ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਣਕ ਦੀ ਫਸਲ ਲੈ ਕੇ ਮੰਡੀ ਵਿਚ ਆਉਣ ਵਾਲੀ ਹਰੇਕ ਟਰਾਲੀ ਅਤੇ ਟਰੱਕ ਪਿੱਛੇ ਰਿਫਲੈਕਟਰ ਲਗਾਉਣ ਦੀ ਹਦਾਇਤ ਮੰਡੀ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕੀਤੀ ਹੈ। ਅੱਜ ਕਣਕ ਦੀ ਖਰੀਦ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਭਗਤਾਂਵਾਲਾ ਅਨਾਜ ਮੰਡੀ ਵਿਚ ਪਹੁੰਚੇ ਸੰਘਾ ਨੇ ਖਰੀਦ ਏਜੰਸੀਆਂ ਅਤੇ ਮੰਡੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਰਾਤ ਨੂੰ ਸੜਕਾਂ ’ਤੇ ਜ਼ਿਆਦਾ ਹਾਦਸੇ ਟਰਾਲੀਆਂ ਅਤੇ ਟਰੱਕਾਂ ਪਿੱਛੇ ਰਿਫਲੈਕਟਰ ਨਾ ਹੋਣ ਕਾਰਨ ਹੀ ਵਾਪਰਦੇ ਹਨ ਅਤੇ ਇੰਨਾਂ ਨੂੰ ਰੋਕਣ ਦਾ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਮਿਲ ਸਕਦਾ, ਕਿਉਂਕਿ ਕਣਕ ਲੈ ਕੇ ਸਾਰੀਆਂ ਟਰਾਲੀਆਂ ਅਤੇ ਟਰੱਕ ਸੀਜ਼ਨ ਵਿਚ ਮੰਡੀ ਜ਼ਰੂਰ ਆਉਂਦੇ ਹਨ। ਉਨਾਂ ਆੜਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸ਼ੁਭ ਕਾਰਜ ਵਿਚ ਸਾਡੀ ਮਦਦ ਕਰਨ ਅਤੇ ਫਸਲ ਲੈ ਕੇ ਮੰਡੀ ਆਉਣ ਵਾਲੇ ਹਰੇਕ ਕਿਸਾਨ ਨੂੰ ਟਰਾਲੀ ਪਿੱਛੇ ਰਿਫਲੈਕਟਰ ਲਗਾਉਣ ਲਈ ਕਹਿਣ। ਸੰਘਾ ਨੇ ਦੱਸਿਆ ਕਿ ਇਸ ਲਈ ਸਰਬਤ ਦਾ ਭਲਾ ਟਰੱਸਟ ਰਿਫਲੈਕਟਰ ਛਪਾ ਕੇ ਦੇਣ ਦੀ ਸ਼ੁਰੂਆਤ ਕਰ ਰਿਹਾ ਹੈ ਅਤੇ ਆਸ ਹੈ ਕਿ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਇਸ ਨੇਕ ਕਾਰਜ ਲਈ ਅੱਗੇ ਆਉਣਗੀਆਂ। ਸੰਘਾ ਨੇ ਕਰਮਚਾਰੀਆਂ ਅਤੇ ਆੜਤੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜੇਕਰ ਸਾਡੇ ਇਸ ਛੋਟੇ ਜਿਹੇ ਉਪਰਾਲੇ ਨਾਲ ਇਕ ਮਨੁੱਖ ਦੀ ਜਾਨ ਵੀ ਬਚ ਜਾਂਦੀ ਹੈ ਤਾਂ ਵੀ ਇਹ ਬਹੁੱਤ ਵੱਡਾ ਮਹਾਤਮ ਹੋਵੇਗਾ।
ਇਸ ਮੌਕੇ ਮੰਡੀ ਅਤੇ ਖਰੀਦ ਅਧਿਕਾਰੀਆਂ ਨਾਲ ਕਣਕ ਦੀ ਫਸਲ ਬਾਰੇ ਗੱਲ ਕਰਦੇ ਸੰਘਾ ਨੇ ਹਦਾਇਤ ਕੀਤੀ ਕਿ ਵੱਧ ਨਮੀ ਵਾਲੀ ਕਣਕ ਦੀ ਟਰਾਲੀ ਮੰਡੀ ਵਿਚ ਨਾ ਆਉਣ ਦਿੱਤੀ ਜਾਵੇ। ਉਨਾਂ ਕਿਹਾ ਕਿ ਰਾਤ ਨੂੰ ਕੰਬਾਇਨਾਂ ਚਲਾਉਣ ਦੀ ਮੁਕੰਮਲ ਮਨਾਹੀ ਹੈ ਅਤੇ ਜੇਕਰ ਕੋਈ ਇਸ ਤਰਾਂ ਦੀ ਕਣਕ, ਜਿਸ ਵਿਚ ਵੱਧ ਨਮੀ ਹੋਵੇ ਲੈ ਕੇ ਮੰਡੀ ਆਉਂਦਾ ਹੈ ਤਾਂ ਉਸ ਨੂੰ ਵਾਪਸ ਮੋੜ ਦਿੱਤਾ ਜਾਵੇ। ਸੰਘਾ ਨੇ ਦੱਸਿਆ ਕਿ ਸਰਕਾਰ ਨੇ ਕਣਕ ਦੀ ਖਰੀਦ ਨਾਲੋ-ਨਾਲ ਕਰਨ ਅਤੇ ਖਰੀਦੀ ਹੋਈ ਫਸਲ ਦੀ ਅਦਾਇਗੀ 24 ਘੰਟਿਆਂ ਵਿਚ ਕਰਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਕਿਸੇ ਕਿਸਾਨ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਿਲ੍ਹਾ ਖੁਰਾਕ ਸਪਲਾਈ ਕੰਟਰੋਲ ਸਰਤਾਜ ਸਿੰਘ, ਮੰਡੀ ਅਧਿਕਾਰੀ, ਖੀਰਦ ਏਜੰਸੀਆਂ ਦੇ ਐਮ. ਡੀ., ਆੜਤੀਆਂ ਦੇ ਨੁੰਮਾਇਦੇ ਅਤੇ ਠੇਕੇਦਾਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media