ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –
ਕਮਿਸ਼ਨਰ-ਕਮ-ਡਾਇਰੈਕਟਰ ਉਦਯੋਗਿਕ ਅਤੇ ਕਾਮਰਸ ਵਿਭਾਗ ਰਾਕੇਸ਼ ਵਰਮਾ ਵਲੋਂ ਅੰਮਿ੍ਰਤਸਰ ਦੇ ਉਦਯੋਗਪਤੀਆਂ ਕੋਲੋਂ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਉਦਯੋਗਿਕ ਨੀਤੀ ਦੇ ਸਬੰਧ ਵਿੱਚ ਸੁਝਾਓ ਮੰਗੇ ਗਏ।ਵਰਮਾ ਨੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਨਵੀਂ ਉਦਯੋਗਿਕ ਨੀਤੀ ਐਲਾਨੀ ਜਾ ਰਹੀ ਹੈ।ਸਥਾਨਕ ਹੋਟਲ ਵਿਖੇ ਉਦਯੌਗਪਤੀਆਂ ਨੂੰ ਦਰਪੇਸ਼ ਮੁਸ਼ਕਲਾਂ ਜਾਨਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰ ਨਵੀਂ ਉਦਯੋਗਿਕ ਨੀਤੀ ਐਲਾਨਣ ਤੋਂ ਪਹਿਲਾਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਸਕੇ।ਵਰਮਾ ਨੇ ਦੱਸਿਆ ਕਿ ਪੰਜਾਬ ਵਿੱਚ 1.60 ਲੱਖ ਉਦਯੋਗ ਰਜਿਸਟਰਡ ਅਤੇ 40 ਹਜ਼ਾਰ ਅਣ-ਰਜਿਸਟਰਡ ਉਦਯੋਗ ਹਨ।ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ ਆਪਣੇ ਉਦਯੋਗ ਸਥਾਪਤ ਕਰਨ ਲਈ ਵੱਖ-ਵੱਖ ਵਿਭਾਗਾਂ ਪਾਸ ਪਹੁੰਚ ਕਰਨੀ ਪੈਂਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਕੰਮਾਂ ਨੂੰ ਸਮਾਂਬੱਧ ਨਿਪਟਾਇਆ ਜਾਵੇ।
ਵਰਮਾ ਨੇ ਅੱਗੇ ਕਿਹਾ ਕਿ ਨਵੇਂ ਤਕਨੀਕ ਆਉਣ ਨਾਲ ਮਜਦੂਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਸਰਕਾਰ ਵੱਲੋਂ ਇਨ੍ਹਾਂ ਨੂੰ ਟ੍ਰੇਨਿੰਗ ਦੇਣ ਲਈ ਨਵੇਂ ਸਕਿੱਲ ਡਿਵੈਲਪਮੈਂਟ ਸੈਂਟਰ ਖੋਲੇ ਜਾ ਰਹੇ ਹਨ ਤਾਂ ਜੋ ਨਵੀਂ ਜਨਰੇਸ਼ਨ ਨੂੰ ਟੇ੍ਰਨਿੰਗ ਦੇ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਸਮਰੱਥ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਨਾਲ ਸਬੰਧਤ ਜੋ ਵੀ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਹਨ ਨੂੰ ਫੌਰੀ ਤੌਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਪੇਂਡੂ ਖੇਤਰਾਂ ਵਿੱਚ ਜਾ ਕੇ ਆਪਣੇ ਉਦਯੋਗ ਸਥਾਪਤ ਕਰਨ ਤਾਂ ਜੋ ਉਥੋਂ ਦੀਆਂ ਲੜਕੀਆਂ ਨੂੰ ਰੁਜ਼ਗਾਰ ਮਿਲ ਸਕੇ।ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੀਆਂ ਲੜਕੀਆਂ ਰੁਜ਼ਗਾਰ ਦੀ ਤਲਾਸ਼ ਵਿੱਚ ਸ਼ਹਿਰ ਪਹੁੰਚ ਨਹੀਂ ਕਰ ਸਕਦੀਆਂ, ਜਿਸ ਕਾਰਨ ਦਿਹਾਤ ਖੇਤਰ ਵਿੱਚ ਵੀ ਉਦਯੋਗ ਸਥਾਪਤ ਕਰਨੇ ਜਰੂਰੀ ਹਨ।ਡਿਪਟੀ ਕਮਿਸ਼ਨਰ ਨੇ ਅੰਮਿ੍ਰਤਸਰ ਵਿਖੇ ਮੌਜੂਦਾ ਟੂਰਿਸਟਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਉਦਯੋਗਪਤੀਆਂ ਨੂੰ ਸੁਝਾਓ ਦਿੱਤਾ ਜਿਸ `ਤੇ ਸਬੰਧਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਨਵਾਂ ਟੂਰਿਜਮ ਪ੍ਰਾਜੈਕਟ ਚਾਲੂ ਕਰਨ ਦੇ ਉਪਰਾਲੇ ਬਾਰੇ ਜਾਣੂ ਕਰਵਾਇਆ ਗਿਆ ਜਿਸ ਨਾਲ 500 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ 200 ਕਰੋੜ ਰੁਪੲੈ ਦੀ ਇਨਵੈਸਟਮੈਂਟ ਵੀ ਕੀਤੀ ਜਾਵੇਗੀ।
ਅੰਮਿ੍ਰਤਸਰ ਦੇ ਉਦਯੋਗਪਤੀਆਂ ਨੇ ਨਵੀਂ ਤਿਆਰ ਕੀਤੀ ਜਾ ਰਹੀ ਪਾਲਿਸੀ ਲਈ ਸੁਝਾਓ ਦਿੱਤੇ ।ਜਿੰਨਾਂ ਵਿੱਚ ਉਦਯੋਗਿਕ ਪਾਲਿਸੀ 1978 ਨੂੰ ਦੁਬਾਰਾ ਲਾਗੂ ਕਰਨਾ, ਬਾਰਡਰ ਏਰੀਆ ਯੂਨਿਟਾਂ ਨੂੰ ਸਪੈਸ਼ਲ ਪੈਕੇਜ ਦੇਣਾ, ਵਨ ਟਾਈਮ ਸੈਟਲਮੈਂਟਸਕੀਮ ਚਾਲੂ ਕਰਨਾ, ਫਰੇਟ ਸਬਸਿਡੀ ਚਾਲੂ ਕਰਨਾ, ਐਮ.ਐਸ.ਐਸ.ਈ ਦੀ ਕੈਪੀਟਲ ਇਨਵੈਸਟਮੈਂਟ ਲਿਮਟ ਵਧਾਉਣਾ, ਇੰਡਸਟਰੀ ਲੋਨ ਦੀ ਵਿਆਜ ਦਰ ਨੂੰ ਘਟਾਉਣਾ, ਫੋਕਲ ਪੁਆਇੰਟਾਂ `ਤੇ ਈ.ਐਸ.ਆਈ ਹਸਪਤਾਲ ਤੇ ਫਾਇਰ ਬਿ੍ਰਗੇਡ ਸਟੇਸ਼ਨ ਬਣਾਉਣਾ, ਪਲਾਟਾਂ ਦੀ ਟਰਾਂਸਫਰ ਬਾਰੇ ਜਿਲ੍ਹਾ ਪੱਧਰ `ਤੇ ਪਾਵਰਾਂ ਦੇਣਾ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ `ਤੇ ਜੋਰ ਦਿੱਤਾ।ਉਨ੍ਹਾਂ ਨੇ ਸਰਕਾਰ ਅੱਗੇ ਮੁੱਖ ਮੰਗ ਰੱਖੀ ਕਿ ਮੱਖੂ ਰੇਲਵੇ ਲਿੰਕ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ, ਜਿਸ ਨਾਲ ਅੰਮਿ੍ਰਤਸਰ ਤੋਂ ਮੁੰਬਈ ਦੀ ਦੂਰੀ 250 ਕਿਲੋਮੀਟਰ ਤੱਕ ਘੱਟ ਜਾਵੇਗੀ ਅਤੇ ਉਦਯੋਗਪਤੀਆਂ ਨੂੰ ਕਾਫੀ ਫਾਇਦਾ ਹੋਣ ਦੇ ਨਾਲ ਨਾਲ ਸਮੇਂ ਦੀ ਵੀ ਬਚਤ ਹੋਵੇਗੀ।ਉਨ੍ਹਾਂ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿੱਚ ਬਿਜਲੀ ਸਰਪਲਸ ਹੋ ਚੁੱਕੀ ਹੈ, ਇਸ ਲਈ ਉਦਯੋਗਾਂ ਨੂੰ ਬਾਕੀ ਸੂਬਿਆਂ ਵਾਂਗ ਘੱਟ ਰੇਟ `ਤੇ ਬਿਜਲੀ ਮੁਹੱਈਆ ਕਰਵਾਈ ਜਾਵੇ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਨਵੀਂ ਤਕਨੀਕ ਆਉਣ ਕਰਕੇ ਨੌਜਵਾਨ ਵਰਗ ਨੂੰ ਉਦਯੋਗਾਂ ਵਿੱਚ ਨੌਕਰੀ ਮਿਲਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਈ.ਟੀ.ਆਈ ਵਿੱਚ ਨਵੇਂ ਤਕਨੀਕੀ ਕੋਰਸ ਸ਼ੁਰੂ ਕਰਵਾਵੇ ਤਾ ਜੋ ਨੌਜਵਾਨ ਵਰਗ ਨਸ਼ਿਆਂ ਨੂੰ ਛੱਡ ਕੇ ਰੁਜਗਾਰ ਦੀ ਦਿਸ਼ਾ ਵੱਲ ਵਧ ਸਕੇ। ਅਖੀਰ ਵਿੱਚ ਉਦਯੋਗਪਤੀਆਂ ਨੇ ਨਵੀਂ ਉਦਯੋਗਿਕ ਨੀਤੀ ਐਲਾਨਣ ਤੋਂ ਪਹਿਲਾਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਣ `ਤੇ ਸਰਕਾਰ ਦਾ ਧੰਨਵਾਦ ਕੀਤਾ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media