ਕੈਪਟਨ ਸਰਕਾਰ ਕਿਸਾਨਾਂ ਨੂੰ ਕਰਜ਼ਾ ਚੁੱਕਣ ਦਾ ਮੌਕਾ ਹੀ ਨਹੀਂ ਦੇਵੇਗੀ-ਸਿੱਧੂ
ਅੰਮਿ੍ਰਤਸਰ, 23 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –
ਬੀਤੀ ਦਿਨੀਂ ਰਾਜਾਸਾਂਸੀ ਹਲਕੇ ਦੇ ਪਿੰਡ ਓਠੀਆਂ ਨੇੜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜਿੰਨਾਂ ਕਿਸਾਨਾਂ ਦੀ ਕਰੀਬ 300 ਏਕੜ ਕਣਕ ਸੜ ਗਈ ਸੀ, ਨੂੰ ਹੌਂਸਲਾ ਦੇਣ ਦੇ ਇਰਾਦੇ ਨਾਲ ਵਿਸ਼ੇਸ ਤੌਰ ’ਤੇ ਪੁੱਜੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਕਤ ਪੀੜਤ ਕਿਸਾਨਾਂ ਨੂੰ ਆਪਣੀ ਜੇਬ ਵਿਚੋਂ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਨਿਰਾਸ ਹੋਏ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲੈ ਆਂਦੀ। ਦੱਸਣਯੋਗ ਹੈ ਕਿ ਉਕਤ ਇਲਾਕਾ ਵੀ ਸਿੱਧੂ ਦੇ ਵਿਧਾਨ ਸਭਾ ਹਲਕੇ ਦਾ ਹਿੱਸਾ ਨਹੀਂ ਅਤੇ ਖੇਤੀ ਦਾ ਮਹਿਕਮਾ ਵੀ ਉਨਾਂ ਨਾਲ ਸੰਬਧਤ ਨਹੀਂ, ਪਰ ਫਿਰ ਵੀ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਸਿੱਧੂ ਅੱਜ ਦੁਪਿਹਰ ਕਿਸਾਨਾਂ ਨੂੰ ਮਿਲਣ ਲਈ ਜਾ ਪੁਹੰਚੇ। ਉਹ ਉਕਤ ਪ੍ਰਭਾਵਿਤ ਖੇਤਾਂ ਵਿਚ ਗਏ ਅਤੇ ਪੀੜਤ ਕਿਸਾਨਾਂ ਨੂੰ ਹੌਸਲਾ ਦਿੱਤਾ।
ਕਿਸਾਨਾਂ ਨਾਲ ਗੱਲਬਾਤ ਕਰਦੇ ਸਿੱਧੂ ਨੇ ਕਿਹਾ ਕਿ ਤੁਹਾਡੀ ਕਣਕ ਦਾ ਨੁਕਸਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ ਅਤੇ ਇਸ ਦਾ ਮੁਆਵਜ਼ਾ, ਜੋ ਕਿ ਪੰਜਾਬ ਸਰਕਾਰ ਵੱਲੋਂ 8 ਹਜ਼ਾਰ ਰੁਪਏ ਪ੍ਰਤੀ ਏਕੜ ਤੈਅ ਹੈ, ਪਾਵਰਕਾਮ ਪੰਜਾਬ ਵੱਲੋਂ ਦਿੱਤਾ ਜਾਵੇਗਾ, ਜੋ ਕਿ ਤਕਰੀਬਨ 24 ਲੱਖ ਰੁਪਏ ਬਣੇਗਾ ਅਤੇ ਇੰਨਾਂ ਹੀ ਮੁਆਵਜਾ ਮੈਂ ਆਪਣੀ ਜੇਬ ਵਿਚੋਂ ਦੇਵਾਂਗਾ।ਸਿੱਧੂ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਾਗ ਹਨ ਕਿ ਅੱਜ ਕੈਪਟਨ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ।ਉਨਾਂ ਕਿਹਾ ਕਿ ਛੇਤੀ ਹੀ ਅਜਿਹੀ ਨੀਤੀ ਪੰਜਾਬ ਦੇ ਕਿਸਾਨਾਂ ਦੇ ਭਲੇ ਲਈ ਤਿਆਰ ਕੀਤੀ ਜਾਵੇਗੀ ਕਿ ਕਿਸੇ ਕਿਸਾਨ ਨੂੰ ਕਰਜ਼ਾ ਚੁੱਕਣ ਦੀ ਨੌਬਤ ਹੀ ਨਾ ਆਵੇ। ਅੱਗ ਲੱਗਣ ਮੌਕੇ ਅੱਗ ਬੁਝਾਉਣ ਲਈ ਫਾਇਰ ਗੱਡੀਆਂ ਦੀ ਘਾਟ ਵਾਲੀ ਗੱਲ ਸੁਣਨ ’ਤੇ ਸਿੱਧੂ ਨੇ ਤੁਰੰਤ ਅਜਨਾਲਾ, ਰਾਜਾਸਾਂਸੀ, ਅੰਮਿ੍ਰਤਸਰ ਪੂਰਬੀ ਅਤੇ ਅੰਮਿ੍ਰਤਸਰ ਉਤਰੀ ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਅੱਗ ਬੁਝਾੳੂ ਗੱਡੀ ਦੇਣ ਦਾ ਐਲਾਨ ਕਰ ਦਿੱਤਾ।
ਸਿੱਧੂ ਨੇ ਅੰਮਿ੍ਰਤਸਰ ਜਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਐਸ ਡੀ ਐਮ ਅਜਨਾਲਾ ਡਾ. ਅਨੂਪ੍ਰੀਤ ਕੌਰ ਅਤੇ ਹੋਰ ਅਧਿਕਾਰੀਆਂ ਦੀ ਸਿਫਤ ਕਰਦੇ ਕਿਹਾ ਕਿ ਅੱਗ ਲੱਗਣ ਮੌਕੇ ਵੀ ਉਕਤ ਅਧਿਕਾਰੀ ਮੌਕੇ ’ਤੇ ਪਹੁੰਚੇ ਸਨ ਅਤੇ ਅੱਜ ਫਿਰ ਛੁੱਟੀ ਹੋਣ ਦੇ ਬਾਵਜੂਦ ਮੇਰੇ ਨਾਲ ਕਿਸਾਨਾਂ ਦੀ ਹੌਸਲਾ ਅਫਜਾਈ ਲਈ ਆਏ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰ ਅਧਿਕਾਰੀ ਲੋਕਾਂ ਦੀ ਸੇਵਾ ਲਈ ਤਤਪਰ ਹੈ।ਸਿੱਧੂ ਵੱਲੋਂ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਸੰਘਾ ਨੇ ਦੱਸਿਆ ਕਿ ਉਹ ਬਹੁਤ ਜਲਦ ਇਸ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਕੇਸ ਪਾਵਰਕਾਮ ਨੂੰ ਭੇਜ ਦੇਣਗੇ ਅਤੇ ਖ਼ੁੱਦ ਵਿਭਾਗ ਨਾਲ ਤਾਲਮੇਲ ਰੱਖ ਕੇ ਛੇਤੀ ਤੋਂ ਛੇਤੀ ਕਿਸਾਨਾਂ ਨੂੰ ਮੁਆਵਜਾ ਦਿਵਾਉਣ ਦਾ ਯਤਨ ਕਰਨਗੇ।
Punjab Post Daily Online Newspaper & Print Media