ ਸਿੰਘ ਬੈਂਸ, ਡਾ. ਦਲਬੀਰ ਸਿੰਘ ਛੀਨਾ, ਡਾ. ਮਨਦੀਪ ਪੁਜ਼ਾਰਾ, ਡਾ. ਬਾਜ ਸਿੰਘ, ਪ੍ਰੋ. ਸਤਨਾਮ ਸਿੰਘ, ਡਾ. ਸਤਿੰਦਰ ਸਿੰਘ ਸੰਧੂ, ਡਾ. ਗੁਰਦੀਪ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਖੇਤੀਬਾੜੀ ਵਿਭਾਗ ਨੇ ਇਸ ਮੌਕੇ ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿਚ ਹੀ ਸੰਭਾਲਣ ਵਾਲੇ ਕਈ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply