ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –
ਕਤਲ ਦੇ ਇੱਕ ਮਾਮਲੇ ’ਚ ਦੁਬਈ ਦੀ ਜੇਲ ’ਚ ਫ਼ਾਸੀ ਦੀ ਸਜ਼ਾ ਯਾਫ਼ਤਾ ਗੁਰਦਾਸਪੁਰ ਜ਼ਿਲ੍ਹੇ ਦੇ ਪੰਜਾਬੀ ਨੌਜਵਾਨ ਅਮਰਜੀਤ ਸਿੰਘ, ਜਿਸ ਦੀ ਬੀਤੀ 3 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ.ਸਿੰਘ ਓਬਰਾਏ ਅੱਜ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਲੈ ਕੇ ਪੁੱਜੇ।ਹਵਾਈ ਅੱਡੇ ਵਿਖੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ ਪੁੱਜੇ ਉਸਦੇ ਵਾਰਸਾਂ ਦੇ ਵਿਰਲਾਪ ਨਾਲ ਸਮੁੱਚਾ ਮਾਹੌਲ ਗ਼ਮਗੀਨ ਹੋ ਗਿਆ।ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਵਾਸੀ ਪਿੰਡ ਭੰਬੋਈ, ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਸਦਾ ਪੁੱਤਰ ਅਮਰਜੀਤ ਸਿੰਘ 2006 ਵਿੱਚ ਰੋਟੀ-ਰੋਜ਼ੀ ਕਮਾਉਣ ਦੇ ਮਕਸਦ ਨਾਲ ਦੁਬਈ ਗਿਆ ਸੀ ਪਰ 2009 ‘ਚ ਉਥੇ ਹੋਏ ਇੱਕ ਕਤਲ ਦੇ ਮਾਮਲੇ ‘ਚ ਗ੍ਰਿਫ਼ਤਾਰ ਹੋ ਗਿਆ ਸੀ। ਹੇਠਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਉਪਰੰਤ ਉੱਥੋਂ ਦੀ ਸੁਪਰੀਮ ਕੋਰਟ ਨੇ ਅਮਰਜੀਤ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ, ਜਿਸ ਕਰਕੇ ਪਰਿਵਾਰ ਨੂੰ ਆਪਣੇ ਲਾਡਲੇ ਦਾ ਜਿਊਂਦੇ-ਜੀਅ ਵਾਪਸਿ ਘਰ ਮੁੜਨ ਦਾ ਤੌਖ਼ਲਾ ਲਗ਼ਤਾਰ ਸਤਾਉਂਦਾ ਰਿਹਾ ਸੀ। ਗੁਰਚਰਨ ਸਿੰਘ ਅਨੁਸਾਰ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ 3 ਮਈ, 2017 ਨੂੰ ਉਸ ਦੀ ਜੇਲ੍ਹ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਹ ਆਪਣੇ ਪੁੱਤ ਦੀ ਲਾਸ਼ ਵਾਪਸ ਲਿਆਉਣ ਲਈ ਜਦੋ-ਜਹਿਦ ਕਰਦੇ ਰਹੇ ਪਰ ਕਾਮਯਾਬੀ ਨਹੀਂ ਮਿਲ ਰਹੀ ਸੀ। ਅੰਤ ਉਹਨਾਂ ਦਾ ਸੰਪਰਕ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ ਸਿੰਘ ਓਬਰਾਏ ਨਾਲ ਹੋਇਆ ਜੋ ਆਪਣੇ ਖਰਚੇ ‘ਤੇ ਦੋ ਦਿਨ ਦੇ ਵਿੱਚ ਹੀ ਸਾਰੇ ਦਸਤਾਵੇਜ਼ ਮੁਕੰਮਲ ਕਰਕੇ ਖ਼ੁਦ ਮ੍ਰਿਤਕ ਦੇਹ ਲੈ ਕੇ ਅੱਜ ਅੰਮ੍ਰਿਤਸਰ ਆਏ ਹਨ। ਉਨ੍ਹਾਂ ਡਾ: ਐਸ.ਪੀ ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ: ਓਬਰਾਏ ਦੇ ਯਤਨਾ ਸਦਕਾ ਹੀ ਸਾਨੂੰ ਸਾਡਾ ਪੁੱਤਰ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰਨੇ ਨਸੀਬ ਹੋਏ ਹਨ। ਮ੍ਰਿਤਕ ਦੇਹ ਲੈ ਕੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੇ ਪਹੁੰਚੇ ਐਸ.ਪੀ ਓਬਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿ ਦੱਸਿਆ ਕਿ ਇਸ ਨੌਜਵਾਨ ਨੂੰ ਪਹਿਲਾਂ 13 ਨੌਜਵਾਨਾਂ ਨਾਲ ਉਮਰ ਕੈਦ ਹੋਈ ਸੀ, ਪਰ ਬਾਅਦ ’ਚ ਸੁਪਰੀਮ ਕੋਰਟ ’ਚ ਪਾਈ ਅਪੀਲ ਦੌਰਾਨ ਅਮਰਜੀਤ ਸਿੰਘ ਨੂੰ ਮੇਜਰ ਸਿੰਘ ਨਾਲ ਫ਼ਾਂਸੀ ਦੀ ਸਜ਼ਾ ਹੋ ਗਈ ਸੀ।ਸਜ਼ਾ ਮੁਆਫ਼ੀ ਲਈ ਯਤਨ ਜਾਰੀ ਸਨ, ਪਰ ਇਸ ਨੂੰ ਦਿਲ ਦਾ ਦੌਰਾ ਪੈਣ ਕਾਰਨ 3 ਮਈ ਨੂੰ ਮੌਤ ਹੋ ਗਈ।ਡਾ: ਓਬਰਾਏ ਨੇ ਦੱਸਿਆ ਕਿ ਹੁਣ ਤੱਕ ਸਰਬੱਤ ਦਾ ਭਲਾ ਟਰੱਸਟ ਵੱਲੋਂ 43 ਲੋਕਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਵਾਰਸਾਂ ਕੋਲ ਪਹੁੰਚਾਈਆਂ ਜਾ ਚੁੱਕੀਆਂ ਹਨ।ਉਹਨਾਂ ਦੱਸਿਆ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੌਰਾਨ ਦੁਬਈ ਸਥਿਤ ਭਾਰਤੀ ਦੂਤਘਰ ਵਿੱਚ ਕੌਂਸਲ ਲੇਬਰ ਅਤੇ ਵੈਲਫ਼ੇਅਰ ਜਸਪਾਲ ਸਿੰਘ ਆਹੂਜਾ ਅਤੇ ਬਲਦੀਪ ਸਿੰਘ ਲੋਕ ਸੰਪਰਕ ਅਧਿਕਾਰੀ ਅਪੈਕਸ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ੳਪਰੰਤ ਡਾ: ਓਬਰਾਏ ਟਰੱਸਟ ਦੇ ਹੋਰ ਮੈਂਬਰਾਂ ਨਾਲ ਮ੍ਰਿਤਕ ਦੇ ਪਿੰਡ ਭੰਬੋਈ ਵਿਖੇ ਉਸ ਦੇ ਅੰਤਮ ਸੰਸਕਾਰ ‘ਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ।ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਔਜਲਾ, ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਖ਼ਜਾਨਚੀ ਹਰਜਿੰਦਰ ਸਿੰਘ ਹੇਰ, ਸੀਨੀਅਰ ਆਗੂ ਨਵਜੀਤ ਸਿੰਘ ਘਈ, ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾੜੂ, ਸਵਿੰਦਰ ਸਿੰਘ, ਜਗਜੀਤ ਸਿੰਘ ਰਾਜਨ, ਰਮਿੰਦਰ ਸਿੰਘ, ਰਜਿੰਦਰ ਸੰਧੂ ਤੇ ਸਲਵਿੰਦਰ ਸਿੰਘ ਬਿੱਟੂ ਨੇ ਵੀ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media