Thursday, June 25, 2026

ਸੜਕਾਂ ’ਤੇ ਆਉਣ-ਜਾਣ ਦੇ ਨਿਯਮਾਂ ਤੋਂ ਜਾਣੂ ਕਰਵਾ ਰਹੀ ਹੈ ਟ੍ਰੈਫਿਕ ਪੁਲਿਸ

ਸੜਕਾਂ ’ਤੇ ਵੱਧ ਰਹੇ ਹਾਦਸੇ ਰੋਕਣ ਲਈ ਨਿਯਮਾਂ ਦੀ ਪਾਲਣਾ ਜ਼ਰੂਰੀ- ਸ੍ਰੀਵਾਸਤਵਾ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN1105201702ਪੰਜਾਬ ਵਿਚ ਨਿਤ ਦਿਨ ਵੱਧ ਰਹੀ ਸੜਕ ਹਾਦਸਿਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਹਿਰੀ ਪੁਲਿਸ ਨੇ ਕਮਿਸ਼ਨਰ ਸ੍ਰੀ ਐਸ. ਐਸ. ਸ੍ਰੀਵਾਸਤਵਾ ਦੀ ਅਗਵਾਈ ਹੇਠ ਲੋਕਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਹੈ, ਜਿਸ ਤਹਿਤ ਸਕੂਲਾਂ ਤੇ ਕਾਲਜਾਂ ਵਿਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਟ੍ਰੈਫਿਕ ਮਾਹਿਰਾਂ ਵੱਲੋਂ ਜਾਣੂੰ ਕਰਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਵੱਡੇ ਫਲੈਕਸ, ਬੈਨਰ, ਹੋਰਡਿੰਗਜ਼ ਆਦਿ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਅੱਜ ਟ੍ਰੈਫਿਕ ਪੁਲਿਸ ਵਿਚ ਸ਼ਾਮਿਲ ਅਮਲਾ, ਜਿਸ ਵਿਚ ਡੀ.ਐਸ.ਪੀ, ਇੰਸਪੈਕਟਰ, ਹੌਲਦਾਰ ਅਤੇ ਸਿਪਾਹੀ ਆਦਿ ਸ਼ਾਮਿਲ ਸਨ, ਨੇ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਂਦੇ ਬੈਨਰ ਚੁੱਕ ਕੇ ਮੋਟਰ ਸਾਈਕਲ ਰੈਲੀ ਕੱਢੀ।ਰੈਲੀ ਨੂੰ ਸਦਰ ਚੌਕ ਤੋਂ ਏ ਸੀ ਪੀ ਸ੍ਰੀ ਮਨਿੰਦਰਬੀਰ ਸਿੰਘ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ, ਜੋ ਕਿ ਵੱਖ-ਵੱਖ ਚੌਕਾਂ ਵਿਚ ਟ੍ਰੈਫਿਕ ਨਿਯਮਾਂ ਬਾਰੇ ਪੈਂਫਲਿਟ ਵੰਡਦੀ ਹੋਈ ਗਈ। ਇਸ ਵਿਚ ਆਮ ਲੋਕਾਂ ਨੂੰ ਤੇਜ ਗਤੀ ਕਾਰਨ ਹੋ ਰਹੇ ਹਾਦਸਿਆਂ ਤੋਂ ਬਚਣ ਲਈ ਗੱਡੀ ਦੀ ਸਪੀਡ ਕੰਟਰੋਲ ਵਿਚ ਰੱਖ ਕੇ ਚਲਾਉਣ ਦੀ ਜਾਚ ਦੱਸੀ ਗਈ।
ਕਮਿਸ਼ਨਰ ਐਸ.ਐਸ ਸ੍ਰੀਵਾਸਤਵਾ ਨੇ ਇਸ ਮੌਕੇ ਆਪਣੇ ਸੰਦੇਸ਼ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਨਿੱਤ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਸਾਡਾ ਸਾਥ ਦੇਣ। ਉਨਾਂ ਕਿਹਾ ਕਿ ਜੇਕਰ ਅਸੀਂ ਸੀਟ ਬੈਲਟ ਬੰਨਣ ਤੋਂ ਲੈ ਕੇ ਰੈਡ ਲਾਇਟ ਤੇ ਤੇਜ਼ ਸਪੀਡ ’ਤੇ ਰੋਕ ਆਦਿ ਵਰਗੇ ਟ੍ਰੈਫਿਕ ਨਿਯਮਾਂ ਨੂੰ ਮੰਨ ਲਈਏ, ਤਾਂ ਸੜਕ ਹਾਦਸੇ ਰੁਕ ਸਕਦੇ ਹਨ।
ਇਸ ਤੋਂ ਇਲਾਵਾ ਵਾਹਨਾਂ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਕਿਸ ਤਰਾਂ ਘੱਟ ਕੀਤਾ ਜਾ ਸਕਦਾ ਹੈ, ਬਾਰੇ ਜਾਣਕਾਰੀ ਦੇਣ ਲਈ ਭੰਡਾਰੀ ਪੁੱਲ ’ਤੇ ਪ੍ਰਦੂਸ਼ਣ ਚੈਕ ਅੱਪ ਕੈਂਪ ਲਗਾਇਆ ਗਿਆ, ਜਿਸ ਵਿਚ ਜਿੱਥੇ 240 ਗੱਡੀਆਂ ਦੀ ਜਾਂਚ ਕਰਕੇ ਉਨਾਂ ਨੂੰ ਮੁਫਤ ਪ੍ਰਦੂਸ਼ਣ ਸਰਟੀਫਿਕੇਟ ਵੰਡੇ ਗਏ, ਉਥੇ ਪ੍ਰਦੂਸ਼ਣ ਨੂੰ ਘੱਟ ਕਿਵੇਂ ਕਰਨਾ ਹੈ, ਬਾਰੇ ਵੀ ਦੱਸਿਆ ਗਿਆ, ਜਿਸ ਵਿਚ ਲੰਮੀ ਟ੍ਰੈਫਿਕ ਲਾਈਟ ’ਤੇ ਗੱਡੀ ਬੰਦ ਕਰਨ, ਘੱਟ ਗਤੀ ਨਾਲ ਗੱਡੀ ਚਲਾਉਣ, ਸਮੇਂ ਸਿਰ ਗੱਡੀਆਂ ਦੀ ਸਰਵਿਸ ਕਰਉਣੀ ਆਦਿ ਸ਼ਾਮਿਲ ਹੈ, ਦੇ ਗੁਰ ਦਿੱਤੇ ਗਏ।
ਟ੍ਰੈਫਿਕ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਤੱਕ ਵੱਧ ਤੋਂ ਵੱਧ ਟ੍ਰੈਫਿਕ ਪਾਲਣਾ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਸਕੂਲਾਂ ਤੇ ਕਾਲਜਾਂ ਵਿਚ ਵਿਸ਼ੇਸ਼ ਟ੍ਰੈਫਿਕ ਕੈਂਪ ਲਗਾਏ ਜਾ ਰਹੇ ਹਨ, ਕਿਉਂਕਿ ਉਮਰ ਦਾ ਇਹ ਤਬਕਾ ਜੋਸ਼ ਵਿਚ ਅਕਸਰ ਹੋਸ਼ ਖੋਹ ਬੈਠਦਾ ਹੈ ਅਤੇ ਗੱਡੀ ਤੇਜ਼ ਭਜਾਉਣ ਦੀ ਆਦਤ ਪਾ ਲੈਂਦਾ ਹੈ, ਜੋ ਕਿ ਹਾਦਸਿਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply