ਲਿਫਟਿੰਗ ਨਾ ਹੋਣ `ਤੇ ਮੰਡੀਆਂ `ਚ ਰੁਲ ਰਹੀ ਹੈ, ਕਿਸਾਨਾਂ ਦੀ ਕਣਕ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਅਟਾਰੀ ਦਾਣਾ ਮੰਡੀਆਂ ਦਾ ਟੈਂਡਰ ਹਾਸਲ ਕਰਨ ਲਈ ਇਕ ਟਰਾਂਸਪੋਰਟ ਵਿਭਾਗ ਵਲੋਂ ਸਬੰਧਤ ਵਿਭਾਗ ਨਾਲ ਧੋਖਾਧੜੀ ਕਰਨ ਦਾ ਦੋਸ਼ ਲਾਉਂਦਿਆਂ ਅਟਾਰੀ ਬਾਰਡਰ ਟਰੱਕ ਅਪਰੇਟਰ ਯੂਨੀਅਨ ਦੇ ਸੀਨੀਅਰ ਨੁਮਾਇੰਦੇ ਜਥੇਦਾਰ ਕੁਲਵਿੰਦਰ ਸਿੰਘ, ਫਾਈਨੈਂਸਰ ਪ੍ਰਿਤਪਾਲ ਸਿੰਘ, ਸ਼ਿੰਦਾ ਸਿੰਘ ਅਟਾਰੀ, ਅੰਮ੍ਰਿਤਪਾਲ ਸਿੰਘ ਰਣੀਕੇ, ਪਰਮਿੰਦਰ ਰਾਜ ਸਿੰਘ, ਲਵਲੀ ਟਰੱਕ ਟ੍ਰਾਂਸਪੋਰਟ, ਗੁਰਬੀਰ ਸਿੰਘ ਸਿੱਧੂ, ਸ਼ੁਬੇਗ ਸਿੰਘ ਰਣੀਕੇ ਅਤੇ ਰੇਸ਼ਮ ਸਿੰਘ ਰੋੜਾਂ ਵਾਲਾ ਨੇ ਕਿਹਾ ਕਿ ਮਾਰਕੀਟ ਕਮੇਟੀ ਅਟਾਰੀ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਲਿਫਟਿੰਗ ਦੀ ਸਮੱਸਿਆ ਕਦੇ ਵੀ ਨਾ ਆਉਂਦੀ ਜੇਕਰ ਡੈਨੀਅਲ ਭੱਟੀ ਨੇ ਚਲਾਕੀ ਨਾਲ ਟੈਂਡਰ ਨਾ ਲਿਆ ਹੁੰਦਾ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਉਨਾਂ ਕਿਹਾ ਕਿ ਉਸ ਪਾਸ ਟਰੱਕ ਤੇ ਘੋੜਾ ਗੱਡੀਆਂ ਨਹੀਂ ਹਨ।ਗਲਤ ਅਤੇ ਛੋਟੇ ਵਹੀਕਲਾਂ ਦੀ ਆਰਸੀਆਂ ਦੇ ਕੇ ਟੈਂਡਰ ਨੂੰ ਉਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੈ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਆਰ.ਟੀ.ਆਈ ਤਹਿਤ ਟੈਂਡਰ ਲੈਣ ਸਬੰਧੀ ਕੀਤੀ ਗਈ ਘਪਲੇਬਾਜੀ ਦਾ ਪਰਦਾਫਾਸ਼ ਹੋਇਆ ਹੈ, ਜਿਸ ਦੇ ਸਾਰੇ ਦਸਤਾਵੇਜ ਉਨ੍ਹਾਂ ਕੋਲ ਮੌਜੂਦ ਹਨ ਅਤੇ ਟੈਂਡਰ ਰੱਦ ਕਰਵਾਉਣ ਸਬੰਧੀ ਰਿੱਟ ਮਾਣਯੋਗ ਹਾਈਕੋਰਟ ਵਿਚ ਪਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਟੈਂਡਰ ਪਾਸ ਕਰਵਾਉਣ ਲਈ 1140 ਟਰੱਕਾਂ-ਗੱਡੀਆਂ ਦੀ ਲੋੜ ਹੁੰਦੀ ਹੈ।ਪਰ ਉਕਤ ਟੈਂਡਰ ਪਾਸ ਕਰਵਾਉਣ ਵਾਲੇ ਨੇ 1020 ਗੱਡੀਆਂ ਦੀ ਝੂਠੀ ਲਿਸਟ ਬਣਾ ਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਨੇ ਕਾਗਜਾਂ ਦੇ ਵੱਡੀ ਅਣਗਹਿਲੀ ਕਰਦੇ ਹੋਏ ਦਸਤਖਤ ਕਰਕੇ ਮੋਹਰਾਂ ਵੀ ਚਿਪਕਾ ਦਿੱਤੀਆਂ।ਪਰ ਹੁਣ ਸਬੰਧਤ ਵਿਭਾਗ ਜਵਾਬਦੇਹੀ ਤੋਂ ਭੱਜ ਰਿਹਾ ਅਤੇ ਅਧਿਕਾਰੀ ਟਾਲਮਟੋਲ ਕਰ ਰਹੇ ਹਨ। ਇਸ ਤੋਂ ਜਾਹਰ ਹੁੰਦਾ ਹੈ ਕਿ ਉਕਤ ਟੈਂਡਰ ਪਾਸ ਕਰਨ ਲਈ ਵਿਭਾਗੀ ਅਧਿਕਾਰੀਆਂ ਵੱਡੀ ਮਿਲੀਭੁਗਤ ਹੈ।
ਜਥੇਦਾਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਕਤ ਟੈਂਡਰ ਵਿਚ ਗੱਡੀਆਂ ਪੂਰੀਆਂ ਨਾ ਹੋਣ ਕਾਰਨ ਦਾਣਾ ਮੰਡੀ ਅਟਾਰੀ, ਬੱਚੀਵਿੰਡ, ਰਾਜਾਤਾਲ, ਖਾਸਾ, ਭਕਨਾ, ਚੀਮਾ, ਖਾਸਾ, ਸਰਾਏ ਅਮਾਨਤ ਖਾਂ ਆਦਿ ਦਾਣਾ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਉਕਤ ਦਾਣਾ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਿਲ੍ਹ ਪ੍ਰਸ਼ਾਸਨ ਨੇ ਇਹ ਟੈਂਡਰ ਰੱਦ ਨਾ ਕੀਤਾ ਤਾਂ ਸਮੂਹ ਯੂਨੀਅਨ ਮੈਂਬਰ ਆਪਣਾ ਸੰਘਰਸ਼ ਹੋਰ ਤਿੱਖਾ ਕਰਦਿਆਂ ਅਗਲਾ ਪ੍ਰੋਗਰਾਮ ਉਲੀਕਣਗੇ।
ਉਨ੍ਹਾਂ ਦੱਸਿਆ ਕਿ ਬੱਸਾਂ, ਸਕੂਟਰਾਂ ਅਤੇ ਮੋਟਰਸਾਈਕਲਾਂ ਆਦਿ ਛੋਟੀਆਂ ਗੱਡੀਆਂ ਨੂੰ ਕਾਗਜਾਂ ਵਿਚ ਟਰੱਕ ਦਰਸਾ ਕੇ ਸਬੰਧਤ ਪਬਲਿਕ ਇਨਫਰਮੇਸ਼ਨ ਅਫਸਰ-ਕਮ ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ ਅਤੇ ਖੱਪਤਕਾਰ ਮਾਮਲੇ ਅੰਮ੍ਰਿਤਸਰ ਨੇ ਵੀ ਆਪਣੀ ਸ਼ੱਕੀ ਭੂਮਿਕਾ ਜੱਗ ਜਾਹਰ ਕੀਤੀ ਹੈ ਅਤੇ ਟੈਂਡਰ ਪਾਸ ਕਰਨ ਲਈ ਮਾਣਯੋਗ ਹਾਈਕੋਰਟ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ।ਉਨ੍ਹਾਂ ਸਬੰਧਤ ਵਿਭਾਗ ਦੇ ਮੰਤਰੀ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਟੈਂਡਰ ਘੋਟਾਲੇ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਟਰੱਕ ਯੂਨੀਅਨ ਦਾ ਪੱਖ
ਟਰੱਕ ਯੂਨੀਅਨ ਦੇ ਨੁਮਾਇੰਦੇ ਸ਼ੁਬੇਗ ਸਿੰਘ ਰਣੀਕੇ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਦੇ ਵਪਾਰਕ ਸੌਦੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਟਾਰੀ ਬਾਰਡਰ ਟਰੱਕ ਅਪਰੇਟਰ ਯੂਨੀਅਨ ਦੇ ਮੈਂਬਰ ਲਗਭਗ ਇਕ ਮਹੀਨੇ ਤੋਂ ਕੰਮਕਾਰ ਤੋਂ ਵਿਹਲੇ ਬੈਠੇ ਹਨ, ਜਿਸ ਕਾਰਨ ਗੱਡੀਆਂ ਦੀਆਂ ਕਿਸ਼ਤਾਂ, ਘਰ ਦਾ ਗੁਜਾਰਾ, ਬੱਚਿਆਂ ਦੀਆਂ ਸਕੂਲ ਫੀਸਾਂ ਆਦਿ ਖਰਚੇ ਬਿਲਕੁਲ ਬੰਦ ਹੋ ਗਏ ਹਨ।
ਕੀ ਕਹਿੰਦੇ ਹਨ ਜਿਲ੍ਹਾ ਡਿਪਟੀ ਕਮਿਸ਼ਨਰ
ਇਸ ਟੈਂਡਰ ਘੋਟਾਲੇ ਸਬੰਧੀ ਜਿਲ੍ਹਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਸ ਮਾਮਲੇ ਦੀ ਜਾਂਚ ਏ.ਡੀ.ਸੀ ਨੂੰ ਸੌਪੀ ਗਈ ਹੈ। ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ `ਤੇ ਸਖਤ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media