Monday, June 15, 2026

ਗੁ. ਬੰਗਲਾ ਸਾਹਿਬ ਵਿਖੇ ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਤਹਿਤ ਹੋਇਆ ਸਮਾਗਮ

ਮੁੱਖ ਇਮਾਮ ਇਲਿਆਸੀ ਨੇ ਸਿੱਖਾਂ ਨੂੰ ਪਤਿਤਪੁਣੇ ਰਾਹੀਂ ਸ਼ਨਾਖ਼ਤ ਖਤਮ ਨਾ ਕਰਨ ਦੀ ਦਿੱਤੀ ਨਸੀਹਤ
ਨਵੀਂ ਦਿੱਲੀ, 14 ਮਈ (ਪੰਜਾਬ ਪੋਸਟ ਬਿਊਰੋ) –  PPN1405201701ਗੁਰਦੁਆਰਾ ਗਿਆਨ ਗੋਦੜੀ ਦੀ ਮੁੜ੍ਹ ਉਸਾਰੀ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਤਹਿਤ ਅੱਜ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਹਜ਼ਾਰਾ ਗੁਰਦੁਆਰਿਆਂ ’ਚ ਜਪੁਜੀ ਸਾਹਿਬ ਦੇ ਪਾਠ ਉਪਰੰਤ ਹਰਿ ਕੀ ਪੌੜੀ ਹਰਿਦੁਆਰ ਵਿਖੇ ਗੁਰਦੁਆਰਾ ਸਾਹਿਬ ਮੁੜ੍ਹ ਬਣਨ ਲਈ ਅਰਦਾਸ ਕੀਤੀ। ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਜਪੁਜੀ ਸਾਹਿਬ ਜੀ ਦੇ ਪਾਠ ਦੀ ਇਤਿਹਾਸਿਕ ਗੁਰਦੁਆਰਿਆਂ ਦੇ ਨਾਲ ਹੀ ਸਿੰਘ ਸੰਭਾਵਾਂ ਵਿਚ ਵੀ ਸ਼ੁਰੂਆਤ ਹੋਈ।PPN1405201702
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ਤੇ ਆਰੰਭੀ ਗਈ ਇਸ ਮੁਹਿੰਮ ਤਹਿਤ ਮੁੱਖ ਸਮਾਗਮ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਏ।ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ‘‘ਸਰਬ ਧਰਮ ਸੰਸਦ’’ ਦੇ ਆਗੂਆਂ ਨੇ ਸਮੂਲੀਅਤ ਕਰਦੇ ਹੋਏ ਹਰਿਦੁਆਰ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਹੱਕ ’ਚ ਸਮਰਥਨ ਦੇਣ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਕਾਰਸੇਵਾ ਹੱਥੀਂ ਕਰਨ ਦੀ ਗੱਲ ਕਹੀ।
ਅਰਦਾਸ ਉਪਰੰਤ ਹੋਏ ਪੰਥਕ ਵਿਚਾਰਾਂ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਭਾਜਪਾ ਦੇ ਕੌਮੀ ਸਕੱਤਰ ਆਰ.ਪ .ਸਿੰਘ, ਜੈਨ ਸਮਾਜ ਤੋਂ ਡਾ. ਲੋਕੇਸ਼ ਮੁਨੀ, ਆੱਲ ਇੰਡੀਆ ਇਮਾਮ ਸਭਾ ਦੇ ਪ੍ਰਧਾਨ ਡਾ. ਉਮਰ ਅਹਿਮਦ ਇਲਿਆਸੀ, ਹਿੰਦੂ ਸਮਾਜ ਤੋਂ ਗੋਸਵਾਮੀ ਸੂਸ਼ੀਲ ਜੀ ਮਹਾਰਾਜ, ਯਹੂਦੀ ਸਮਾਜ ਤੋਂ ਮਾਲੇਂਕਰ, ਬ੍ਰਹਿਮਕੁਮਾਰੀ ਸਮਾਜ ਤੋਂ ਦੀਦੀ ਆਸ਼ੂ ਅਤੇ ਵਿਵੇਕ ਮੁਨੀ ਨੇ ਆਪਣੇ ਵਿਚਾਰ ਰੱਖੇ।
ਜੀ.ਕੇ ਨੇ ਅੱਜ ਦੇ ਦਿਹਾੜੇ ਨੂੰ ਇਤਿਹਾਸਿਕ ਦੱਸਦੇ ਹੋਏ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਹਰ ਪਾਸੋਂ ਮਿਲ ਰਹੇ ਸਮਰਥਨ ਨੂੰ ‘‘ਆਵਾਜ਼-ਏ-ਖ਼ਲਕ’’ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਜੀ.ਕੇ ਨੇ ਕਿਹਾ ਕਿ ਕੁਝ ਸਾਡੇ ਲੋਕ ਏਜੰਸੀਆਂ ਦੇ ਨਾਲ ਮਿਲ ਕੇ ਇਸ ਮੁਹਿੰਮ ਨੂੰ ਖਰਾਬ ਕਰਨ ਦੀ ਸਾਜ਼ਿਸ਼ ਵਿਚ ਲੱਗੇ ਹੋਏ ਹਨ। ਪਰ ਉਹ ਸਾਫ ਕਰ ਦੇਣਾ ਚਾਹੰੁਦੇ ਹਨ ਕਿ ਹਰਿ ਕੀ ਪੌੜੀ ਤੇ ਥਾਂ ਮਿਲਣ ਤੋਂ ਪਹਿਲਾ ਕਿਸੇ ਹੋਰ ਥਾਂ ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਨਹੀਂ ਕੀਤੀ ਜਾਵੇਗੀ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਥੇ ਦੀ ਸਥਾਨਕ ਸੰਗਤ ਸੰਭਾਲੇਗੀ।
ਜੀ.ਕੇ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਬਿਨਾਂ ਕ੍ਰਿਪਾਨ ਚੁੱਕੇ ਮੁਹਿੰਮ ਦੇ ਕਾਮਯਾਬ ਨਾ ਹੋਣ ਦੇ ਹਵਾਲੇ ਮਿਲਦੇ ਹਨ, ਪਰ ਇਸ ਮੁਹਿੰਮ ਨੇ ਸ਼ਾਂਤਮਈ ਤਰੀਕੇ ਨਾਲ ਜਿਸ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿਚ ਥਾਂ ਬਣਾਈ ਹੈ।ਉਸ ਦੀ ਮਿਸਾਲ ਨਹੀਂ ਮਿਲਦੀ ਹੈ।ਸਰਕਾਰਾਂ ਚੁੱਪਚਾਪ ਸਾਡੀ ਮੁਹਿੰਮ ਨੂੰ ਦੇਖ ਰਹੀਆਂ ਹਨ ਇਸ ਦੇ ਵੀ ਕਈ ਅਰਥ ਹਨ। ਕਿਉਂਕਿ ਸਰਕਾਰ ਅੰਨੀ, ਬੋਲੀ ਜਾਂ ਗੁੰਗੀ ਨਹੀਂ ਹੁੰਦੀ ਸਗੋਂ ਜਨ ਭਾਵਨਾਂਵਾ `ਤੇ ਪਹਿਰਾ ਦੇਣ ਦਾ ਰਾਹ ਹੁੰਦੀ ਹੈ। ਜੀ.ਕੇ. ਨੇ ਵੱਖ-ਵੱਖ ਧਰਮ ਆਗੂਆਂ ਵੱਲ ਮੁਖਾਤਬ ਹੁੰਦੇ ਹੋਏ ਉਨ੍ਹਾਂ ਦੀ ਮੌਜੂਦਗੀ ਨੂੰ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਗੁੱਲਦਸਤਾ ਦੱਸਿਆ।
ਜੀ.ਕੇ ਨੇ ਆਸ ਜਤਾਈ ਕਿ ਗੁਰੂ ਨਾਨਕ ਸਾਹਿਬ ਦੀ ਕਲਾ ਵਰਤ ਰਹੀ ਹੈ ਤੇ 2019 ’ਚ ਉਨ੍ਹਾਂ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋ ਜਾਵੇਗੀ। ਹਰਿ ਕੀ ਪੌੜੀ ਤੇ ਗੁਰੂ ਸਾਹਿਬ ਵੱਲੋਂ ਪਿੱਤਰਾਂ ਨੂੰ ਜਲ ਚੜਾਊਣ ਦੇ ਕੀਤੇ ਗਏ ਖੰਡਨ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਮਾਜ ’ਚ ਬੁਜੂਰਗਾਂ ਨੂੰ ਅਣਦੇਖਾ ਕਰਨ ਦੇ ਚਲ ਰਹੇ ਰੁਝਾਨ ਤੇ ਵੀ ਵਿਅੰਗ ਕੀਤਾ। ਜੀ.ਕੇ ਨੇ ਕਿਹਾ ਕਿ ਪਿੱਤਰਾਂ ਨੂੰ ਜਲ ਚੜਾਉਣ ਵਾਲੀ ਔਲਾਦ ਅੱਜ ਜੀਂਦੇ ਬੁਜੂਰਗਾਂ ਦੇ ਮੰਜੇ ਘਰ ਦੀ ਗੈਰਾਜ ਜਾਂ ਬ੍ਰਿਧ ਘਰਾਂ ’ਚ ਲਗਾਉਣ ਵਲ ਤੁਰ ਪਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਮੁਹਿੰਮ ਦੇ ਅਗਲੇ ਪੜਾਅ ਬਾਰੇ ਵਿਚਾਰ ਚਰਚਾ ਕਰਨ ਲਈ 24 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸਮੂਹ ਪੰਥਕ ਜਥੇਬੰਦੀਆਂ ਦੀ ਸੱਦੀ ਗਈ ਮੀਟਿੰਗ ਦੀ ਸੰਗਤਾਂ ਨੂੰ ਜੀ.ਕੇ ਨੇ ਜਾਣਕਾਰੀ ਦਿੱਤੀ।
ਸਿਰਸਾ ਨੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਵਿਚ ਅੱਜ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦਾ ਦਾਅਵਾ ਕਰਦੇ ਹੋਏ ਮੁਹਿੰਮ ਨੂੰ ਮਿਲੇ ਸਮਰਥਨ ਨੂੰ ਅਲੌਕਿਕ ਦੱਸਿਆ। ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਦਾ ਧੰਨਵਾਦ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਸੰਗਤ ’ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਲਈ ਜੋ ਉਤਸਾਹ ਉਮੜ ਰਿਹਾ ਹੈ, ਸ਼ਾਇਦ ਆਪਣੇ ਜੀਵਨਕਾਲ ਦੌਰਾਨ ਮੁੜ ਉਹ ਅਜਿਹੇ ਨਜਾਰੇ ਨੂੰ ਕਦੇ ਦੇਖ ਸਕਣਗੇ। ਸਿਰਸਾ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਚਲਾਈ ਜਾ ਰਹੀ ਮੁਹਿੰਮ ਨੂੰ ਕੌਮ ਦੀ ਇਕਜੁੱਟਤਾ ਦੇ ਤੌਰ ਤੇ ਦੱਸਿਆ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦਾ ਸਿਧਾਂਤ ਸੰਵਾਦ ਦਾ ਸੀ ਤੇ ਗੁਰੂ ਸਾਹਿਬ ਨੇ ਮਨੁੱਖੀ ਏਕਤਾ ਅਤੇ ਤੌਫੀਕ ਲਈ ਉਸ ਸੰਵਾਦ ਦੀ ਵਰਤੋਂ ਕੀਤੀ।ਧਾਰਮਿਕ ਆਗੂਆਂ ਨੇ ਸੰਗਤ ਦੇ ਨਾਲ ਇਸ ਮਸਲੇ ’ਤੇ ਖੜੇ ਹੋਣ ਦਾ ਭਰੋਸਾ ਦਿੰਦੇ ਹੋਏ ਸਿੱਖ ਧਰਮ ਨੂੰ ਮਨੁੱਖਤਾ ਦਾ ਧਰਮ ਦੱਸਿਆ।ਆਰ.ਪੀ. ਸਿੰਘ ਨੇ ਸਰਕਾਰੇ-ਦਰਬਾਰੇ ਮੁਹਿੰਮ ਦੀ ਕਾਮਯਾਬੀ ਲਈ ਕੰਮ ਕਰਨ ਦਾ ਜਿਥੇ ਭਰੋਸਾ ਦਿੱਤਾ ਉਥੇ ਹੀ ਹਿੱਤ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਗਿਆਨ ਦਾ ਗੁੱਦੜ ਦੱਸਿਆ। ਮੁੱਖ ਇਮਾਮ ਇਲਿਆਸੀ ਨੇ ਸਿੱਖਾਂ ਨੂੰ ਪਤਿਤਪੁਣੇ ਦੇ ਰਾਹੀਂ ਸ਼ਨਾਖ਼ਤ ਖਤਮ ਨਾ ਕਰਨ ਦੀ ਨਸੀਹਤ ਦਿੰਦੇ ਹੋਏ ਦਾੜੀ ਨੂੰ ਚੇਹਰੇ ਦਾ ਨੂਰ ਤੇ ਪੱਗ ਨੂੰ ਸਿਰ ਦਾ ਤਾਜ਼ ਦੱਸਿਆ।ਦਿੱਲੀ ਕਮੇਟੀ ਵੱਲੋਂ ਸਮੂਹ ਧਾਰਮਿਕ ਆਗੂਆਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply