Friday, June 26, 2026

ਨੌਜਵਾਨ ਅਪਰਾਧੀ ਲੋਕਾਂ ਨੂੰ ਆਪਣੇ ਮਾਰਗ ਦਰਸ਼ਕ ਨਾ ਬਨਾਉਣ-ਡਿਪਟੀ ਕਮਿਸ਼ਨਰ

PPN1104201705
ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਾਂ ਹੀ ਕਾਮਯਾਬ ਹੋਵੇਗੀ, ਜੇਕਰ ਸਮਾਜ ਦੇ ਸਾਰੇ ਵਰਗ, ਜਿਸ ਵਿਚ ਮਾਪੇ, ਅਧਿਆਪਕ, ਮੋਹਤਬਰ, ਲੀਡਰ, ਪੁਲਿਸ ਅਤੇ ਪ੍ਰਸ਼ਾਸਨ ਇਕ ਟੀਮ ਬਣ ਕੇ ਕੰਮ ਕਰਨਗੇ। ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਮਾਨਾਂਵਾਲਾ ਵਿਖੇ ਲਗਾਏ ਗਏ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਵਿਚ ਹਾਜ਼ਰੀਨ ਨੂੰ ਸੰਬੋਧਨ ਕਰਦੇ ਕੀਤਾ। ਸੰਘਾ ਨੇ ਕਿਹਾ ਕਿ ਇਸ ਵੇਲੇ ਅਸੀਂ ਸਾਰੇ ਜਿੰਨਾ ਕੰਮ ਕਰ ਰਹੇ ਹਾਂ, ਉਹ ਪੰਜਾਬ ਦੀ ਤਰੱਕੀ ਲਈ ਕਾਫੀ ਨਹੀਂ, ਇਸ ਨੂੰ ਆਪਣੀ ਮਿਹਨਤ, ਇਰਾਦੇ ਅਤੇ ਲਗਨ ਨਾਲ ਹੋਰ ਵਧਾਉਣ ਦੀ ਲੋੜ ਹੈ।
ਸੰਘਾ ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਵਿਚ ਸਦਾਚਾਰਕ ਗੁਣ ਉਨਾਂ ਦੇ ਬਚਪਨ ਤੋਂ ਹੀ ਭਰਨ, ਕਿਉਂਕਿ ਛੋਟੀ ਉਮਰੇ ਸਿੱਖੇ ਗੁਣ ਸਾਰੀ ਉਮਰ ਨਾਲ ਹੀ ਹੰਢਦੇ ਹਨ।ਉਨਾਂ ਕਿਹਾ ਕਿ ਮਾਪੇ ਇਹ ਵਹਿਮ ਮਨ ਵਿਚੋਂ ਕੱਢ ਦੇਣ ਕਿ ਅਜੇ ਤਾਂ ਸਾਡੇ ਬਚੇ ਨਸ਼ੇ ਤੋਂ ਬਚੇ ਹਨ, ਕਿਉਂਕਿ ਨਸ਼ਾ ਇਕ ਬਿਮਾਰੀ ਹੈ ਅਤੇ ਕਿਸੇ ਵੇਲੇ ਕੋਈ ਵੀ ਇਸ ਦੀ ਪਕੜ ਵਿਚ ਆ ਸਕਦਾ ਹੈ।ਉਨਾਂ ਕਿਹਾ ਕਿ ਇਸੇ ਤਰਾਂ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਿਲੇਬਸ ਪੂਰਾ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਦੱਸਣ ਕਿ ਸਮਾਜ ਵਿਚ ਇਜ਼ਤ ਸੋਹਣੇ ਕੱਪੜਿਆਂ, ਵੱਡੀਆਂ ਗੱਡੀਆਂ ਜਾਂ ਜ਼ਿਆਦਾ ਪੈਸੇ ਨਾਲ ਨਹੀਂ, ਬਲਕਿ ਗੁਣਾਂ ਕਰਕੇ ਮਿਲਦੀ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਅਪਰਾਧੀ ਬਿਰਤੀ ਜਾਂ ਗਲਤ ਕੰਮ ਕਰਕੇ ਪੈਸੇ ਕਮਾਉਣ ਵਾਲੇ ਨੂੰ ਆਪਣਾ ਮਾਰਗ ਦਰਸ਼ਕ ਨਾ ਬਨਾਉਣ, ਬਲਕਿ ਸਮਾਜ ਲਈ ਕੁੱਝ ਕਰਨ ਵਾਲੀਆਂ ਹਸਤੀਆਂ ਦੇ ਕਦਮਾਂ ’ਤੇ ਚੱਲ ਕੇ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣ।ਮੋਹਤਬਰਾਂ ਦੀ ਗੱਲ ਕਰਦੇ ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਨਿੱਜ ਹਿਤਾਂ ਤੋਂ ਉਪਰ ਉਠ ਕੇ ਸਮਾਜ ਦੇ ਭਲੇ ਲਈ ਸੋਚਣਾ ਚਾਹੀਦਾ ਹੈ।
ਇਸ ਮੌਕੇ ਆਪਣੇ ਸੰਬੋਧੋਨ ਵਿਚ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕਿਸਾਨ ਨੂੰ ਕਰਜ਼ਾ ਮੁਕਤ ਤੇ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਲਈ ਦ੍ਰਿੜ ਹੈ ਅਤੇ ਇਸ ਆਸ਼ੇ ਦੀ ਪੂਰਤੀ ਲਈ ਕੋਈ ਭਾਈਵਾਲ, ਕੋਈ ਸਿਫਾਰਸ਼, ਕੋਈ ਰਿਸ਼ਤੇਦਾਰੀ, ਕੋਈ ਪਾਰਟੀ ਤੇ ਕੋਈ ਦੋਸਤੀ ਅੜਿਕਾ ਨਹੀਂ ਬਣੇਗੀ। ਉਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਜੋ ਹੋਇਆ ਉਸ ਲਈ ਮੈਂ ਕਿਸੇ ਨੂੰ ਤੋਹਮਤ ਨਹੀਂ ਦਿੰਦਾ, ਪਰ ਅੱਜ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਭਲੇ ਲਈ ਇਕ ਹੋਣ ਦੀ ਲੋੜ ਹੈ। ਇਸ ਮੌਕੇ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਅਤੇ ਡਾ. ਪ੍ਰਭਦੀਪ ਕੌਰ ਜੌਹਲ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਐਸ.ਡੀ.ਐਮ ਮੈਡਮ ਪ੍ਰੀਤੀ ਯਾਦਵ ਆਈ.ਏ.ਐਸ, ਡੀ ਐਸ.ਪੀ ਗੁਰਪ੍ਰਤਾਪ ਸਿੰਘ ਸਹੋਤਾ,  ਡਾ. ਜਗਜੀਤ ਸਿੰਘ, ਡਾ. ਤਰਸੇਮ ਸਿੰਘ, ਪ੍ਰਿੰਸੀਪਲ ਵਿਜੈ ਬਾਂਗਾ, ਕਰਨਲ ਗੁਰਮੁੱਖ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply