ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)-ਪੰਜਾਬੀ ਸਾਹਿਤ ’ਚ ਨਿਵੇਕਲੀਆਂ ਪੈੜਾਂ ਸਿਰਜਣ ਵਾਲੇ ਸਾਹਿਤਕ ਰਸਾਲੇ ‘ਏਕਮ’ ਦੇ ਪੰਜ ਵਰ੍ਹੇ ਪੂਰੇ ਹੋਣ ’ਤੇ ਏਕਮ ਸਾਹਿਤਕ ਮੰਚ ਵੱਲੋਂ ਸਥਾਨਕ ਵਿਰਸਾ ਵਿਹਾਰ ’ਚ ਸਾਹਿਤਕ ਸਨਮਾਨ ਸਮਾਰੋਹ ਅਤੇ ਕਾਵਿ ਮਹਿਫਲ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਦੇ ਚਰਚਿਤ ਸ਼ਾਇਰ ਵਾਹਿਦ ਦੇ ਗਜ਼ਲ ਸੰਗ੍ਰਹਿ ‘ਪ੍ਰਿੰਜਮ ’ਚੋਂ ਲੰਘਦਾ ਸ਼ਹਿਰ’ ਅਤੇ ਸ਼ਾਇਰਾ ਸੰਦੀਪ ਦੀ ਕਾਵਿ ਪੁਸਤਕ ‘ਰੂਹ ਦੀ ਪਰਵਾਜ਼’ ਨੂੰ ਸਾਹਿਤਕ ਪੁਰਸਕਾਰ ਪ੍ਰਦਾਨ ਕੀਤੇ ਗਏ। ‘ਏਕਮ’ ਦੀ ਸੰਪਾਦਕ ਅਰਤਿੰਦਰ ਸੰਧੂ ਨੇ ਮਹਿਮਾਨ ਸ਼ਾਇਰਾਂ ਦੀ ਜਾਣ-ਪਹਿਚਾਣ ਕਰਵਾਉਂਦਿਆਂ ਏਕਮ ਦੇ ਪੰਜ ਵਰ੍ਹਿਆਂ ਦੇ ਸਾਹਿਤਕ ਸਫਰ ਦੀ ਜਾਣਕਾਰੀ ਸਾਂਝੀ ਕੀਤੀ।ਕੇਵਲ ਧਾਲੀਵਾਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਉਭਰਦੇ ਸ਼ਾਇਰਾਂ ਲਈ ਅਜਿਹੇ ਪੁਰਸਕਾਰ ਨਵੀਆਂ ਦਿਸ਼ਾਵਾਂ ਨਿਰਧਾਰਿਤ ਕਰਦੇ ਹਨ।ਦੋਵਾਂ ਪੁਸਤਕਾਂ ਉਪਰ ਪਰਚੇ ਪੜ੍ਹਦਿਆਂ ਡਾ. ਵਿਸ਼ਾਲ ਅਤੇ ਡਾ. ਸਰਬਜੀਤ ਕੌਰ ਨੇ ਕਿਹਾ ਕਿ ਦੋਵਾਂ ਸ਼ਾਇਰਾਂ ਕੋਲ ਆਪਣੀ ਗੱਲ ਕਹਿਣ ਦਾ ਹੁਨਰ ਬਾ-ਕਮਾਲ ਹੈ।ਸੰਖੇਪ ’ਚ ਹੋਈ ਵਿਚਾਰ ਚਰਚਾ ’ਚ ਹਿੱਸਾ ਲੈਂਦਿਆਂ ਡਾ. ਮੋਹਨ ਤਿਆਗੀ ਨੇ ਕਿਹਾ ਕਿ ਅੱਜ ਦੀ ਸ਼ਾਇਰੀ ਮਾਨਵੀ ਮਨਾਂ ਦੇ ਤਨਾਅ, ਉਲਝਣਾਂ ਅਤੇ ਅਧੂਰੀਆਂ ਇੱਛਾਵਾਂ ਦੇ ਨਾਲ-ਨਾਲ ਸਮਾਜਿਕ ਸਮੱਸਿਆ ਦਾ ਕੌੜਾ ਸੱਚ ਵੀ ਬਿਆਨਦੀ ਹੈ।ਹਰਮੀਤ ਵਿਦਿਆਰਥੀ ਨੇ ਇਨਾਮਾਂ-ਸਨਮਾਨਾਂ ਤੇ ਹੁੰਦੀ ਰਾਜਨੀਤੀ ਤੇ ਉਂਗਲ ਧਰਦਿਆਂ ਕਿਹਾ ਕਿ ਲੇਖਕ ਨੂੰ ਆਪਣੀ ਸੋਚ ਆਪਣੀ ਲੇਖਣੀ ਦੇ ਇਰਦ-ਗਿਰਦ ਹੀ ਰੱਖਣੀ ਚਾਹੀਦੀ ਹੈ।
ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਦੀ ਸਹਾਰਨਾ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਜਿਹੇ ਸਮਾਗਮ ਸਭ ਤੋਂ ਉਤਮ ਸਾਧਨ ਹਨ। ਡਾ. ਰਵਿੰਦਰ ਨੇ ਦੱਸਿਆ ਕਿ ਨਵੇਂ ਲੇਖਕ ਪੂਰੀ ਸੁਹਿਰਦਾ ਨਾਲ ਸਾਹਿਤਕ ਪਿੜ ਵਿੱਚ ਗੌਲਣਯੋਗ ਸਥਾਨ ਬਣਾ ਰਹੇ ਹਨ। ਪ੍ਰੋ: ਸਤਨਾਮ ਕੌਰ ਰੰਧਾਵਾ ਅਤੇ ਜਗਦੀਸ਼ ਸਚਦੇਵਾ ਨੇ ਧੰਨਵਾਦ ਕੀਤਾ, ਜਦਕਿ ਪ੍ਰੋ: ਸਿਮਰਜੀਤ ਅਤੇ ਜਸਪਾਲ ਕੌਰ ਨੇ ਸ਼ਾਇਰਾਨਾ ਅੰਦਾਜ਼ ’ਚ ਸਮਾਗਮ ਦਾ ਮੰਚ ਸੰਚਾਲਣ ਕੀਤਾ। ਇਸ ਸਮੇਂ ਹੋਏ ਕਵੀ ਦਰਬਾਰ ’ਚ ਨਿਰਮਲ ਅਰਪਨ, ਸਰਬਜੀਤ ਸਿੰਘ ਸੰਧੂ, ਮਲਵਿੰਦਰ, ਜਗਤਾਰ ਗਿੱਲ, ਡਾ. ਸਤਨਾਮ ਸਿੰਘ ਗਿੱਲ, ਇਦੰਰੇਸ਼ ਮੀਤ, ਪ੍ਰੋ: ਲਖਵਿੰਦਰ ਸਿੰਘ, ਹਰਭਜਨ ਖੇਮਕਰਨੀ, ਡਾ. ਦੀਪਤੀ, ਧਰਵਿੰਦਰ ਔਲਖ, ਡਾ. ਮੋਹਨ, ਮਨਮੋਹਨ ਸਿੰਘ ਢਿੱਲੋਂ, ਸੁਮੀਤ ਸਿੰਘ, ਹਰਿੰਦਰ ਰੰਧਾਵਾ, ਕਮਲ, ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਸੁਨੀਤਾ ਸ਼ਰਮਾ, ਡਾ. ਸਤਿੰਦਰ ਰੰਧਾਵਾ, ਰਾਜਵੰਤ ਕੌਰ ਬਾਜਵਾ, ਅਜੀਤ ਸਿੰਘ ਨਬੀਪੁਰ ਅਤੇ ਰਾਜਖੁਸ਼ਵੰਤ ਸਿੰਘ ਸੰਧੂ ਆਦਿ ਨੇ ਹਿੱਸਾ ਲਿਆ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media