ਅੰਮ੍ਰਿਤਸਰ, 29 ਅਪੈ੍ਰਲ (ਪੰਜਾਬ ਪੋਸਟ ਬਿਊਰੋ) – “ਪੰਜਾਬ ਦੀਆਂ ਅਕਾਦਮਿਕ ਸੰਸਥਾਵਾਂ ਗੁਰਬਾਣੀ ਰਾਗ ਵਿੱਦਿਆ ਦੇ ਦਾਰਸ਼ਨਿਕ ਪੱਖ ਨੂੰ ਉਸ ਤਰ੍ਹਾਂ ਆਪਣੇ ਅਧਿਐਨ ਦਾ ਵਿਸ਼ਾ ਨਹੀਂ ਬਣਾ ਸਕੀਆਂ ਜਿਸ ਤਰ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਨੇ ਭਾਰਤੀ ਸੰਗੀਤ ਦੇ ਦਰਸ਼ਨ ਸ਼ਾਸਤਰ ਉੱਪਰ ਆਪਣੇ-ਆਪ ਨੂੰ ਕੇਂਦਰਿਤ ਕੀਤਾ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਖੋਜਾਰਥੀਆਂ/ਵਿਦਿਆਰਥੀਆਂ ਦੁਆਰਾ ਸੰਚਾਲਿਤ ਸੰਸਥਾ ਨਾਦ ਪ੍ਰਗਾਸੁ ਦੁਆਰਾ ਆਯੋਜਿਤ ‘ਸ਼ਬਦ ਕੀਰਤਨ : ਵਿਲੱਖਣਤਾ, ਸੰਭਾਲ ਅਤੇ ਪ੍ਰਸਾਰ’ ਵਿਸ਼ੇ ਉੱਪਰ ਕਰਵਾਏ ਗਏ ਵਿਸ਼ੇਸ਼ ਭਾਸ਼ਣ ਦੌਰਾਨ ਡਾ. ਮਨਜੀਤ ਸਿੰਘ ਯੂ.ਐਸ.ਏ ਨੇ ਕੀਤਾ। ਭਾਈ ਵੀਰ ਸਿੰਘ ਗੁਰਮਤਿ ਕਾਲਜ (ਕੇਂਦਰੀ ਖ਼ਾਲਸਾ ਯਤੀਮਖਾਨਾ) ਪੁਤਲੀਘਰ ਵਿਖੇ ਇਸ ਵਿਸ਼ੇਸ਼ ਭਾਸ਼ਣ ਦੌਰਾਨ ਉਹਨਾਂ ਨੇ ਸ਼ਬਦ ਕੀਰਤਨ ਪਰੰਪਰਾ ਦੇ ਪ੍ਰਮੱੁੱਖ ਉਸਤਾਦਾਂ, ਘਰਾਣਿਆਂ ਅਤੇ ਸੰਸਥਾਵਾਂ ਦੇ ਯੋਗਦਾਨ ਨੂੰ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕੀਰਤਨ ਸ਼ੈਲੀ ਵਿੱਚ ਆਏ ਵਿਭਿੰਨ ਪਰਿਵਰਤਨਾਂ ਅਤੇ ਰੁਝਾਨਾਂ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਸ਼ਬਦ ਕੀਰਤਨ ਦਾ ਸਿਧਾਂਤਕ ਪੱਖ ਅਕਾਦਮਿਕ ਪਰਿਪੇਖ ਤਹਿਤ ਵਧੇਰੇ ਗੰਭੀਰਤਾ ਨਾਲ ਵਿਚਾਰੇ ਜਾਣ ਦੀ ਲੋੜ ਹੈ।
ਇਸ ਮੌਕੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਧਰਮ ਸਿੰਘ, ਸਾਬਕਾ ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਅਕਾਦਮਿਕ ਖੇਤਰ ਵਿੱਚ ਸ਼ਬਦ ਕੀਰਤਨ ਦੇ ਸਿਧਾਂਤਕ ਪੱਖ ਨੂੰ ਅਣਗੌਲਿਆਂ ਕੀਤੇ ਜਾਣ ਉੱਪਰ ਗਿਲਾ ਪ੍ਰਗਟਾਇਆ। ਉਹਨਾਂ ਨੇ ਗੁਰਬਾਣੀ ਕੀਰਤਨ ਦੇ ਵਿਦਿਆਰਥੀਆਂ/ਖੋਜਾਰਥੀਆਂ ਨੂੰ ਰਾਗ ਵਿੱਦਿਆ ਦੇ ਉੱਚ-ਪੱਧਰੀ ਗ੍ਰੰਥਾਂ ਤੱਕ ਆਪਣੀ ਪਹੁੰਚ ਅਤੇ ਵਿਸ਼ਲੇਸ਼ਣ ਪੈਦਾ ਕਰਨ ਅਤੇ ਮੌਜੂਦਾ ਸਮੇਂ ਅੰਤਰ-ਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਹੋ ਰਹੀ ਖੋਜ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਜਤਿੰਦਰ ਕੌਰ ਮੁਖ ਸੰਗੀਤ ਵਿਭਾਗ ਖ਼ਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਨੇ ਸ਼ਬਦ ਕੀਰਤਨ ਵਿੱਚ ਤੰਤੀ ਸਾਜ਼ਾਂ ਦੇ ਪ੍ਰਚਲਨ ਨੂੰ ਸ਼ਲਾਘਾਯੋਗ ਦੱਸਿਆ। ਉਹਨਾਂ ਕਿਹਾ ਕਿ ਕੀਰਤਨ ਪਰੰਪਰਾ ਦੀ ਮੌਲਿਕਤਾ ਨੂੰ ਕਾਇਮ ਰੱਖਣ ਹਿੱਤ ਇਹਨਾਂ ਸਾਜ਼ਾਂ ਦੇ ਪ੍ਰਯੋਗ ਨੂੰ ਵਧੇਰੇ ਪ੍ਰਭਾਵਕਾਰੀ ਢੰਗ ਨਾਲ ਵਿਹਾਰਕ ਪੱਧਰ ’ਤੇ ਲਿਆਂਦਾ ਜਾਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕਾਦਮੀ ਦੇ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਕਿਹਾ ਕਿ ਸ਼ਬਦ ਕੀਰਤਨ ਸਹਿਜ ਅਤੇ ਪ੍ਰੇਮ ਦਾ ਮਾਰਗ ਹੈ, ਵੈਰਾਗ ਅਤੇ ਆਨੰਦ ਇਸਦੇ ਉਦੇਸ਼ ਹਨ। ਇਸ ਮੌਕੇ ਉਹਨਾਂ ਨੇ ਖੋਜ ਸੰਸਥਾ ਨਾਦ ਪ੍ਰਗਾਸੁ ਦੁਆਰਾ ਆਯੋਜਿਤ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ। 
ਭਾਸ਼ਣ ਤੋਂ ਬਾਅਦ ਵਿਚਾਰ ਚਰਚਾ ਵਿੱਚ ਬੀਬੀ ਕਿਰਨਜੋਤ ਕੌਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਸੂਬਾ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਪ੍ਰਬੰਧਕਾਂ ਨੇ ਦੱਸਿਆ ਕਿ ਕੀਰਤਨ ਪਰੰਪਰਾ ਨੂੰ ਨਿਰੋਲ ਸੰਗੀਤਕ ਪੱਧਤੀ ਤੋਂ ਇਲਾਵਾ ਵੀ ਵਿਚਾਰੇ ਜਾਣ ਦੀ ਲੋੜ ਹੈ, ਕਿਉਂਕਿ ਸੰਗੀਤ ਸਿਰਫ਼ ਸੁਹਜ ਭਾਵ ਦੀ ਸੰਚਾਰ-ਜੁਗਤ ਹੈ ਜਦਕਿ ਕੀਰਤਨ ਜੀਵਨ ਦੇ ਪਰਾਭੌਤਿਕ ਪਾਸਾਰਾਂ ਨੂੰ ਮਨੁੱਖੀ ਮਨ ਵਿੱਚ ਜਗਾਉਣ ਦਾ ਸਾਧਨ ਹੈ।ਮੌਜੂਦਾ ਸਮੇਂ ਸਿੱਖ ਪੰਥ ਨੂੰ ਕੀਰਤਨ ਦੇ ਵਿਹਾਰਕ ਪੱਖ ਦੇ ਸਮਾਨਾਂਤਰ ਦਾਰਸ਼ਨਿਕ ਤੇ ਸਿਧਾਂਤਕ ਪੱਖ ਉਜਾਗਰ ਕਰਨ ਦੀ ਵੀ ਜ਼ਰੂਰਤ ਹੈ।ਅਜਿਹਾ ਕਰਨ ਨਾਲ ਕੀਰਤਨ ਪਰੰਪਰਾ ਦੀ ਵਿਹਾਰਕਤਾ ਵਧੇਰੇ ਠੋਸ ਰੂਪ ਨਾਲ ਸਥਾਪਿਤ ਹੋ ਸਕੇਗੀ। ਇਸ ਵਿਸ਼ੇਸ਼ ਭਾਸ਼ਣ ਦੌਰਾਨ ਪ੍ਰਿੰਸੀਪਲ ਜਸਵਿੰਦਰ ਕੌਰ ਮਾਹਲ, ਡਾ. ਹਰਪ੍ਰੀਤ ਸਿੰਘ, ਪ੍ਰੋ. ਹਰਭਜਨ ਸਿੰਘ ਧਾਰੀਵਾਲ, ਤਬਲਾ ਵਾਦਕ ਉਸਤਾਦ ਸੁਰਜੀਤ ਸਿੰਘ, ਤਰੁਨਦੀਪ ਸਿੰਘ, ਮੈਡਮ ਆਸ਼ਾ, ਸਰਬਜੀਤ ਸਿੰਘ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਟੈਕਨੀਕਲ ਯੁਨੀਵਰਸਿਟੀ ਜਲੰਧਰ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ, ਭਾਈ ਵੀਰ ਸਿੰਘ ਗੁਰਮਤਿ ਕਾਲਜ ਪੁਤਲੀਘਰ ਆਦਿ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਵੀ ਹਾਜ਼ਿਰ ਸਨ। ਇਸ ਸਮਾਗਮ ਦੇ ਅੰਤ ਵਿੱਚ ਧੰਨਵਾਦੀ ਮਤਾ ਪ੍ਰੋ. ਅਮਨਦੀਪ ਸਿੰਘ, ਮਾਤਾ ਗੁਜਰੀ ਕਾਲਜ, ਕਰਤਾਰਪੁਰ ਨੇ ਪੇਸ਼ ਕੀਤਾ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਕੁਲਵਿੰਦਰ ਸਿੰਘ ਮਾਤਾ ਗੁਜਰੀ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ, ਬਲਵੰਡਾ (ਗੁਰਦਾਸਪੁਰ) ਦੁਆਰਾ ਬਾਖ਼ੂਬੀ ਨਿਭਾਈ ਗਈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media