ਬਠਿੰਡਾ, 8 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਡਾ. ਪਰਮੇਸ਼ਵਰ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਪੰਜਾਬ, ਬਠਿੰਡਾ ਦੀ ਪ੍ਰਧਾਨਗੀ ਹੇਠ ਖੇਤੀ ਭਵਨ ਵਿਖੇ ਦਾਲ ਵਿਕਾਸ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਵਰਤਨ ਕੌਰ, ਖੇਤੀਬਾੜੀ ਵਿਕਾਸ ਅਫਸਰ-ਕਮ-ਮੈਂਬਰ ਸੈਕਟਰੀ ਦਾਲ ਵਿਕਾਸ ਕਮੇਟੀ ਨੇ ਕਿਸਾਨਾਂ ਨੂੰ ਦਾਲਾਂ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ।ਉਨਾਂ ਦੱਸਿਆ ਕਿ ਭਾਵੇਂ ਇਸ ਸਾਲ ਦੇਸ਼ ਵਿਚ ਦਾਲਾਂ ਦਾ ਕੁੱਲ ਉਤਪਾਦਨ ਲਗਭਗ 270 ਲੱਖ ਟਨ ਹੋਣ ਦੀ ਸੰਭਾਵਨਾ ਹੈ।ਫਿਰ ਵੀ ਵੱਧਦੀ ਆਬਾਦੀ ਅਤੇ ਦੇਸ਼ ਦੀਆਂ ਦਾਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਾਡੇ ਦੇਸ਼ ਨੂੰ 2020 ਤੱਕ ਲਗਭਗ 35 ਲੱਖ ਟਨ ਹੋਰ ਦਾਲਾਂ ਦੀ ਲੋੜ ਹੋਵੇਗੀ। ਉਨਾਂ ਸਾਉਣੀ ਦੀਆਂ ਦਾਲਾਂ ਦੀ ਬਿਜਾਈ ਢੁੱਕਵੇਂ ਸਮੇਂ ਸਿਰ ਕਰਨ ਦੀ ਸਲਾਹ ਦਿੰਦਿਆਂ ਦੱਸਿਆ ਕਿ ਅਰਹਰ ਦੀ ਬਿਜਾਈ 15-30 ਮਈ ਤੱਕ, ਸੋਇਆਬੀਨ ਦੀ ਬਿਜਾਈ ਜੂਨ ਦਾ ਪਹਿਲਾ ਪੰਦਰਵਾੜਾ, ਮਾਂਹ ਦੀ ਬਿਜਾਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫਤੇ ਅਤੇ ਨੀਮ ਪਹਾੜੀ ਇਲਾਕਿਆਂ ਵਿਚ (ਸੇਂਜੂ ਹਾਲਤਾਂ ਵਿਚ) ਬਿਜਾਈ 15 ਤੋਂ 25 ਜੁਲਾਈ ਤੱਕ ਅਤੇ ਸਾਉਣੀ ਰੁੱਤ ਦੀ ਮੂੰਗੀ ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਕਰ ਦੇਣੀ ਚਾਹੀਦੀ ਹੈ।
ਇਸ ਮੀਟਿੰਗ ਦੌਰਾਨ ਹਾਜ਼ਰ ਡਾ. ਹਰਪ੍ਰੀਤ ਸ਼ਰਮਾ,ਖੇਤੀਬਾੜੀ ਵਿਕਾਸ ਅਫਸਰ (ਦਾਲਾਂ), ਬਠਿੰਡਾ ਨੇ ਕਿਸਾਨਾਂ ਨੂੰ ਦਾਲਾਂ ਬੀਜਣ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਜਾਂ ਥੀਰਮ ਉੱਲੀਨਾਸ਼ਕ ਦਵਾਈ ਲਾ ਕੇ ਬੀਜਣ ਦੀ ਸਲਾਹ ਦਿੱਤੀ ਅਤੇ ਝਾੜ ਵਧਾਉਣ ਲਈ ਬੀਜ ਨੂੰ ਟੀਕਾ ਲਾ ਕੇ ਬੀਜਣ ਲਈ ਕਿਹਾ।ਉਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੀਜ ਨੂੰ ਉਲੀਨਾਸ਼ਕ ਦਵਾਈ ਅਤੇ ਟੀਕਾ ਇੱਕੋ ਸਮੇਂ ਲਾ ਕੇ ਅਤੇ ਬੀਜ ਨੂੰ ਛਾਵੇਂ ਸੁੱਕਾ ਕੇ ਇਕ ਘੰਟੇ ਦੇ ਅੰਦਰ ਅੰਦਰ ਬੀਜ ਦੇਣਾ ਚਾਹੀਦਾ ਹੈ। ਉਨਾਂ ਨੇ ਦੱਸਿਆ ਕਿ ਮੂੰਗੀ ਦੀ ਫਸਲ ਨੂੰ ਨਰਮੇ ਕਮਾਹ ਦੀ ਫਸਲ ਨੇੜੇ ਨਹੀਂ ਬੀਜਣਾ ਚਾਹੀਦਾ ਕਿਉਂਕਿ ਚਿੱਟੀ ਮੱਖੀ ਦੇ ਹਮਲੇ ਕਾਰਨ ਦੋਵੇਂ ਫਸਲਾਂ ਦੇ ਪ੍ਰਭਾਵਿਤ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨਾਂ ਨੇ ਅੱਗੇ ਦੱਸਿਆ ਕਿ ਗਰਮੀ ਰੁੱਤ ਦੀ ਮੂੰਗੀ ਠੀਕ ਹਾਲਤ ਵਿੱਚ ਖੜੀ ਹੈ ਪਰ ਕਿਤੇ-ਕਿਤੇ ਸੁੰਡੀ ਦਾ ਹਮਲਾ ਹੋ ਚੁੱਕਾ ਹੈ ਤੇ ਕਿਸਾਨਾਂ ਨੂੰ ਇਸ ਦੇ ਕੰਟਰੋਲ ਲਈ 60 ਮਿ:ਲੀ. ਟਰੇਸਰ ਜਾਂ 20 ਮਿਲੀਲੀਟਰ ਕਿਗਡੋਕਸਾ ਜਾਂ 800 ਗ੍ਰਾਮ ਐਸੀਫੇਟ ਕੀਟਨਾਸ਼ਕ ਨੂੰ 100 ਲੀਟਰ ਪਾਣੀ ਵਿਚ ਪਾ ਕੇ ਸਪਰੇਅ ਕਰਨ ਦੀ ਸਲਾਹ ਦਿੱਤੀ। ਅੰਤ ਵਿਚ ਕਿਸਾਨ ਵੀਰਾਂ ਨੂੰ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਗਈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media