Saturday, September 19, 2026

ਚਾਰ ਪਿੰਡਾਂ ਦੀ 300 ਏਕੜ ਜਮੀਨ ਸੜ੍ਹ ਕੇ ਸਵਾਹ

ਮੈਂਬਰ ਪਾਰਲੀਮੈਂਟ ਔਜਲਾ ਕੋਲ ਕਿਸਾਨਾਂ ਨੇ ਫੋਲੇ ਦੁਖੜੇ- ਰਾਹਤ ਦਾ ਭੋਰਸਾ
ਅੰਮਿ੍ਰਤਸਰ, 22 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – PPN2204201701ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅੱਜ ਜਦੋਂ ੳੋੁਨ੍ਹਾਂ ਕਿਸਾਨਾਂ ਦੀ ਸਾਰ ਲੈਣ ਪੁੱਜੇ ਜਿਨ੍ਹਾਂ ਦੀ 300 ਏਕੜ ਤੋਂ ਵੱਧ ਕਣਕ ਸੜ ਕੇ ਸਵਾਹ ਹੋ ਗਈ ਹੈ। ਮੈਂਬਰ ਪਾਰਲੀਮੈਂਟ ਨੂੰ ਮਿਲ ਕੇ ਭੂੱਬੀ ਰੋਂਦੇ ਕਿਸਾਨਾਂ ਨੇ ਦੱਸਿਆ ਕਿ ਉਹ ਬਰਬਾਦ ਹੋ ਗਏ ਹਨ ਅਤੇ ਇਹ ਕਾਰਾ ਉਨ੍ਹਾਂ ਦੇ ਨਾਲ ਪਿਛਲੇ 3 ਸਾਲਾਂ ਵਿਚ ਦੋ ਵਾਰ ਹੋ ਚੁੱਕਾ ਹੈ ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਕੰਨ੍ਹਾਂ ’ਤੇ ਜੂੰ ਨਹੀਂ ਸਰਕ ਰਹੀ। ਕਿਸਾਨਾਂ ਨੇ ਰੋ ਰੋ ਕੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਬਿਜਲੀ ਅਧਿਕਾਰੀਆਂ ਨੂੰ ਦੱਸਦੇ ਆ ਰਹੇ ਹਨ ਕਿ ਉਨ੍ਹਾਂ ਦੀਆਂ ਢਿੱਲੀਆਂ ਤਾਰਾਂ ਉਨ੍ਹਾਂ ਦੀ ਜਿੰਦਗੀ ਬਰਬਾਦ ਕਰ ਦੇਣਗੀਆਂ ਪਰ ਬਿਜਲੀ ਅਧਿਕਾਰੀਆਂ ’ਤੇ ਭਿ੍ਰਸ਼ਟਾਚਾਰ ਦਾ ਅਜਿਹਾ ਬੋਲਬਾਲਾ ਰਿਹਾ ਹੈ ਕਿ ਅੱਜ ਮੁੜ ਉਹ ਕੱਖੋਂ ਹੋਲੇ ਹੋ ਕੇ ਬਹਿ ਗਏ ਹਨ। ਮੈਂਬਰ ਪਾਰਲੀਮੈਂਟ ਨੂੰ ਕਿਸਾਨਾਂ ਨੇ ਉੱਚ ਅਧਿਕਾਰੀਆਂ ਦੇ ਨਾਂ ਲੈ ਲੈ ਕੇ ਦੱਸਿਆ ਕਿ ਉਹ ਕਿਵੇਂ ਭਿ੍ਰਸ਼ਟਾਚਾਰ ਕਰਦੇ ਹਨ ਅਤੇ ਕਿਵੇਂ ਉਨ੍ਹਾਂ ਵੱਲੋਂ ਇਕ ਕਾਰਖਾਨੇਦਾਰ ਨੂੰ ਮੌਸਮ ਖ਼ਰਾਬ ਅਤੇ ਝੱਖੜ ਤੇਜ਼ ਹੋਣ ਦੇ ਬਾਵਜੂਦ ਧੱਕੇ ਨਾਲ ਬਿਜਲੀ ਦਿੱਤੀ ਗਈ।ਜਿਸ ਦੇ ਕਾਰਨ ਉਨ੍ਹਾਂ ਦੀ 300 ਤੋਂ ਵੱਧ ਕਣਕ ਅੱਜ ਸੜ ਕੇ ਸਵਾਹ ਹੋ ਗਈ ਹੈ।ਕਿਸਾਨਾਂ ਨੇ ਦੱਸਿਆ ਕਿ ਦੋ ਵਾਰ ਪਹਿਲਾਂ ਵੀ 66 ਕੇ.ਵੀ ਸਬ ਸਟੇਸ਼ਨ ਜਸਤਰਵਾਲ ਦੀਆਂ ਅਣਗਹਿਲੀਆਂ ਦਾ ਉਹ ਖਮਿਆਜ਼ਾ ਭੁਗਤ ਚੁੱਕੇ ਹਨ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਧਿਕਾਰੀ ਅਤੇ ਸਿਆਸੀ ਉਨ੍ਹਾਂ ਦੀ ਬਾਂਹ ਫੜ੍ਹਣ ਦੀ ਥਾਂ ਉਨ੍ਹਾਂ ਨੂੰ ਪ੍ਰੇਸ਼ਾਨੀਆਂ ’ਚ ਹੀ ਪਾਉਂਦੇ ਰਹੇ। ਕਿਸਾਨਾਂ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਅੱਗੇ ਖੁਲ ਕੇ ਜਦੋਂ ਅਧਿਕਾਰੀਆਂ ਦੇ ਪੋਤੜੇ ਫਰੋਲੇ ਤਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਮੂੰਹ ਛਿਪਾਉਣੇ ਔਖੇ ਹੋ ਗਏ।

ਚਾਰ ਪਿੰਡਾਂ ਦੀ 300 ਏਕੜ ਜਮੀਨ ਸੜ੍ਹ ਕੇ ਸਵਾਹ
ਗੁਰਜੀਤ ਸਿੰਘ ਔਜਲਾ ਅੱਜ ਪਿੰਡ ਜੋਂਸ, ਓਠੀਆ, ਧਾਰੀਵਾਲ, ਸਲੇਮਪੁਰਾ ਆਦਿ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ ਦੇ ਲਈ ਇਨ੍ਹਾਂ ਪਿੰਡਾਂ ’ਚ ਪੁੱਜੇ ਸਨ।ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਸੁਣਵਾਈ ਕੀਤੀ ਹੁੰਦੀ ਹੈ ਤਾਂ ਉਹ ਅੱਜ ਉਨ੍ਹਾਂ ਨੂੰ ਮੁੜ ਮੁਸ਼ਕਲ ਦੇ ਦੌਰ ਵਿਚੋਂ ਨਾ ਲੰਘਣਾ ਪੈਂਦਾ ਹੈ।ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਨਾਲ ਮੌਕੇ ਦੇ ਜਾਇਜ਼ਾ ਲੈਣ ਸਮੇਂ ਉਨ੍ਹਾਂ ਦੇ ਨਾਲ ਐਸ.ਡੀ.ਐਮ ਅਨੁਪ੍ਰੀਤ ਕੋਰ, ਜ਼ਿਲਾ ਖੇਤੀਬਾੜੀ ਅਫਸਰ, ਬਿਜਲੀ ਬੋਰਡ ਦੇ ਐਕਸੀਅਨ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਹਾਜ਼ਰ ਸਨ।

ਜਾਂਚ ਰਿਪੋਰਟ ਸੀ.ਐਮ ਦੇ ਕੋਲ ਜਾਵੇਗੀ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਰਿਪੋਰਟ ਤਿਆਰ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਰਿਪੋਰਟ ਵਿਚ ਜਿਹੜੇ ਜਿੰਮੇਵਾਰ ਅਧਿਕਾਰੀ ਪਾਏ ਗਏ ਉਨ੍ਹਾਂ ਦੀ ਰਿਪੋਰਟ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣਗੇ।ਇਸ ਤੋਂ ਇਲਾਵਾ ਜੋ ਜਰੂਰੀ ਲੋੜਾਂ ਹੋਣਗੀਆਂ ਉਸ ਦੀ ਤੁਰੰਤ ਪੂਰਤੀ ਕਰਵਾਈ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ’ਤੇ ਲੋਕਾਂ ਵੱਲੋਂ ਭਿ੍ਰਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ, ਦੀ ਵੀ ਜਾਂਚ ਕਰਵਾ ਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਝੱਖੜ ਚੱਲਣ ਦੇ ਬਾਵਜੂਦ ਬਿਜਲੀ ਅਧਿਕਾਰੀਆਂ ਵੱਲੋਂ ਲਾਈਟ ਇਕ ਵਿਅਕਤੀ ਨੂੰ ਦੇਣ ਦੇ ਕਾਰਨ ਤਿੰਨ ਵਾਰ ਟਿ੍ਰਪ ਕਰਨ ਦੇ ਬਾਵਜੂਦ ਜਾਰੀ ਰੱਖੀ। ਢਿੱਲੀਆਂ ਤਾਰਾਂ ਦੇ ਕਾਰਨ ਸਪਾਰਕ ਹੋਣ ’ਤੇ ਅੱਗ ਲੱਗੀ ਹੈ।ਮੁੱਢਲੀ ਜਾਂਚ ਦੇ ਬਾਅਦ ਤੁਰੰਤ ਅਗਲੀ ਕਾਰਵਾਈ ਸ਼ੁਰੂ ਹੋ ਜਾਵੇਗੀ।

ਐਮ.ਪੀ.ਲੈਂਡ ਫੰਡ ’ਚੋਂ ਪੀੜਤ ਕਿਸਾਨਾਂ ਨੂੰ ਮਿਲੇਗੀ ਰਾਹਤ
ਮੌਕੇ ’ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਐਲਾਨ ਕੀਤਾ ਕਿ ਜਿਨ੍ਹਾਂ ਕਿਸਾਨਾਂ ਦੀ ਪੂਰੀ ਦੀ ਪੂਰੀ ਫਸਲ ਸੜ੍ਹ ਕੇ ਸਵਾਹ ਹੋ ਗਈ ਹੈ, ਨੂੰ ਪੰਜਾਬ ਸਰਕਾਰ ਤੋਂ ਜਿਥੇ ਵੱਧ ਤੋਂ ਵੱਧ ਮੁਆਵਜਾ ਦਿਵਾਇਆ ਜਾਵੇਗਾ, ਉਥੇ ਉਹ ਐਮ.ਪੀ.ਲੈਂਡ ਫੰਡ ਵਿਚੋਂ ਉਨ੍ਹਾਂ ਨੂੰ ਰਾਹਤ ਦੇ ਤੋਰ ’ਤੇ ਖਾਦਾਂ, ਬੀਜ ਅਤੇ ਹੋਰ ਜਰੂਰੀ ਵਸਤਾਂ ਦਿੱਤੀਆਂ ਜਾਣਗੀਆਂ ਤਾਂ ਉਹ ਆਪਣੀਆਂ ਅਗਲੀ ਫਸਲ ਦੇ ਲਈ ਮਾਨਸਿਕ ਅਤੇ ਆਰਥਿਕ ਤੌਰ ’ਤੇ ਤਿਆਰ ਹੋ ਸਕਣਗੇ। ਔਜਲਾ ਨੇ ਦੱਸਿਆ ਕਿ ਕੁਝ ਕਿਸਾਨਾਂ ਦੀ ਪੂਰੀ ਕਣਕ ਦੀ ਫਸਲ ਸੜ੍ਹ ਗਈ ਹੈ ਜਿਸ ਦੇ ਨਾਲ ਉਨ੍ਹਾਂ ਦੇ ਘਰ ਵਿਚ ਸੋਗ ਦੀ ਲਹਿਰ ਹੈ।ਉਨ੍ਹਾਂ ਨੇ ਕਿਹਾ ਕਿ ਕਣਕ ਦੀ ਪੱਕੀ ਫਸਲ ਵੇਖ ਕੇ ਕਿਸਾਨਾਂ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਵਿਖਾਈ ਦਿੰਦੇ ਹਨ ਪਰ ਬਿਜਲੀ ਅਧਿਕਾਰੀਆਂ ਦੀ ਅਣਗਹਿਲੀਆਂ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply