ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) –
ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਵੱਲੋ ਪੰਜਾਬ ਤੋ ਹਰਿਆਣੇ ਨੂੰ ਜਾਂਦੇ ਵਹੀਕਲਾਂ ਨੂੰ ਰੋਕਣ ਦੀ ਦਿੱਤੀ ਧਮਕੀ ਦਾ ਕਰੜਾ ਨੋਟਿਸ ਲੈਦਿਆਂ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਬਾਦਲਕੇ ਤੇ ਚੌਟਾਲੇਕੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਸਤਲੁੱਜ ਜਮਨਾ ਲਿੰਕ ਨਹਿਰ ਯਾਦ ਆ ਜਾਂਦੀ ਹੈ ।
ਜਾਰੀ ਇੱਕ ਬਿਆਨ ਰਾਹੀ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਜ਼ਜ਼ਬਾਤ ਭੜਕਾ ਕੇ ਲੰਮਾ ਸਮਾਂ ਰਾਜ ਕੀਤਾ ਤੇ ਪਿਛਲੇ 10 ਸਾਲਾਂ ਦੇ ਸਮੇਂ ਦੌਰਾਨ ਪੰਜਾਬ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਰਹੀ, ਉਸ ਸਮੇਂ ਬਾਦਲਾਂ ਨੂੰ ਨਾ ਕਦੇ ਪੰਜਾਬ ਦੇ ਮਸਲੇ, ਨਾ ਹੀ ਮੰਗਾਂ ਤੇ ਨਾ ਹੀ ਸਤਲੂਜ ਜਮਨਾ ਲਿੰਕ ਨਹਿਰ ਦੀ ਯਾਦ ਆਈ, ਪਰ ਹੁਣ ਸੱਤਾ ਤੋ ਬਾਹਰ ਹੋ ਜਾਣ ਉਪਰੰਤ ਇਹ ਮੁੱਦੇ ਬਾਦਲਾਂ ਨੂੰ ਯਾਦ ਆ ਗਏੇ ਹਨ।ਉਹਨਾਂ ਕਿਹਾ ਕਿ ਚੌਟਾਲੇ ਜਿਹੜੇ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਕੋਸਾਂ ਵਿੱਚ ਜੇਲ੍ਹ ਦੀ ਹਵਾ ਭੱਖ ਰਹੇ ਹਨ, ਨੂੰ ਕੋਈ ਅਧਿਕਾਰ ਨਹੀ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਣ ਦੇ ਯਤਨ ਕਰਨ ਕਿਉਕਿ ਦੇਸ਼ ਦੀ ਅਜ਼ਾਦੀ ਵਿੱਚ ਨਾ ਚੌਟਾਲੇ ਲੱਭੇ ਤੇ ਨਾ ਬਾਦਲ ਲੱਭੇ ।ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਬਾਰੇ ਜੇਕਰ ਬਾਦਲਾਂ ਦੀ ਪੜਤਾਲ ਹੋ ਗਈ ਤਾਂ ਬਾਦਲ ਤੇ ਚੌਟਾਲੇ ਫਿਰ ਇੱਕੋ ਬੈਰਕ ਵਿੱਚ ਢੋਲੇ ਗਾਇਆ ਕਰਨਗੇ।ਭਾਈ ਮੋਹਕਮ ਸਿੰਘ ਨੇ ਆਖਿਆ ਕਿ ਇੱਕ ਪਾਸੇ ਤਾਂ ਬਾਦਲਾਂ ਵੱਲੋ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਇੱਕ ਤੁਬਕਾ ਵੀ ਪਾਣੀ ਦਾ ਬਾਹਰ ਨਹੀ ਜਾਣ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਾਲੇ ਤੱਕ ਆਪਣੀ ਸਥਿਤੀ ਸਪੱਸ਼ਟ ਨਹੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਖੜੀ ਹੈ ਜਾਂ ਪੰਜਾਬ ਦੇ ਹਿੱਤਾਂ ਲਈ ਵਚਨਬੱਧ ਹੈ।
ਉਹਨਾਂ ਮੋਦੀ ਸਰਕਾਰ ਤੇ ਚੌਟਾਲਿਆਂ ਨੂੰ ਸੁਝਾਅ ਦਿੰਦਿਆ ਕਿਹਾ ਕਿ ਲੋੜ ਇਸ ਵੇਲੇ ਪੰਜਾਬ ਤੋਂ ਪਾਣੀ ਖੋਹਣ ਦੀ ਨਹੀ ਸਗੋ ਜਮਨਾ ਦੇ ਪਾਣੀ ਨੂੰ ਰੋਕਣ ਦੀ ਹੈ, ਜਿਹੜਾ ਬਿਨਾਂ ਵਰਤਿਆ ਹੀ ਸਮੁੰਦਰ ਵਿੱਚ ਜਾ ਰਿਹਾ ਹੈ।ਉਹਨਾਂ ਕਿਹਾ ਕਿ ਬਾਦਲ ਪੰਜਾਬ ਵਿੱਚ ਮਾਹੌਲ ਖਰਾਬ ਕਰਕੇ ਤੇ ਚੌਟਾਲੇ ਪੰਜਾਬ ਦੇ ਵਾਹਣਾਂ ਨੂੰ ਰੋਕਣ ਦੀ ਧਮਕੀ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ `ਤੇ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media