Thursday, June 11, 2026

ਬੀ.ਪੀ.ਐਲ.ਪਰਿਵਾਰ ਦੀੳਾ ਔਰਤਾਂ ਵਲੋਂ ਸਵੈ-ਰੋਜ਼ਗਾਰ ’ਚ ਨਵੀਆਂ ਪੁਲਾਂਘਾ

PPN1004201403ਬਠਿੰਡਾ, 10 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਆਫ਼ ਇੰਡੀਆ ਦੁਆਰਾ ਰੈਡ ਕਰਾਸ ਭਵਨ ਵਿਖੇ ਚਲਾਏ ਜਾ ਰਹੇੇ ਪੇਂਡੂ ਸਵੈ-ਰੋਜਗਾਰ ਸਿਖਲਾਈ ਕੇਂਦਰ (ਆਰ-ਸੇਟੀ) ’ਚ ਸਿਖਲਾਈ ਲੈ ਕੇ ਬੀ.ਪੀ.ਐਲ ਪਰਿਵਾਰਾਂ ਦੀਆਂ ਔਰਤਾਂ ਨੇ ਨਾ ਸਿਰਫ਼ ਸਵੈ-ਰੋਜਗਾਰ ਦੇ ਖੇਤਰ ਵਿਚ ਨਵੀਆਂ ਪੁਲਾਂਘਾ ਪੁੱਟੀਆਂ ਬਲਕਿ ਆਪਣੇ ਪਰਿਵਾਰਾਂ ਦੀ ਆਮਦਨ ’ਚ ਵੀ ਵਾਧਾ ਕੀਤਾ ਹੈ। ਇਨ੍ਹਾਂ ਔਰਤਾਂ ਨੇ ਇਸ ਕੇਂਦਰ ਵਿਖੇ ਵੱਖ-ਵੱਖ ਕਿੱਤਾ ਮੁਖੀ ਕੋਰਸ ਕਰਕੇ ਪਿੰਡਾਂ ’ਚ ਆਪਣੇ ਕੰਮ ਸ਼ੁਰੂ ਕੀਤੇ ਹਨ ਅਤੇ ਇਹ ਔਰਤਾਂ ਹੋਰਨਾਂ ਲੋਕਾਂ ਲਈ ਮਿਸਾਲ ਹਨ। ਇਸ ਗੱਲ ਦਾ ਪ੍ਰਗਰਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਆਰ-ਸੇਟੀ ਤੋਂ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰਨ ਵਾਲੀਆਂ 3 ਔਰਤਾਂ ਅਤੇ 1 ਪੁਰਸ਼ ਨੂੰ ਸਨਮਾਨਿਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਗੋਬਿੰਦਪੁਰਾ ਦੀ ਸਰਬਜੀਤ ਕੌਰ ਅਤੇ ਪਿੰਡ ਪੱਕਾ ਕਲਾਂ ਦੀ ਹਰਪ੍ਰੀਤ ਕੌਰ ਨੇ ਆਰ. ਸੇਟੀ ਵਿਖੇ ਬਿਊਟੀ ਪਾਰਲਰ ਅਤੇ ਡਰੈਸ ਡਿਜ਼ਾਈਨਿੰਗ ਸਿੱਖੀ। ਇਸ ਉਪਰੰਤ ਇਨ੍ਹਾਂ ਨੇ ਆਪਣੇ ਘਰਾਂ ’ਚ ਕੰਮ ਸ਼ੁਰੂ ਕੀਤਾ ਅਤੇ ਅੱਜ ਇਨ੍ਹਾਂ ਦੀ ਆਮਦਨ 10,000 ਰੁਪਏ ਪ੍ਰਤੀ ਮਹੀਨਾ ਹੈ। ਇਸੇ ਤਰ੍ਹਾਂ ਪਿੰਡ ਕੋਟ ਸ਼ਮੀਰ ਦੀ ਮਨਜੀਤ ਕੌਰ ਨੇ ਡਰੈਸ ਡਿਜ਼ਾਈਨਿੰਗ ਦੀ ਸਿਖਲਾਈ ਲੈ ਕੇ ਪਿੰਡ ’ਚ ਸਿਲਾਈ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਨਾਲ ਹੀ ਪ੍ਰਚੂਨ ਦੀ ਦੁਕਾਨ ਖੋਲੀ ਹੈ। ਉਹ 300 ਰੁਪਏ ਪ੍ਰਤੀ ਦਿਨ ਕਮਾ ਰਹੀ ਹੈ। ਇਹ ਦੁਕਾਨ ਖੋਲਣ ਲਈ ਮਨਜੀਤ ਕੌਰ ਨੇ ਆਰ. ਸੇਟੀ ਦੁਆਰਾ ਹੀ ਆਸਾਨ ਕਿਸ਼ਤਾਂ ’ਤੇ ਬੈਂਕ ਤੋਂ ਕਰਜ਼ਾ ਲਿਆ ਸੀ। ਇਸੇ ਤਰ੍ਹਾਂ ਪਿੰਡ ਕੋਠੇ ਫੂਲਾ ਸਿੰਘ ਦੇ ਲਛਮਣ ਸਿੰਘ ਨੇ ਆਰ. ਸੇਟੀ. ਤੋਂ ਪਲੰਬਰ ਦਾ ਕੰਮ ਸਿੱਖਿਆ ਅਤੇ ਅੱਜ ਉਹ ਠੇਕੇ ’ਤੇ ਕੰਮ ਕਰਕੇ ਚੰਗੀ ਆਮਦਨ ਕਮਾ ਰਿਹਾ ਹੈ।
ਆਰ-ਸੇਟੀ ਕਮੇਟੀ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਸਾਲ 2016-17 ਦੌਰਾਨ 539 ਸਿੱਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ’ਚ ਟ੍ਰੇਨਿੰਗ ਦਿੱਤੀ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਨਾਉਣ ’ਚ ਵੱਡਾ ਯੋਗਦਾਨ ਪਾਇਆ।ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੇਂਡੂ ਸਾਖਰਤਾ ਮਿਸ਼ਨ ਤਹਿਤ ਆਉਂਦੇ ਸਵੈ ਸਹਾਇਤਾ ਗਰੁੱਪ ਦੀਆਂ ਔਰਤਾਂ ਨੂੰ ਵੀ ਇਥੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੇਂ ਦੀ ਲੋੜ ਅਨੁਸਾਰ ਤਿਆਰ ਕੀਤੇ ਗਏ ਕੋਰਸਾਂ ਜਿਵੇਂ ਕਿ ਰਾਜ ਮਿਸਤਰੀ, ਡਰੈਸ ਡਿਜ਼ਾਈਨਿੰਗ, ਪਲੰਬਰ, ਬਿਊਟੀ ਪਾਰਲਰ, ਮਧੂ ਮੱਖੀ ਪਾਲਣ, ਮੋਬਾਇਲ ਫ਼ੋਨ ਸਰਵਿਸ, ਸਿਲਾਈ ਕਢਾਈ ਆਦਿ ਤਹਿਤ ਪੇਂਡੂ ਇਲਾਕੇ ਦੇ ਬੀ.ਪੀ.ਐਲ ਪਰਿਵਾਰਾਂ ਦੇ ਨੌਜਵਾਨਾਂ ਨੂੰ ਇਹ ਸਿੱਖਿਆ ਮੁਫ਼ਤ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਾਲ 4 ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ’ਚ ਕਰਿਆਨੇ ਦੀ ਦੁਕਾਨ ਦਾ ਕੰਮ, ਘਰਾਂ ’ਚ ਬਿਜਲੀ ਦੀ ਫੀਟਿੰਗ ਦਾ ਕੰਮ, ਰੰਗ-ਰੋਗਨ ਦਾ ਕੰਮ ਅਤੇ ਸਬਜ਼ੀ ਲਗਾਉਣ ਅਤੇ ਸਾਂਭਣ ਦਾ ਕੰਮ ਸ਼ਾਮਲ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਦੀ ਇਮਾਰਤ ’ਚ ਚਲਾਇਆ ਜਾ ਰਿਹਾ ਇਹ ਸੈਂਟਰ ਹੁਣ ਤੱਕ 2000 ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਲਾਹੇਵੰਦ ਕੋਰਸ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਪੇਂਡੂ ਬੀ.ਪੀ.ਐਲ ਪਰਿਵਾਰ ਦੇ 23 ਸਾਲ ਤੋਂ 28 ਸਾਲ ਤੱਕ ਦੇ ਨੌਜਵਾਨਾਂ ਨੂੰ ਕਿੱਤਾ ਮੁਖੀ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਰਸ ਪੂਰਾ ਕਰਨ ਤੋਂ ਬਾਅਦ ਇਨ੍ਹਾਂ ਸਿੱਖਿਆਰਥੀਆਂ ਨੂੰ ਬੈਂਕਾਂ ਵਲੋਂ ਆਸਾਨ ਕਿਸ਼ਤਾਂ ’ਤੇ ਕਰਜ਼ਾ ਦਿੱਤਾ ਜਾਦਾ ਹੈ, ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਕੋਰਸ ਪੂਰਾ ਹੋਣ ਤੋਂ 2 ਸਾਲ ਬਾਅਦ ਤੱਕ ਇਨ੍ਹਾਂ ਸਿਖਿਆਰਥੀਆਂ ਨੂੰ ਆਰ-ਸੇਟੀ ਸੈਂਟਰ ਸਹਾਰਾ ਦਿੰਦਾ ਹੈ।ਉਨ੍ਹਾਂ ਕਿਹਾ ਕਿ ਆਰ-ਸੇਟੀ ਤੋਂ ਕਿੱਤਾ ਮੁਖੀ ਕੋਰਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਬੈਂਕਾਂ ਵੱਲੋਂ ਅਸਾਨ ਕਿਸਤਾਂ ’ਤੇ ਕਰਜ਼ਾ ਦਿੱਤੇ ਜਾਣ ਤਾਂ ਜੋ ਉਨ੍ਹਾਂ ਨੂੰ ਸਵੈ-ਰੁਜਗਾਰ ਦੇ ਮੌਕੇ ਦਿੱਤੇ ਜਾ ਸਕਣ। ਇਸ ਬੈਠਕ ’ਚ ਆਰ-ਸੇਟੀ ਦੇ ਡਾਇਰੈਕਟਰ ਜਸਬੀਰ ਸਿੰਘ, ਜੁਆਇੰਨ ਡਾਇਰੈਕਟਰ ਐਮ.ਐਮ. ਬਹਿਲ, ਜ਼ਿਲ੍ਹਾ ਉਦਯੋਗਿਕ ਕੇਂਦਰ ਤੋਂ ਦਰਸ਼ਨ ਸਿੰਘ, ਡਿਪਟੀ ਲੀਡ ਬੈਂਕ ਮੈਨੇਜਰ ਰਾਜੀਵ ਕੁਮਾਰ, ਏ.ਜੀ. ਐਮ. ਵਿਕਾਸ ਮਿੱਤਲ, ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਜੇ. ਐਸ. ਬਰਾੜ, ਕਿਰਨ ਕੁਮਾਰ, ਸ਼੍ਰੀਮਤੀ ਮੀਨਾਕਸ਼ੀ ਗੁਪਤਾ ਵੀ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply