ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਦਿਵਸ ਮੌਕੇ ਉਚੇਚੇ ਤੌਰ ’ਤੇ ਪ੍ਰੋਗਰਾਮ ’ਚ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਸਿਹਤ ਅਤੇ ਸ਼ੁੱਧ ਤੇ ਸਾਫ਼-ਸੁੱਥਰੀ ਖੁਰਾਕ ਸਬੰਧੀ ਜਾਗਰੂਕ ਕੀਤਾ। 
ਉਨ੍ਹਾਂ ਆਪਣੇ ਸੰਬੋਧਨੀ ਭਾਸ਼ਣ ’ਚ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਬਣਨ ਲਈ ਸੁਝਾਅ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਸਰੀਰ ’ਚ ਸਿਹਤਮੰਦ ਦਿਮਾਗ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸੰਤੁਲਿਤ ਖੁਰਾਕ ਖਾਣ ਨਾਲ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਜਿੱਥੇ ਪੂਰਨ ਵਿਕਾਸ ਹੁੰਦਾ ਹੈ, ਉੱਥੇ ਇਸ ਨਾਲ ਮਾਸ ਪੇਸ਼ੀਆਂ ਅਤੇ ਹੱਡੀਆਂ ਵੀ ਦਰੁਸਤ ਰਹਿੰਦੀਆਂ ਹਨ।ਉਨ੍ਹਾਂ ਕਿਹਾ ਕਿ ਚੰਗੀ ਸਕਾਰਤਮਿਕ ਸੋਚ ਸਿਹਤਮੰਦ ਦਿਮਾਗ ਤੇ ਸਾਫ਼-ਸੁੱਥਰੇ ਵਾਤਾਵਰਣ ’ਤੇ ਨਿਰਭਰ ਕਰਦੀ ਹੈ, ਪਰ ਅਫ਼ਸੋਸ ਕਿ ਆਧੁਨਿਕਤਾ ਦੇ ਇਸ ਯੁੱਗ ’ਚ ਨੌਜਵਾਨ ਆਪਣੀ ਅਸਲ ਖੁਰਾਕ ਦੁੱਧ, ਦਹੀ, ਪਨੀਰ, ਫ਼ਲ-ਫ਼ਰੂਟ ਅਤੇ ਹਰੀਆਂ-ਭਰੀਆਂ ਸਬਜ਼ੀਆਂ ਕਿਨਾਰੇ ਕਰਦੇ ਹੋਏ ਮਨ ਭਟਕਾਊ ਖਾਣਿਆਂ ਵੱਲ ਮੋਹਿਤ ਹੁੰਦੇ ਜਾ ਰਹੇ ਹਨ, ਜੋ ਸਿਰਫ਼ ਜੀਭ ਦਾ ਸਵਾਦ ਅਤੇ ਸਿਹਤ ਸਬੰਧੀ ਨੁਕਸਾਨਦਾਇਕ ਹਨ। ਇਸ ਮੌਕੇ ਡਾ. ਹਰਮੋਹਿੰਦਰ ਸਿੰਘ ਨਾਗਪਾਲ, ਰਿਧੀ ਖੰਨਾ, ਡਾ. ਸੋਨਾਲੀ ਪੰਕਜ, ਡਾ. ਜਤਿੰਦਰ ਮਲਹੋਤਰਾ, ਡਾ. ਰਾਜੇਸ਼ ਮਹਾਜਨ, ਡਾ. ਪੀ.ਡੀ ਗਰਗ, ਡਾ. ਰਵੀ ਮਹਾਜਨ, ਡਾ. ਹਰਦਾਸ ਸਿੰਘ ਸੰਧੂ, ਡਾ. ਪ੍ਰਦੀਪ ਚਾਵਲਾ ਆਦਿ ਸਖਸ਼ੀਅਤਾਂ ਨੇ ਆਪਣੇ-ਆਪਣੇ ਸੰਬੋਧਨੀ ਭਾਸ਼ਣ ’ਚ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ। ਇਸ ਮੌਕੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਹਰੀਆਂ ਸਬਜ਼ੀਆਂ, ਫਲ, ਦੁੱਧ, ਦਹੀ, ਸਲਾਦ ਆਦਿ ਪੌਸ਼ਟਿਕ ਅਹਾਰ ਲੈਣ ਕਿਹਾ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਚੰਗੀ ਤੇ ਪੌਸ਼ਟਿਕ ਖੁਰਾਕ ਲੈਣ ਸਬੰਧੀ ਦਿੱਤੀ ਜਾਣਕਾਰੀ ਵਿਦਿਆਰਥੀਆਂ ਲਈ ਮਹੱਤਵ ਪੂਰਨ ਹੋਵੇਗੀ।ਜਿਸ ਨੂੰ ਅਪਣਾ ਕੇ ਉਹ ਤੰਦਰੁਸਤ ਅਤੇ ਸਿਹਤਮੰਦ ਰਹਿਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਸੌਣ ਅਤੇ ਸਮੇਂ ’ਤੇ ਜਾਗ ਕੇ ਸੈਰ ਤੇ ਕਸਰਤ ਕਰਨ ਦੇ ਫ਼ਾਇਦੇ ਦੱਸੇ। ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media