ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –
ਖ਼ਾਲਸਾ ਕਾਲਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕੋ ਇਕ ਆਟੋਨੌਮਸ (ਖੁਦਮੁਖ਼ਤਾਰ) ਕਾਲਜ ਹੈ ਅਤੇ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਐਫ਼ੀਲੀਏਟਿਡ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਦਫਤਰ ਵਿਖੇ ਵਾਰਤਾਲਾਪ ਮੌਕੇ ਕੀਤਾ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਦਾ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਇਸ ਦੀ ਹੈਰੀਟੇਜ਼ ਉੱਤੇ ਕਿਸੇ ਹੋਰ ਸੰਸਥਾ ਦਾ ਪ੍ਰਭਾਵ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਪਾਸ ਆਟੋਨੌਮਸ ਹੋਣ ਤੋਂ ਪਹਿਲਾਂ ਤੀਹ ਕੋਰਸ ਸਨ। ਪਰ ਹੁਣ ਤਕਰੀਬਨ ਸੱਤਰ ਕੋਰਸ ਹਨ। ਇਹ ਕੋਰਸਾਂ ਅਤੇ ਗਿਣਤੀ ਵਜੋਂ ਪੰਜਾਬ ਦਾ ਸਭ ਤੋਂ ਵੱਡਾ ਇਤਿਹਾਸਕ ਕਾਲਜ ਹੈ। ਕਾਲਜ ’ਚ ਕੋਰਸਾਂ ਤੇ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਵਿਭਾਗਾਂ ਦੀ ਮੰਗ ਮੁਤਾਬਕ ਬਹੁਤ ਸਾਰੀਆਂ ਨਵੀਆਂ ਇਮਾਰਤਾਂ ਜਿਵੇਂ ਕੰਪਿਊਟਰ ਬਲਾਕ, ਐਗਰੀਕਲਚਰ ਬਲਾਕ, ਫੂਡ-ਸਾਇੰਸ ਬਲਾਕ ਅਤੇ ਕਾਮਰਸ ਬਲਾਕ ਬਣੇ ਹਨ। ਪਰ ਨਾਲ-ਨਾਲ ਕਾਲਜ ਦੀ ਇਤਿਹਾਸਕ ਸ਼ਾਹਆਨਾ ਤੇ ਵਿਰਾਸਤੀ ਇਮਾਰਤ ਦੀ ਜਿਵੇਂ-ਤਿਵੇਂ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਖ਼ਾਲਸਾ ਕਾਲਜ ਕੈਂਪਸ ਅੰਦਰ ਫਾਰਮੇਸੀ ਕਾਲਜ, ਵੈਟਨਰੀ ਕਾਲਜ ਤੇ ਲਾਅ ਕਾਲਜ ਵੀ ਬਣੇ ਹਨ, ਜਿੰਨ੍ਹਾਂ ਦਾ ਖ਼ਾਲਸਾ ਕਾਲਜ ਦੇ ਹੈਰੀਟੇਜ਼ ਉੱਤੇ ਕੋਈ ਪ੍ਰਭਾਵ ਨਹੀਂ ਹੈ। ਇਹ ਸਭ ਕਾਲਜ ਇਤਿਹਾਸਕ ਖ਼ਾਲਸਾ ਕਾਲਜ ਤੋਂ ਬਿਲਕੁਲ ਵੱਖਰੇ ਵਜੂਦ ਅਤੇ ਦੂਰੀ ਉੱਤੇ ਹਨ। ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਧੀਨ ਇਸ ਕੈਂਪਸ ਅੰਦਰ ਹੋਰ ਕਈ ਸਕੂਲ ਵੀ ਚਲਾਏ ਜਾ ਰਹੇ ਹਨ, ਜਿੰਨ੍ਹਾਂ ਦੀ ਸਮਾਜ ਨੂੰ ਆਪਣੀ ਇਕ ਵੱਡੀ ਦੇਣ ਹੈ। ਇਸ ਤਰ੍ਹਾਂ ਹੀ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਜੇ ਕੋਈ ਹੋਰ ਨਵੀਂ ਸੰਸਥਾ ਉਸਾਰਦੀ ਹੈ ਤਾਂ ਉਸ ਦਾ ਖ਼ਾਲਸਾ ਕਾਲਜ ਦੀ ਵਿਰਾਸਤ ਉੱਤੇ ਕੋਈ ਪ੍ਰਭਾਵ ਨਹੀਂ ਹੈ। ਇਹ ਵੀ ਜ਼ਿਕਰਯੋਗ ਹੈ ਕਿ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਪਹਿਲਾਂ ਹੀ ਖ਼ਾਲਸਾ ਕਾਲਜ ਨੂੰ ਇਕ ਖੁਦਮੁਖ਼ਤਾਰ ਕਾਲਜ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਐਫੀਲੀਏਸ਼ਨ ਅਧੀਨ ਚਲਾਉਣ ਲਈ ਵਚਨਬੱਧ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media