ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –
ਪ੍ਰਸਿੱਧ ਵਿੱਦਿਅਕ ਮਾਹਿਰ ਅਤੇ ਸ੍ਰੀ ਗੁਰੂ ਗ਼੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਜਿਨ੍ਹਾਂ ਨੂੰ ਬੀਤੇ ਦਿਨੀਂ ‘ਖ਼ਾਲਸਾ ਯੂਨੀਵਰਸਿਟੀ’ ਦੇ ਨਵੇਂ ਵਾਈਸ ਚਾਂਸਲਰ ਵਜੋਂ ਜੁਆਇੰਨ ਕੀਤਾ ਸੀ, ਨੇ ਅੱਜ ’ਵਰਸਿਟੀ ਦੇ ਪ੍ਰੋ-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਅਹੁਦੇਦਾਰਾਂ ਦੀ ਮੌਜ਼ੂਦਗੀ ’ਚ ਆਫ਼ਿਸ ਦਾ ਚਾਰਜ ਸੰਭਾਲਿਆ।
ਦੱਸਣਯੋਗ ਹੈ ਕਿ ਡਾ. ਵਾਲੀਆ ਦੀ ਨਿਯੁਕਤੀ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੁਆਰਾ 2 ਹਫ਼ਤੇ ਪਹਿਲਾਂ ਕੀਤੀ ਗਈ ਸੀ, ਨੇ ਖ਼ੁਦ ਪ੍ਰਮਾਤਮਾ ਅੱਗੇ ਅਰਦਾਸ ਕਰਨ ਉਪਰੰਤ ਛੀਨਾ ਦੀ ਮੌਜ਼ੂਦਗੀ ’ਚ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਫੈਕਲਟੀ ਮੈਂਬਰਾਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਸਬੰਧੀ ਸਰਗਰਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਜਿਸ ’ਚ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ, ਡੀਨ ਅਕਾਦਮਿਕ ਡਾ. ਰਘੁਬੀਰ ਸਿੰਘ, ਸਟੂਡੈਂਟ ਵੈਲਫ਼ੇਅਰ ਤੇ ਕਲਚਰਲ ਸਰਗਰਮੀਆਂ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ ਨੂੰ, ਡਾਇਰੈਕਟਰ ਰਿਸਰਚ ਪ੍ਰਿੰ: ਡਾ. ਆਰ. ਕੇ. ਧਵਨ, ਕੰਟਰੋਲਰ ਪ੍ਰਿੰ: ਡਾ. ਅਮਰਪਾਲ ਸਿੰਘ, ਗਵਰਨਿੰਗ ਬਾਡੀ ਦੇ ਮੈਂਬਰ ਅਜ਼ਮੇਰ ਸਿੰਘ ਹੇਰ, ਸੋਸਾਇਟੀ ਮੈਂਬਰ ਸਰਦੂਲ ਸਿੰਘ ਮੰਨਨ, ਡੀ. ਐੱਸ. ਰਟੌਲ ਆਦਿ ਹਾਜ਼ਰ ਸਨ।
ਮੀਟਿੰਗ ਉਪਰੰਤ ਡਾ. ਵਾਲੀਆ ਨੇ ’ਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਯਕੀਨ ਦਿਵਾਇਆ ਕਿ ਉਨ੍ਹਾਂ ਦਾ ਵਿੱਦਿਅਕ ਪੱਖੋਂ ਪੂਰਨ ਧਿਆਨ ਰੱਖਿਆ ਜਾਵੇਗਾ। ਡਾ. ਵਾਲੀਆ ਦੀ ਨਿਯੁਕਤੀ ਖ਼ਾਲਸਾ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੀ ਹੋਈ ਅਹਿਮ ਮੀਟਿੰਗ ’ਚ ਮਿਲੀ ਪ੍ਰਵਾਨਗੀ ਉਪਰੰਤ ਕੀਤੀ ਗਈ। ਡਾ. ਵਾਲੀਆ ਜੋ ਕਿ ਅੰਗਰੇਜ਼ੀ ਵਿਸ਼ੇ ’ਚ ਪੀ. ਐੱਚ. ਡੀ. ਹਨ, ਦੇਸ਼-ਵਿਦੇਸ਼ ਦੀਆਂ ਨਾਮੀਂ ਵਿੱਦਿਅਕ ਸੰਸਥਾਵਾਂ ਵਿਖੇ ਆਪਣੇ ਬਹੁਤ ਸਾਰੇ ਜਰਨਲ ਖੋਜ ਪੱਤਰ ਛਪ ਚੁੱਕੇ ਹਨ। ਇਸ ਮੌਕੇ ਡਾ. ਕੰਵਲਜੀਤ ਸਿੰਘ ਨੂੰ ’ਵਰਸਿਟੀ ਦਾ ਡਾਇਰੈਕਟਰ ਸਪੋਰਟਸ ਵਜੋਂ ਕਾਰਜਭਾਰ ਸੌਂਪਿਆ ਗਿਆ।
ਛੀਨਾ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਵਾਰਤਾਲਾਪ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਮੈਨੇਜ਼ਮੈਂਟ ਯਤਨਸ਼ੀਲ ਹੈ ਅਤੇ ਵਿੱਦਿਆ ਪੱਖੋਂ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਡਾ. ਵਾਲੀਆ ਦਾ ਨਿੱਘਾ ਸਵਾਗਤ ਕਰਦਿਆ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਉਨ੍ਹਾਂ ਦੇ ਤਜ਼ਰਬੇ ਅਤੇ ਵਿੱਦਿਅਕ ਮੁਹਾਰਤ ਸਦਕਾ ਉੱਚ ਵਿੱਦਿਆ ਦੇ ਖੇਤਰ ’ਚ ਆਪਣੇ ਕਦਮ ਅਗਾਂਹ ਵਧਾਏਗੀ। ਡਾ. ਵਾਲੀਆ ’ਵਰਸਿਟੀ ਦੇ ਉੱਪ ਕੁਲਪਤੀ ਵਜੋਂ ਸੇਵਾਵਾਂ ਨਿਭਾਉਣ ਨਾਲ ਵਿੱਦਿਅਕ ਪ੍ਰਸਾਰ ਦੇ ਕਈ ਅਤਿ-ਆਧੁਨਿਕ ਤਜ਼ਰਬੇ ਸਬੰਧਿਤ ਸਟਾਫ਼ ਨਾਲ ਸਾਂਝੇ ਹੋਣਗੇ। ਉਨ੍ਹਾਂ ਕਿਹਾ ਕਿ ’ਵਰਸਿਟੀ ਦਾ ਹੋਂਦ ’ਚ ਆਉਣਾ ਸਾਡੇ ਪੁਰਖਿਆਂ ਦਾ ਵੇਖਿਆ ਹੋਇਆ ਸੁਪਨਾ ਸੀ, ਜੋ ਆਮ ਲੋਕਾਂ ਦੇ ਸਹਿਯੋਗ ਨਾਲ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾ. ਵਾਲੀਆ ਦੀਆਂ ਉਪਲਬੱਧੀਆਂ ਜ਼ਿਕਰਯੋਗ ਹਨ, ਜਿਸ ਸਬੰਧੀ ਉਨ੍ਹਾਂ ਦੀ ਸ਼ੋਭਾ ਬਿਆਨ ਕਰਨ ਦੇ ਅਲਫ਼ਾਜ਼ ਨਹੀਂ।
ਇਸ ਮੌਕੇ ਨਵਨਿਯੁਕਤ ਉਪ ਕੁਲਪਤੀ ਡਾ. ਵਾਲੀਆ ਨੇ ਸਮੂਹ ਮੈਨੇਜ਼ਮੈਂਟ ਦਾ ਸੌਂਪੇ ਗਏ ਅਹੁੱਦੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਵਡੇਰਿਆਂ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਉੱਚ ਪੱਧਰ ਦੀ ਯੂਨੀਵਰਸਿਟੀ ਸਥਾਪਨਾ ਕਰਨ ਲਈ ਉਹ ਪੂਰੀ ਜਦੋਂ-ਜਹਿਦ ਕਰਨਗੇ ਅਤੇ ’ਵਰਸਿਟੀ ਦੀ ਤਰੱਕੀ ਅਤੇ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਡਾ. ਵਾਲੀਆ ਪ੍ਰਸਿੱਧ ਅਕਾਦਮਿਕ ਸੰਸਥਾਵਾਂ ਜਿਵੇਂ ਕਿ ਸਿੰਡੀਕੇਟ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਕਾਲਜ ਡਿਵੈੱਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਕਾਦਮਿਕ ਬੋਰਡ, ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ, ਪੀਰ ਟੀਮ ਨੈਕ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀ ਮੀਟਿੰਗ ’ਚ ਆਪਣੇ ਵਿਸ਼ੇਸ਼ ਭਾਸ਼ਣ ਵੀ ਦੇ ਚੁੱਕੇ ਹਨ। ਇਸ ਮੌਕੇ ਪ੍ਰਿੰ: ਡਾ. ਜਸਪਾਲ ਸਿੰਘ, ਪ੍ਰਿੰ: ਡਾ. ਨੀਲਮ ਹੰਸ, ਡਾ. ਕੰਵਲਜੀਤ ਸਿੰਘ, ਡਾ. ਜਗਦੀਸ਼ ਸਿੰਘ, ਡਾ. ਵਾਲੀਆ ਦੀ ਧਰਮਪਤਨੀ ਜਸਵਿੰਦਰ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਸੁਖਬੀਰ ਸਿੰਘ ਫੂਡ ਟੈਕਨਾਲੋਜੀ, ਡਾ. ਅਹੂਜਾ ਆਦਿ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media