
ਫਾਜਿਲਕਾ, 28 ਜੂਨ (ਵਿਨੀਤ ਅਰੋੜਾ) – ਉਪ ਮੁੱਖ ਮੰਤਰੀ ਦੇ ਹਲਕਾ ਜਲਾਲਾਬਾਦ ਅਧੀਨ ਪੈਂਦੀ ਮੰਡੀ ਰੋੜਾਂਵਾਲੀ ਨੂੰ ਭਾਵੇਂ ਭਾਰਤ, ਪਾਕਿ ਵੰਡ ਤੋਂ ਪਹਿਲਾ ਹਲਕੇ ਦੇ ਪਿੰਡਾਂ ਦੇ ਸੁੱਖ ਲਈ ਇਕ ਸ਼ਹਿਰ ਵਜੋਂ ਇੱਥੋਂ ਦੇ ਵਿਰਾਸਤੀ ਰਾਜਾ ਮੀਆਂ ਮੀਨ ਨੇ ਬੜੇ ਹੀ ਚਾਅ ਨਾਲ ਇਸ ਨੂੰ 25 ਏਕੜ ਵਿਚ ਕੱਟਿਆ ਤੇ ਇਸ ਦੀ ਚਾਰ ਦੀਵਾਰੀ ਕਰਕੇ ਹਿੰਦੂ, ਮੁਸਲਿਮ, ਸਿੱਖ, ਇਸਾਈ ਚਹੁ ਵਰਗਾ ਦੇ ਸਾਂਝ ਲਈ ਇਸ ਦੇ ਚਾਰ ਦਰਵਾਜ਼ੇ ਰੱਖ ਕੇ ਇਸ ਨੂੰ ਵਿਕਸਿਤ ਕੀਤਾ ਸੀ। ਪਰ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਨੇ ਮੀਆਂ ਮੀਨ ਦੀ ਇਸ ਮੰਡੀ ਨੂੰ ਸ਼ਹਿਰ ਤਾਂ ਕੀ ਇਕ ਪਿੰਡ ਦੀ ਦਿੱਖ ਨਾਲੋਂ ਵੀ ਭੈੜਾ ਬਣਾ ਕੇ ਰੱਖ ਦਿੱਤਾ ਹੈ। ਸਮੇਂ ਦੀਆਂ ਸਰਕਾਰਾਂ ਨੇ ਇਸ ਮੰਡੀ ਨੂੰ ਕੋਈ ਵੱਡਾ ਉਦਯੋਗ ਤਾਂ ਕੀ ਦੇਣਾ ਸੀ ਸਗੋਂ ਫ਼ਾਜ਼ਿਲਕਾ ਤੋਂ ਸ਼੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਬਠਿੰਡਾ ਨੂੰ ਜਾਂਦੀ ਰੇਲ ਪਟੜੀ ਤੇ ਮਾਲ ਦੇ ਢੋਆ ਢੁਆਈ ਲਈ ਬਣੀ ਪਲੇਟੀ ਪੁੱਟ ਕੇ ਅਸਲੋਂ ਹੀ ਪਛਾੜ ਕੇ ਰੱਖ ਦਿੱਤਾ ਹੈ। ਇਸ ਮੰਡੀ ਵਿਚ ਲੋਕਾਂ ਦੀ ਸਹੂਲਤ ਲਈ ਅੱਜ ਤੱਕ ਨਾ ਕੋਈ ਪਸ਼ੂ ਹਸਪਤਾਲ ਨਾ ਸਿਹਤ ਡਿਸਪੈਂਸਰੀ ਅਤੇ ਨਾ ਹੀ ਕੋਈ ਕਾਲਜ ਜਾਂ ਕੋਈ ਵੱਡਾ ਸਕੂਲ ਹੀ ਬਣ ਸਕਿਆ ਹੈ। ਇਸ ਮੰਡੀ ਦੀ ਬਦਤਰ ਹਾਲਤ ਕਾਰਨ ਇਨਸਾਨ ਤਾਂ ਕੀ ਜਾਨਵਰ ਵੀ ਇਥੇ ਰਹਿਣ ਤੋਂ ਪਾਸਾ ਵੱਟ ਰਹੇ ਹਨ। ਇਸ ਦਾ ਮੁੱਖ ਕਾਰਨ ਮੰਡੀ ਦੀਆਂ ਮੁੱਖ ਸੜਕਾਂ ਵਿਚ ਨਾਲੀਆਂ ਦਾ ਗੰਦਾ ਬਦਬੂ ਮਾਰਦਾ ਪਾਣੀ ਹੈ, ਜੋ ਕਿ ਬਾਦਲ ਸਰਕਾਰ ਵੱਲੋਂ ਪਿੱਟੇ ਜਾ ਰਹੇ ਵਿਕਾਸ ਦੇ ਢੰਡੋਰੇ ਦੀ ਪੋਲ ਖੋਲ੍ਹ ਰਿਹਾ ਹੈ। ਇਸ ਮੰਡੀ ਨੂੰ ਉਸ ਸਮੇਂ ਕੁੱਝ ਆਸ ਦੀ ਕਿਰਨ ਦਿਖਾਈ ਦਿੱਤੀ ਸੀ ਜਦ ਸ: ਸੁਖਬੀਰ ਸਿੰਘ ਬਾਦਲ ਖ਼ੁਦ ਪਹਿਲੀ ਵਾਰ ਜ਼ਿਮਨੀ ਚੋਣ ਲੜ ਕੇ ਵੱਡੀ ਲੀਡ ਨਾਲ ਉਪ ਮੁੱਖ ਮੰਤਰੀ ਬਣੇ ਸਨ। ਪਰ ਇਸ ਦੇ ਬਾਵਜੂਦ ਵੀ ਮੰਡੀ ਦੇ ਵਿਕਾਸ ਲਈ ਕੋਈ ਕੰਮ ਨਹੀਂ ਹੋ ਸਕਿਆ। ਰੱਬੀ ਮਿਹਰ ਨਾਲ ਭਾਵੇਂ ਇਸ ਮੰਡੀ ਨੂੰ ਇਕ ਰਾਜੀਵ ਗਾਂਧੀ ਸੇਵਾ ਕੇਂਦਰ ਮਿਲ ਗਿਆ ਹੈ ਪਰ ਪੰਚਾਇਤ ਤੇ ਵਿਭਾਗ ਦੀ ਅਣਗਹਿਲੀ ਕਾਰਨ ਉਸ ਦਾ ਨਿਰਮਾਣ ਵੀ ਵਿਵਾਦਾਂ ਦੇ ਘੇਰੇ ਵਿਚ ਹੈ ਤੇ ਇਸ ਦੀ ਉਸਾਰੀ ਅੱਧ ਵਿਚਕਾਰ ਰੁਕੀ ਹੋਈ ਹੈ। ਹਲਕਾ ਜਲਾਲਾਬਾਦ ਦੇ ਵੱਡੇ-ਵੱਡੇ ਸਿਆਸੀ ਆਗੂ ਭਾਵੇਂ ਇਸ ਮੰਡੀ ਨਾਲ ਸਬੰਧਿਤ ਹਨ ਤੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਵੀ ਇਹ ਮੰਡੀ ਰਹੀ ਹੈ। ਪਰ ਉਨ੍ਹਾਂ ਵੱਲੋਂ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਇਲਾਵਾ ਮੰਡੀ ਦੇ ਵਿਕਾਸ ਲਈ ਕੋਈ ਧਿਆਨ ਨਹੀਂ ਦਿੱਤਾ ਗਿਆ। ਮੰਡੀ ਰੋੜਾਂਵਾਲੀ ਅਤੇ ਇਸ ਦੇ ਨਾਲ ਲਗਦੇ ਹਲਕੇ ਦੇ ਲੋਕਾਂ ਦੀ ਮੌਜੂਦਾ ਸਰਕਾਰ ਤੋਂ ਮੰਗ ਹੈ ਕਿ ਇੱਥੋਂ ਦੇ ਹਲਾਤ ਨੂੰ ਵੇਖਦਿਆਂ ਇਥੇ ਗੰਦੇ ਪਾਣੀ ਦੇ ਨਿਕਾਸੀ ਲਈ ਸੀਵਰੇਜ ਦਾ ਪ੍ਰਬੰਧ ਕੀਤਾ ਜਾਵੇ, ਮੰਡੀ ਦੀਆਂ ਮੁੱਖ ਸੜਕਾਂ ਦੀ ਮੁਰੰਮਤ, ਕਾਲਜ, ਸਿਹਤ ਕੇਂਦਰ, ਪਸ਼ੂ ਹਸਪਤਾਲ ਦਾ ਨਿਰਮਾਣ ਕੀਤਾ ਜਾਵੇ, ਸਕੂਲ ਨੂੰ ਅੱਪ ਗਰੇਡ ਕਰਕੇ 12ਵੀਂ ਜਮਾਤ ਤੱਕ ਕੀਤਾ ਜਾਵੇ ਤੇ ਇਥੇ ਕੋਈ ਵੱਡਾ ਉਦਯੋਗ ਲਗਾਇਆ ਜਾਵੇ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media