ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –
ਸੁਰੱਖਿਅਤ ਸਕੂਲ ਬੱਸ ਨੀਤੀ ਬਾਰੇ ਮਾਣਯੋਗ ਸੁਪਰੀਮ ਕੋਰਟ ਦੀਆਂ ਗਾਈਡ ਲਾਈਨ ਨੂੰ ਸਕੂਲਾਂ ਵਿਚ ਲਾਗੂ ਕਰਵਾਉਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਜਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨਾਲ ਮੀਟਿੰਗ ਕਰਦੇ ਕਿਹਾ ਕਿ ਇਹ ਵਿਸ਼ਾ ਸਾਡੇ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ’ਤੇ ਜ਼ਰਾ ਜਿੰਨੀ ਵੀ ਕੁਤਾਹੀ ਨਾ ਵਰਤੀਏ। ਸ. ਸੰਘਾ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਅੱਜ ਜੇਕਰ ਉਨਾਂ ਨੂੰ ਆਪਾਂ ਚੰਗਾ ਵਾਤਾਵਰਣ ਅਤੇ ਚੰਗਾ ਮਾਹੌਲ ਦੇਵਾਂਗੇ, ਤਾਂ ਉਹ ਭਵਿੱਖ ਵਿਚ ਹੋਰ ਬਿਹਤਰ ਦੀ ਆਸ ਕਰਦੇ ਹੋਏ ਚੰਗੀ ਮਿਹਨਤ ਕਰਨਗੇ ਅਤੇ ਇੰਨਾਂ ਮਾਪਦੰਡਾਂ ਤੋਂ ਅੱਗੇ ਤੁਰਨਗੇ।ਉਨਾਂ ਕਿਹਾ ਕਿ ਬੱਚਿਆਂ ਨੂੰ ਲਿਆਉਣ ਵਾਸਤੇ ਸਕੂਲ ਮੈਨਜਮੈਂਟ ਨੇ ਜੋ ਡਰਾਈਵਰ ਭਰਤੀ ਕੀਤੇ ਹਨ, ਜੇਕਰ ਉਨਾਂ ਦੀ ਚੋਣ ਸਹੀ ਕਰ ਲਈ ਜਾਵੇ ਤਾਂ ਇਸ ਪਾਸੇ ਤੋਂ ਚਿੰਤਾ ਮੁੱਕ ਜਾਂਦੀ ਹੈ।ਸਕੂਲ ਮੁਖੀਆਂ ਵੱਲੋਂ ਬੱਸ ਕਿਰਾਏ ਅਤੇ ਹੋਰ ਮਦਾਂ ’ਤੇ ਕੀਤੇ ਇਤਰਾਜ ਦਾ ਜਵਾਬ ਦਿੰਦੇ ਸੰਘਾ ਨੇ ਕਿਹਾ ਕਿ ਤੁਸੀਂ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰੋ ਅਤੇ ਜੇਕਰ ਆਰਥਿਕ ਪੱਖ ਤੋਂ ਕੋਈ ਮੁਸ਼ਿਕਲ ਸਕੂਲਾਂ ਨੂੰ ਪੇਸ਼ ਆਈ ਤਾਂ ਉਹ ਇਸ ਨੀਤੀ ਵਿਚ ਜ਼ਰੂਰੀ ਤਰਮੀਮ ਕਰਨ ਲਈ ਸਰਕਾਰ ਨੂੰ ਲਿਖ ਦੇਣਗੇ।
ਇਸ ਮੌਕੇ ਸਕੂਲ ਮਾਲਕਾਂ ਤੇ ਪ੍ਰਿੰਸੀਪਲਾਂ ਨੂੰ ਅਦਾਲਤ ਦੇ ਹੁਕਮਾਂ ਤੋਂ ਜਾਣੂੰ ਕਰਵਾਉਂਦੇ ਡੀ.ਟੀ.ਓ ਕੰਵਲਜੀਤ ਸਿੰਘ ਨੇ ਦੱਸਿਆ ਕਿ ਬੱਸਾਂ ਦਾ ਰੰਗ ਪੀਲਾ, ਪੰਜਾਬ ਰਜਿਟਰਡ, ਪਰਮਿਟ ਹੋਣਾ ਅਤੀ ਜ਼ਰੂਰੀ ਹੈ।ਇਸ ਤੋਂ ਇਲਾਵਾ ਕੋਈ ਵੀ ਬੱਸ 15 ਸਾਲ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਬੱਸ ਵਿਚ 2 ਸੀ ਸੀ ਟੀ ਵੀ ਕੈਮਰੇ ਲੱਗੇ ਹੋਣ, 2 ਅੱਗ ਬੁਝਾਊ ਸਿਲੰਡਰ ਵਿਚ ਪਏ ਹੋਣ ਅਤੇ ਬੱਸ ਵਿਚ ਸਪੀਡ ਗਵਰਨਰ ਲੱਗਾ ਹੋਵੇ, ਤਾਂ ਜੋ ਬੱਸ 40 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਸਪੀਡ ’ਤੇ ਨਾ ਚੱਲੇ।ਉਨਾਂ ਦੱਸਿਆ ਕਿ ਬੱਸ 13 ਸੀਟਾਂ ਤੋਂ ਛੋਟੀ ਨਹੀਂ ਹੋਣੀ ਚਾਹੀਦੀ ਅਤੇ ਬੱਸ ਵਿਚ ਐਮਰਜੈਂਸੀ ਦਰਵਾਜਾ ਚਾਲੂ ਹਾਲਤ ਵਿਚ ਹੋਣਾ ਜ਼ਰੂਰੀ ਹੈ।ਉਨਾਂ ਦੱਸਿਆ ਕਿ ਬੱਸ ਵਿਚ ਫਸਟ ਏਡ ਬਾਕਸ ਵੀ ਹੋਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਬੱਸ ’ਤੇ ਦੋਵੇਂ ਪਾਸੇ ਸਕੂਲ ਦਾ ਨਾਮ ਅਤੇ ਪਿੱਛੇ ਡੀ.ਟੀ.ਓ ਅਤੇ ਸਕੂਲ ਦੇ ਫੋਨ ਨੰਬਰ ਲਿਖੇ ਹੋਣੇ ਵੀ ਜ਼ਰੂਰੀ ਹਨ, ਤਾਂ ਜੋ ਗਲਤ ਡਰਾਈਵਿੰਗ ਦੀ ਸ਼ਿਕਾਇਤ ਕੀਤੀ ਜਾ ਸਕੇ।
ਸਕੂਲ ਬੱਸ ਡਰਾਈਵਰ ਬਾਰੇ ਆਏ ਹੁਕਮਾਂ ਦਾ ਖੁਲਾਸਾ ਕਰਦੇ ਡੀ ਟੀ ਓ ਨੇ ਦੱਸਿਆ ਕਿ ਡਰਾਈਵਰ ਕੋਲ ਲਾਇਸੈਂਸ ੇਦ ਨਾਲ-ਨਾਲ ਪੰਜ ਸਾਲ ਦਾ ਤਜ਼ਰਬਾ, ਕੰਡਕਟਰ ਕੋਲ ਕਡੰਕਟਰ ਦਾ ਲਾਇਸੈਂਸ, ਦੋਵੇਂ ਦੀ ਯੂਨੀਫਾਰਮ ਅਤੇ ਨੇਮ ਪਲੇਟ ਹੋਣੀ ਜ਼ਰੂਰੀ ਹੈ।ਡਰਾਈਵਰ ਨਸ਼ਾ ਨਾ ਕਰਦਾ ਹੋਵੇ ਅਤੇ ਉਸ ਦੀ ਸਿਹਤ ਖਾਸ ਕਰਕੇ ਨਿਗ੍ਹਾ ਠੀਕ ਹੋਵੇ। ਉਨਾਂ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਮਹੀਨੇ ਸਕੂਲ ਡਰਾਈਵਰਾਂ ਅਤੇ ਕਡੰਕਟਰਾਂ ਦੀ ਵਰਕਸ਼ਾਪ ਲਗਾ ਕੇ ਉਨਾਂ ਨੂੰ ਬੱਚਿਆਂ ਦੀ ਸਰੁੱਖਿਆ ਬਾਰੇ ਜਾਗਰੂਕ ਕਰਦੇ ਰਹਿਣ ਅਤੇ ਉਨਾਂ ਦੀ ਸਿਹਤ ਦਾ ਮੁਆਇਨਾ ਵੀ ਸਮੇਂ-ਸਮੇਂ ਕਰਵਾਉਣ।
ਇਸ ਮੌਕੇ ਸਕੂਲ ਮੁਖੀਆਂ ਦੇ ਹੋਏ ਵੱਡੇ ਇਕੱਠ ਦਾ ਲਾਹਾ ਲੈਂਦੇ ਡਿਪਟੀ ਕਮਿਸ਼ਨਰ ਸੰਘਾ ਨੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਕਲਾਸਾਂ ਵਿਚ ਸਿਲੇਬਸ ਮੁਕਾਉਣ ਵੱਲ ਹੀ ਧਿਆਨ ਨਾ ਦੇਣ, ਬਲਕਿ ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਆਲੇ-ਦੁਆਲੇ ਦੀ ਸੂਝ ਵੀ ਦੇਣ।ਉਨਾਂ ਇਸ ਲਈ ਸੜਕੀ ਆਵਾਜਾਈ ਅਤੇ ਕੁਦਰਤੀ ਆਫਤਾਂ ਨਾਲ ਨਿੱਜਠਣ ਆਦਿ ਦੀ ਉਦਾਹਰਨ ਦਿੰਦੇ ਕਿਹਾ ਕਿ ਜੇਕਰ ਅਸੀਂ ਬੱਚਿਆਂ ਨੂੰ ਅਜਿਹੀ ਸਿੱਖਿਆ ਸਕੂਲਾਂ ਵਿਚ ਹੀ ਦੇ ਦਈਏ ਤਾਂ ਬਹੁਤ ਹੱਦ ਤੱਕ ਜਾਨੀ-ਮਾਲੀ ਨੁਕਸਾਨ ਰੋਕਿਆ ਜਾ ਸਕਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media