ਬਠਿੰਡਾ,9 ਮਈ (ਅਵਤਾਰ ਸਿੰਘ ਕੈਂਥ )-ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ, ਬਠਿੰਡਾ ਦੇ ਖੂਬਸੂਰਤ ਵਿਹੜੇ ਵਿੱਚ ‘‘ਸਮਰ ਕਾਰਨੀਵਲ- 17” ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਹਨਾਂ ਅੰਦਰ ਸਵੈ-ਵਿਸ਼ਵਾਸ ਦੀ ਭਾਵਨਾ ਨੂੰ ਉਜਾਗਰ ਕਰਨਾ ਸੀ। ਇਸ ਕਾਰਨੀਵਲ ਦੌਰਾਨ ਪੱਗ ਬੰਨਣ, ਮਹਿੰਦੀ ਲਗਾਉਣ, ਪੋਸਟਰ ਮੇਕਿੰਗ, ਬੈਸਟ ਆਊਟ ਆਫ ਵੇਸਟ ਅਤੇ ਨੇਲ ਆਰਟ ਆਦਿ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 15 ਤੋਂ 18 ਸਾਲ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲੈਂਦੇ ਹੋਏ ਆਪਣੀ ਕਲਾ ਦੇ ਜੌਹਰ ਵਿਖਾਏ ਅਤੇ ਇਸ ਕਾਰਨੀਵਲ ਦਾ ਖੂਬ ਆਨੰਦ ਵੀ ਮਾਣਿਆ। ਇਸ ਤੋਂ ਇਲਾਵਾ ਵਿਗਿਆਨ ਪ੍ਰਦਰਸ਼ਨੀ ਤੇ ਆਰਟ ਗੈਲਰੀ ਵੀ ਲਗਾਈ ਗਈ ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਲਾਈਵ ਪ੍ਰੋਜੈਕਟ, ਮਾਡਲ ਤੇ ਹੋਰ ਕਲਾਕ੍ਰਿਤੀਆਂ ਦੀ ਨੁਮਾਇਸ਼ ਕੀਤੀ ਗਈ ਜੋ ਕਾਫ਼ੀ ਪ੍ਰੇਰਨਾਦਾਇਕ ਤੇ ਸਿੱਖਿਆਦਾਇਕ ਸਾਬਤ ਹੋਈ। ਬੈਸਟ ਆਊਟ ਆਫ਼ ਵੇਸਟ ਪ੍ਰਤੀਯੋਗਤਾ ਵਿੱਚ ਕੰਵਲਜੋਤ ਕੌਰ ਨੇ ਪਹਿਲਾ ਸਥਾਨ, ਤਾਜਦੀਪ ਕੌਰ ਨੇ ਦੂਸਰਾ ਸਥਾਨ ਅਤੇ ਵਿਕਾਸ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ। ਮਹਿੰਦੀ ਲਗਾਉਣ ਦੇ ਮੁਕਾਬਲੇ ਵਿੱਚ ਸ਼ਵੀ ਨੇ ਪਹਿਲਾ, ਜੈਸਮੀਨ ਨੇ ਦੂਸਰਾ ਅਤੇ ਰੋਮਨ ਨੇ ਤੀਸਰਾ ਸਥਾਨ ਹਾਸਲ ਕਰਕੇ ਜਿੱਤ ਦਰਜ ਕਰਵਾਈ। ਇਸ ਤੋਂ ਇਲਾਵਾ ਲੜਕੀਆਂ ਦੀ ਮਨਪਸੰਦ ਪ੍ਰਤੀਯੋਗਤਾ ਨੇਲ ਆਰਟ ਵਿੱਚ ਅੰਮ੍ਰਿਤਪਾਲ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋ ਕਿ ਪ੍ਰਭਲੀਨ ਕੌਰ ਤੇ ਪ੍ਰਭਜੋਤ ਕੌਰ ਨੇ ਕ੍ਰਮਵਾਰ ਦੂਸਰਾ ਅਤੇ ਤੀਸਰੇ ਸਥਾਨ ਤੇ ਜਿੱਤ ਦਰਜ ਕਰਵਾਈ। ਪੋਸਟਰ ਮੇਕਿੰਗ ਮੁਕਾਬਲੇ ’ਚ ਸੁਖਪ੍ਰੀਤ ਸਿੰਘ, ਰਬਿੰਦਰ ਕੌਰ ਤੇ ਸ਼ਰਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ। ਪੰਜਾਬੀ ਵਿਰਸੇ ਦੀ ਸੂਚਕ ਪੱਗ ਬੰਨਣ ਵਿੱਚ ਸੁਖਬੀਰ ਸਿੱਘ ਨੇ ਪਹਿਲਾ ਸਥਾਨ, ਸੁਖਵੀਰ ਸਿੰਘ ਨੇ ਦੂਸਰਾ ਅਤੇ ਮਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ ਜਿੱਤ ਦਰਜ ਕਰਵਾਈ। ਇਸ ਮੌਕੇ ਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ. ਸ਼ਰਮਾ ਆਦਿ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ । ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਕਾਰਜ ਦੀ ਖੂਬ ਸ਼ਲਾਘਾ ਕਰਦਿਆਂ ਬੱਚਿਆਂ ਅੰਦਰ ਸਵੈ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਲਈ ਇਸ ਕਾਰਜ ਨੂੰ ਜ਼ਰੂਰੀ ਦੱਸਿਆ। ਸਕੂਲ ਪ੍ਰਿੰਸੀਪਲ ਬਲਜਿੰਦਰ ਸਿੱਘ ਨੇ ਦੱਸਿਆ ਕਿ ਨਵੇ ਸ਼ੈਸਨ ਦੀ ਸ਼ੂਰੁਆਤ ਦੌਰਾਨ ਇਸ ਸਮਰ ਕਾਰਨੀਵਾਲ ਦਾ ਆਯੋਜਨ ਕਰਨਾ ਬੱਚਿਆਂ ਨੂੰ ਅਗਾਮੀ ਪ੍ਰਤੀਯੋਗਤਾਵਾਂ ਲਈ ਉਤਸ਼ਾਹਿਤ ਕਰਨਾ ਹੈ। ਇਸ ਕਾਰਨੀਵਲ ਦੇ ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media