Sunday, July 5, 2026

ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਉਣਾ ਬੰਦ ਕਰੇ ਕੇਂਦਰ ਸਰਕਾਰ – ਦਮਦਮੀ ਟਕਸਾਲ

ਮਹਿਤਾ, 25 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – PPN2504201730ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਮਿਲ ਰਹੀ ਹੈ ਅਤੇ ਸਿੱਖੀ ਚਿੰਨ੍ਹਾਂ ਵਾਲੇ ਸਿੱਕੇ ਜਾਰੀ ਕਰਕੇ ਸਿੱਖ ਕੌਮ ਦੀ ਕਦਰ ਕੀਤੀ ਜਾ ਰਹੀ ਹੈ, ਪਰ ਆਪਣੇ ਹੀ ਦੇਸ਼ ’ਚ ਸਿੱਖ ਕੌਮ ਦੀ ਗਹਿਰੀ ਸਾਜ਼ਿਸ਼ ਤਹਿਤ ਅਣਦੇਖੀ ਕਰਦਿਆਂ ਬੇਕਦਰੀ ਕੀਤੀ ਜਾਣਾ ਅਫ਼ਸੋਸਨਾਕ ਹੈ।ਉਹਨਾਂ ਕੇਂਦਰ ਸਰਕਾਰ ਨੂੰ ਇਸ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਉਣਾ ਬੰਦ ਕਰਨ ਲਈ ਕਿਹਾ ਹੈ।
ਦਮਦਮੀ ਟਕਸਾਲ ਦੇ ਹੈੱਡਕੁਆਟਰ, ਮਹਿਤਾ ਵਿਖੇ ਜੂਨ ’84 ਦੇ ਸ਼ਹੀਦਾਂ ਦੀ ਯਾਦ ਨਾਲ ਸੰਬੰਧਿਤ 33ਵੇ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਥਾਂ ਬੇਗਾਨਗੀ ਦਾ ਅਹਿਸਾਸ ਕਰਾ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਗੁਰਦਵਾਰਾ ਕਰਤਾਰ ਕੀਰਤਨ ਸਾਹਿਬ ਨੂੰ ਢਾਹ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਇਆ ਜਾਣਾ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਰਾਹੀਂ 80 ਫੀਸਦੀ ਹਿੱਸਾ ਪਾਉਣ ਵਾਲੇ ਸਿੱਖਾਂ ਦੇ ਇਤਿਹਾਸ ਨੂੰ ਅੰਡੇਮਾਨ ਨਿਕੋਬਾਰ ਦੀਪ ਦੇ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿੱਚੋਂ ਮਨਫ਼ੀ ਕਰ ਦੇਣ ਤੋਂ ਮਿਲਦੀ ਹੈ।ਉਹਨਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਤਿੰਨ ਸਾਲ ਤੋਂ ਲੈ ਕੇ ਉਮਰ ਕੈਦ ਤਕ ਦੀ ਸਖ਼ਤ ਸਜਾ ਦੇਣ ਸੰਬੰਧੀ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਲ ਨੂੰ ਨਾਮਨਜ਼ੂਰ ਕਰਨ ਨੂੰ ਗਲਤ ਕਦਮ ਕਰਾਰ ਦਿੰਦਿਆਂ ਇਸ ਪ੍ਰਤੀ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੇਂਦਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੁਪਰੀਮ ਕੋਰਟ ਵੱਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਦਿਆਂ ਜਾਗਤ ਜੋਤ ਗੁਰੂ ਦਾ ਦਰਜਾ ਦਿੱਤਾ, ਜਦ ਕਿ ਕਿਸੇ ਹੋਰ ਧਰਮ ਦੇ ਗ੍ਰੰਥ ਨੂੰ ਇਹ ਰੁਤਬਾ ਹਾਸਲ ਨਹੀਂ ਹੈ।ਦਮਦਮੀ ਟਕਸਾਲ ਦੇ ਮੁਖੀ ਨੇ ਵਿਸ਼ੇਸ਼ ਫਿਰਕੇ ਦੇ ਆਧਾਰ ’ਤੇ ਸਿੱਖਾਂ ਦੀ ਬਣਾਈ ਗਈ ਕਾਲੀ ਸੂਚੀ ਪ੍ਰਤੀ ਮੁੜ ਵਿਚਾਰ ਕਰਦਿਆਂ ਇਸ ਰਵਾਇਤ ਨੂੰ ਖਤਮ ਕਰਨ ਅਤੇ 20 ਤੋਂ 25 ਸਾਲਾਂ ਤਕ ਕੈਦ ਕੱਟ ਕੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਵੀ ਮੰਗ ਕੀਤੀ ਹੈ।
33ਵੇਂ ਸ਼ਹੀਦੀ ਸਮਾਗਮ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਮੌਕੇ ਤੋਪਾਂ ਅਤੇ ਟੈਂਕਾਂ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦਿਆਂ ਗੁਰਧਾਮਾਂ ਦੀ ਅਜ਼ਮਤ, ਰੱਖਿਆ, ਹੱਕ, ਧਰਮ ਅਤੇ ਸਿਧਾਂਤ ਖ਼ਾਤਰ ਲਾਸਾਨੀ ਕੁਰਬਾਨੀਆਂ ਕਰਦਿਆਂ ਸ਼ਹਾਦਤਾਂ ਦਾ ਜਾਮ ਪੀ ਕੇ ਸੁੱਤੀ ਕੌਮ ਨੂੰ ਜਗਾਉਣ ਵਾਲੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀਆਂ ਦੀ ਯਾਦ ਸਦਕਾ ਸ਼ਹੀਦੀ ਸਮਾਗਮ ਨੂੰ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।ਉਹਨਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ’ਚ ਲੜੀਵਾਰ ਦੀਵਾਨ ਸਜਾਏ ਜਾ ਰਹੇ ਹਨ ਅਤੇ ਮਈ ਦੇ ਮਹੀਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ’ਚ ਦੀਵਾਨ ਸਜਾਏ ਜਾ ਰਹੇ ਹਨ।ਇੱਕ ਤੋਂ 5 ਜੂਨ ਤਕ ਹੈਡਕੁਆਟਰ ਮਹਿਤਾ ਵਿਖੇ ਹਰ ਰੋਜ਼ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ ਅਤੇ 6 ਜੂਨ ਨੂੰ ਵਿਸ਼ਾਲ ਸ਼ਹੀਦੀ ਸਮਾਗਮ ਕੀਤਾ ਜਾਵੇਗਾ।ਉਹਨਾਂ ਸੰਗਤਾਂ ਨੂੰ ਸ਼ਹੀਦੀ ਸਮਾਗਮਾਂ ’ਚ ਵਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ 4 ਜੁਲਾਈ 1955 ਨੂੰ ਹੋਏ ਹਮਲੇ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਪੰਜਾਬੀ ਸੂਬਾ ਮੋਰਚੇ ਦੌਰਾਨ ਸਮੇਂ ਦੀ ਸਰਕਾਰ ਵੱਲੋਂ 4 …

Leave a Reply