Friday, June 26, 2026

ਲੇਖਕ ਮੰਚ ਸਮਰਾਲਾ ਦੀ ਇਕੱਤਰਤਾ ਵਿੱਚ ਚੱਲਿਆ ਗੀਤ, ਗਜ਼ਲ ਅਤੇ ਕਹਾਣੀਆਂ ਦਾ ਦੌਰ

PPN1004201413ਸਮਰਾਲਾ, 10 ਅਪ੍ਰੈਲ (ਪੰਜਾਬ ਪੋਸਟ- ਕੰਗ)- ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਗੀਤ, ਕਵਿਤਾਵਾਂ, ਕਹਾਣੀਆਂ ਅਤੇ ਗਜ਼ਲਾਂ ਨਾਲ ਹਾਜ਼ਰ ਲੇਖਕਾਂ ਨੇ ਰੰਗ ਬੰਨਿਆ। ਮੰਚ ਦੇ ਸਕੱਤਰ ਰਾਜਵਿੰਦਰ ਸਮਰਾਲਾ ਨੇ ਇਕੱਤਰਤਾ ਦਾ ਅਰੰਭ ਕਰਦੇ ਹੋਏ ਲੇਖਕ ਸਾਥੀਆਂ ਨੂੰ ਜੀ ਆਇਆ ਜੀ ਆਖਿਆ। ਗੀਤ- ਕਵਿਤਾ ਦੇ ਦੌਰ ਵਿੱਚ ਸੁਰਿੰਦਰ ਮੀਤ, ਕਰਮਜੀਤ ਬਾਸੀ, ਕੁਲਵੰਤ ਤਰਕ ਅਤੇ ਗੁਰਨਾਮ ਸੰਧੂ ਨੇ ਆਪੋ ਆਪਣੀ ਹਾਜ਼ਰੀ ਲਵਾਈ। ਜਦਕਿ ਗਜ਼ਲਾਂ ਦੇ ਖੂਬਸੂਰਤ ਦੌਰ ਵਿੱਚ ਐਸ. ਨਸੀਮ ਨੇ ਆਪਣੀ ਗਜ਼ਲ ‘ਤੁਸੀਂ ਇਨਸਾਫ਼ ਦੀ ਜੇ ਆਸ ਕਰਨੀ ਸੀ ਮੇਰੇ ਲੋਕੋ, ਤਾਂ ਫਿਰ ਇਨਸਾਫ਼ ਦੀ ਗੱਦੀ ਤੇ ਕਾਤਿਲ ਕਿਉਂ ਬਿਠਾਉਣਾ ਸੀ ਮੇਰੇ ਲੋਕੋ’  ਹਰਬੰਸ ਮਾਛੀਵਾੜਾ ਨੇ ‘ਜਦ ਕਦੇ ਸਿਰਜਣਾ ਦਾ ਦਰਦ ਰਾਤੀਂ ਜਾਗਦਾ ਰੱਖੇ, ਹੁਨਰ ਸ਼ਬਦਾਂ ਦੀਆਂ ਪਲਕਾਂ ਤੇ ਅਰਥਾਂ ਦੇ ਦੀਵੇ ਰੱਖੇ’, ਟੀ. ਲੋਚਨ ਨੇ ‘ਹੁਣ ਵੀ ਸਾਥ ਨਿਭਾਉਂਦੀ ਇਹ ਤਸਵੀਰ ਤੇਰੀ, ਕਿੰਨੇ ਰੰਗ ਵਟਾਉਂਦੀ ਹੈ ਤਸਵੀਰ ਤੇਰੀ’ ਅਤੇ ਬਲਜਿੰਦਰ ਸਿੰਘ ਨੇ ਆਪਣੀ ਗਜ਼ਲ ‘ਫਿਕਰਾਂ ਮਾਰੀ ਧਰਤੀ ਦਿਸਦੀ’ ਸੁਣਾ ਕੇ ਮਹਿਫਲ ਨੂੰ ਸ਼ਾਇਰਾਨਾਂ ਕਰ ਦਿੱਤਾ। ਜਿਥੇ ਹਾਜ਼ਰ ਲੇਖਕਾਂ ਨੇ ਦਿਲ ਖੋਲ ਕੇ ਇਨ੍ਹਾਂ ਗਜ਼ਲਾਂ ਦਾ ਅਨੰਦ ਮਾਣਿਆ ਉਥੇ ਇਨ੍ਹਾਂ ਤੇ ਭਰਵੀਂ ਦਾਦ ਦੇਣ ਤੋਂ ਇਲਾਵਾ ਖੁੱਲ ਕੇ ਵਿਚਾਰ ਚਰਚਾ ਵੀ ਹੋਈ। ਕਹਾਣੀ ਦਾ ਦੌਰ ਇਸ ਇਕੱਤਰਤਾ ਦਾ  ਸਿਖਰ ਹੋ ਨਿਬੜਿਆ।
ਕਹਾਣੀ ਦੇ ਦੌਰ ਵਿੱਚ ਪੰਜਾਬੀ ਕਹਾਣੀ ਦੇ ਹਰ ਪਹਿਲੂ ਤੇ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਅਤੇ ਗੁਰਦਿਆਲ ਦਲਾਲ ਨੇ ਆਪਣੇ ਕਹਾਣੀ ਲੇਖਣ ਦੇ ਅਨੁਭਵ ਤੇ ਕਹਾਣੀ ਵਿਧਾ ਬਾਰੇ ਬਾਰੀਕੀ ਨਾਲ ਗੱਲ ਕੀਤੀ। ਅਜਮੇਰ ਸਿੱਧੂ ਨੇ ਆਪਣੀ ਕਹਾਣੀ ‘ਕਿੱਕਰ ਦੇ ਫੁੱਲ’, ਗੁਰਦਿਆਲ ਦਲਾਲ ਨੇ ਕਹਾਣੀ ‘ਖੜ੍ਹਸੁੱਕ ਰੁੱਖ’, ਦਲਜੀਤ ਸ਼ਾਹੀ ਨੇ ਕਹਾਣੀ ‘ਗੁਆਚੀਆਂ ਚੀਜਾਂ’ ਅਤੇ ਕਰਨਬੀਰ ਬੈਣੀਵਾਲ ਨੇ ਆਪਣੀ ਕਹਾਣੀ ‘ਅੰਬਾਂ ਵਾਲਾ ਖੇਤ’ ਦਾ ਪਾਠ ਕੀਤਾ। ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਹਾਜ਼ਰ ਲੇਖਕਾਂ ਨੇ ਰੱਜ ਕੇ ਮਾਣਿਆ। ਇਸ ਇਕੱਤਰਤਾ ਵਿੱਚ ਜਸਦੇਵ ਜੱਸ, ਸੁਰਜੀਤ ਵਿਸ਼ਾਦ, ਨਰਿੰਦਰ ਮਣਕੂ, ਦਵਿੰਦਰ ਖੰਨਾ, ਬਲਵੰਤ ਮਾਂਗਟ, ਅਬਦੁੱਲ ਖਾਨ, ਨਵਦੀਪ ਧਾਲੀਵਾਲ, ਕੇਵਲ ਸਿੰਘ ਮੰਜਾਲੀਆਂ, ਗੀਤਕਾਰ ਕੇਵਲ ਕੁੱਲੇਵਾਲ, ਥਿੰਦ ਦਿਆਲਪੁਰੀ, ਜਸਵੀਰ ਟੋਡਰਪੁਰ ਅਤੇ ਦਲਜੀਤ ਲਾਡੀ ਆਦਿ ਲੇਖਕਾਂ ਅਤੇ ਸਰੋਤਿਆਂ ਨੇ ਹਾਜ਼ਰੀ ਲਵਾਈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply