Saturday, March 21, 2026

ਦਿੱਲੀ ਕਮੇਟੀ ਵੱਲੋਂ ‘ਗਿਆਨ ਪ੍ਰਕਾਸ਼ ਮੁਹਿੰਮ’ ਦੀ ਕੀਤੀ ਗਈ ਆਰੰਭਤਾ

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ‘ਗਿਆਨ ਪ੍ਰਕਾਸ਼ ਮੁਹਿੰਮ’ ਦੀ ਆਰੰਭਤਾ ਕਰਨ ਦਾ ਐਲਾਨ ਕੀਤਾ।PPN1304201714ਖਾਲਸਾ ਸਿਰਜਨਾ ਦਿਹਾੜੇ ਮੌਕੇ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰੂ ਨਾਨਕ ਸਾਹਿਬ ਦੇ 2019 ਵਿਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਇਸ ਮੁਹਿੰਮ ਦੇ ਸਮਰਪਿਤ ਹੋਣ ਦੀ ਜਾਣਕਾਰੀ ਦਿੱਤੀ।
ਜੀ.ਕੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਭਰਮ-ਭੁਲੇਖੇ ਵਿਚ ਪਈ ਲੋਕਾਈ ਨੂੰ ਹੱਕ ਅਤੇ ਸੱਚ ਦੇ ਮਾਰਗ ਦਾ ਪਾਂਧੀ ਬਣਾਉਣ ਲਈ ਆਪਣੀ ਉਦਾਸੀਆਂ ਦੌਰਾਨ ਵੱਖ-ਵੱਖ ਥਾਂਵਾ ਤੇ ਪੁੱਜ ਕੇ ਭਰਮ ਦਾ ਨਾਸ ਕਰਦੇ ਹੋਏ ਗਿਆਨ ਦਾ ਪ੍ਰਕਾਸ਼ ਕੀਤਾ ਸੀ।ਇਸ ਲਈ ਗਿਆਨ ਦੇ ਲੁਕਵੇਂ ਪ੍ਰਕਾਸ਼ ਨੂੰ ਮੁੜ ਸੁਰਜੀਤ ਕਰਨ ਲਈ ਕਮੇਟੀ ਨੇ ਧਾਰਮਿਕ, ਸਮਾਜਿਕ ਅਤੇ ਕਾਨੂੰਨੀ ਤਰੀਕੇ ਨਾਲ ਲੜਾਈ ਲੜਨ ਦੀ ਵਿਓਤਬੰਦੀ ਕਰ ਲਈ ਹੈ।ਜਿਸ ਦੀ ਜਾਣਕਾਰੀ ਛੇਤੀ ਹੀ ਸੰਗਤਾਂ ਤਕ ਪਹੁੰਚਾ ਦਿੱਤੀ ਜਾਵੇਗੀ। PPN1304201713
ਦਰਅਸਲ ਕੁੰਭ ਦੇ ਮੇਲੇ ਦੌਰਾਨ ਕੁੱਝ ਸਰਧਾਲੂਆਂ ਦੀ ਹਰਿ ਕੀ ਪੌੜੀ ਵਿਖੇ ਭਗਦੜ ’ਚ ਹੋਈ ਮੌਤ ਉਪਰੰਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ 1979 ’ਚ ਮੇਲਾ ਪ੍ਰਸ਼ਾਸਨ ਨੇ ਵਿਕਾਸ ਮੁਹਿੰਮ ਤਹਿਤ ਢਾਹ-ਢੇਰੀ ਕਰ ਦਿੱਤਾ ਸੀ।ਮੰਨਿਆ ਜਾਂਦਾ ਹੈ ਕਿ ਇਸ ਅਸਥਾਨ ’ਤੇ ਗੁਰੂ ਸਾਹਿਬ ਨੇ ਪਾਂਡਿਆਂ ਵੱਲੋਂ ਸੂਰਜ ਵੱਲ ਨੂੰ ਮੂੰਹ ਕਰਕੇ ਜਲ ਆਪਣੇ ਪਿੱਤਰਾਂ ਤਕ ਪਹੁੰਚਾਉਣ ਦੀ ਚਲਾਈ ਜਾਂਦੀ ਪਿਰਤ ਦਾ ਖੰਡਨ ਕਰਨ ਲਈ ਪੱਛਮ ਵੱਲ ਨੂੰ ਮੂੰਹ ਕਰਕੇ ਕਰਤਾਰਪੁਰ ਵਿਖੇ ਆਪਣੇ ਖੇਤਾਂ ਤਕ ਜਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਰਕੇ ਅਗਿਆਨਤਾ ’ਤੇ ਚੋਟ ਕਰਨ ਦੇ ਪ੍ਰਤੀਕ, ਕੌਮ ਦੇ ਇਸ ਮਾਣਮਤੇ ਇਤਿਹਾਸ ਦੀ ਸੰਭਾਲ ਲਈ ਦਿੱਲੀ ਕਮੇਟੀ ਨੇ ਹਰ ਹੀਲਾ ਵਰਤਣ ਦਾ ਸਾਫ਼ ਸੰਕੇਤ ਦੇ ਦਿੱਤਾ ਹੈ।
ਜੀ.ਕੇ ਨੇ ਹਰ ਹਾਲਾਤ ’ਚ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਦੀ ਵਕਾਲਤ ਕਰਕੇ ਬੀਤੇ ਦਿਨੀਂ ਕਮੇਟੀ ਦੇ ਜਨਰਲ ਇਜਲਾਸ ’ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਅਤੇ ਗੁਰਦੁਆਰਾ ਆਰਤੀ ਸਾਹਿਬ ਜੰਗਨਨਾਥ ਪੁਰੀ ਦਾ ਕਬਜਾ ਪੰਥ ਹਵਾਲੇ ਕਰਨ ਦੇ ਪਾਸ ਕੀਤੇ ਗਏ ਮਤੇ ਦੀ ਵੀ ਪ੍ਰੋੜ੍ਹਤਾ ਕਰ ਦਿੱਤੀ ਹੈ।ਕਮੇਟੀ ਵੱਲੋਂ 12ਵੀਂ ਜਮਾਤ ਦੇ ਪੰਜਾਬ ਭਾਸ਼ਾ ’ਚ 75 ਫੀਸਦੀ ਤੋਂ ਵੱਧ ਅੰਕ ਲਿਆਉਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿਨ੍ਹ ਅਤੇ ਨਗਦ ਇਨਾਮ ਦੇ ਕੇ ‘‘ਮਾਂ-ਬੋਲੀ ਦੇ ਸੂਰਮੇ’’ ਵੱਜੋਂ ਸਤਿਕਾਰਿਆ ਗਿਆ।ਕਮੇਟੀ ਪ੍ਰਧਾਨ ਨੇ ਪੇਸ਼ੇਵਰ ਕੁਸ਼ਤੀ ’ਚ ਹੱਥ ਅਜਮਾਉਣ ਦੀ ਤਿਆਰੀ ਕਰ ਰਹੇ ਉਭਰਦੇ ਸਿੱਖ ਖਿਡਾਰੀ ਗੁਰਵਿੰਦਰ ਸਿੰਘ ਸੈਂਕੀ ਨੂੰ ਡੇਢ ਲੱਖ ਰੁਪਏ ਸਹਾਇਤਾ ਦਿੱਤੀ।ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ ਵੱਲੋਂ ਕਰਵਾਏ ਜਾਂਦੇ ਮਹੀਨਾਵਾਰੀ ਸੈਮੀਨਾਰਾਂ ’ਚ ਸਿੱਖ ਵਿਦਿਵਾਨਾਂ ਵੱਲੋਂ ਪੜੇ ਗਏ ਪਰਚਿਆ ਨੂੰ ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਵੱਲੋਂ ‘‘ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ’’ ਕਿਤਾਬ ਦੇ ਰੂਪ ਵਿਚ ਸੰਪਾਦਿਤ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਉਕਤ ਕਿਤਾਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੀ ਗਈ ਦਸਤਾਵੇਜ਼ੀ ਕਿਤਾਬ ਦੀ ਵੀ ਸਮਾਗਮ ਦੌਰਾਨ ਘੁੰਡ ਚੁਕਾਈ ਕੀਤੀ।
ਕੁਲਮੋਹਨ ਸਿੰਘ ਨੇ ਖਾਲਸਾ ਸਿਰਜਨਾ ਨੂੰ ਗੁਲਾਮੀ ਦੀ ਬੇੜੀਆਂ ਕੱਟਣ ਦਾ ਪ੍ਰਤੀਕ ਦੱਸਦੇ ਹੋਏ ਐਨ.ਸੀ.ਈ.ਆਰ.ਟੀ ਵੱਲੋਂ ਲਿਖਿਆ ਜਾਂਦੀਆਂ ਇਤਿਹਾਸ ਦੀ ਕਿਤਾਬਾਂ ਵਿਚ ਬਾਬਰ ਤੋਂ ਔਰੰਗਜੇਬ ਤੱਕ ਦੇ ਮੁਗਲ ਰਾਜ ਨੂੰ ਭਾਰਤ ਦੇ ਗੁਲਾਮੀ ਸਮੇਂ ਵਜੋੋਂ ਨਾ ਮੰਨੇ ਜਾਣ ’ਤੇ ਵੀ ਹੈਰਾਨੀ ਪ੍ਰਗਟਾਈ। ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਵਿਦੇਸ਼ੀ ਹਮਲਾਵਰ ਰਾਜ ਦੇ ਖਾਤਮੇ ਦੇ ਮੁੱਢ ਬੰਨੇ ਜਾਣ ਵੱਜੋਂ ਵੀ ਉਨ੍ਹਾਂ ਪਰਿਭਾਸ਼ਿਤ ਕੀਤਾ।ਦਿੱਲੀ ਕਮੇਟੀ ਦੇ ਸਮੂਹ ਮੈਂਬਰ ਇਸ ਮੌਕੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply