ਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) –
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਜੋ ਪਿਛਲੇ ਦਿਨੀ ਵਿਦੇਸ਼ਾਂ ਵਿਚ ਸਿੱਖਾਂ ਦੇ ਆਪਸੀ ਟਕਰਾਅ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਉਹ ਅਤਿ ਨਿੰਦਣਯੋਗ ਅਤੇ ਸਿੱਖੀ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ।ਵਿਦੇਸ਼ਾਂ ਵਿਚ ਜਿਥੇ ਸਿੱਖੀ ਅਤੇ ਸਿੱਖਾਂ ਨੂੰ ਐਨਾ ਮਾਨ-ਸਤਿਕਾਰ, ਉੱਚ ਅਹੁੱਦੇ, ਇੱਕ ਸੱਚੀ-ਸੁੱਚੀ ਕੌਮ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਕੌਮ ਦੇ ਨਾਮ ਨਾਲ ਜਾਣਿਆ ਜਾਂਦਾ ਹੋਵੇ, ਓਥੇ ਸਾਡਾ ਹੀ ਸਿੱਖ ਭਾਈਚਾਰਾ ਆਪਸ ਵਿਚ ਲੜ ਕੇ ਇੱਕ ਦੂਜੇ ਦੀਆਂ ਦਸਤਾਰਾਂ ਉਤਾਰਣ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਮੰਦੇ ਬੋਲ ਬੋਲਣ, ਇਹ ਦੂਸਰੀਆਂ ਕੌਮਾਂ ਅੱਗੇ ਸਿੱਖੀ ਨੂੰ ਨੀਵਾਂ ਕਰਨ ਵਾਲੀਆਂ ਅਤੇ ਕੌਮ ਨੂੰ ਸ਼ਰਮਸਾਰ ਕਰਨ ਵਾਲੀਆਂ ਹਰਕਤਾਂ ਹਨ।
ਪਿਛਲੀ ਦਿਨੀ ਯੂਰਪ ਵਿਚ ਜਿਥੇ ਅਸੀਂ ਸਿੱਖ ਦਸਤਾਰ ਦੀ ਅਜ਼ਾਦੀ, ਧਰਮ ਰਜਿਸਟਰ ਕਰਵਾਉਣ ਲਈ ਕਾਨੂੰਨੀ ਲੜਾਈਆਂ ਲੜ ਰਹੇ ਹਾਂ, ਉਸ ਦੇਸ਼ ਵਿਚ ਸਿੱਖਾਂ ਦਾ ਆਪਸੀ ਖੂਨੀ ਟਕਰਾਅ ਹੋਣਾ ਬਹੁਤ ਮੰਦਭਾਗਾ ਹੈ।ਇਸ ਤਰ੍ਹਾਂ ਦੇ ਟਕਰਾਓ, ਲੜਾਈਆਂ, ਝਗੜੇ ਸਾਡੀਆਂ ਧਰਮ ਸਬੰਧੀ ਕਾਨੂੰਨੀ ਲੜਾਈਆਂ ਨੂੰ ਬਹੁਤ ਕਮਜੋਰ ਕਰ ਸਕਦੇ ਹੈ।ਇਹ ਟਕਰਾਓ ਟਾਲਿਆ ਜਾ ਸਕਦਾ ਸੀ ਕਿਉਂਕਿ ਇਸ ਸਬੰਧੀ ਭਾਈ ਪੰਥਪ੍ਰੀਤ ਸਿੰਘ ਦੇ ਯੂਰਪ ਵਿਖੇ ਰੱਖੇ ਦੀਵਾਨਾਂ ਸਬੰਧੀ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਹੁ-ਗਿਣਤੀ ਵਿਚ ਇਤਰਾਜ਼ ਪੁੱਜੇ ਸਨ, ਜਿਸ ਸਬੰਧੀ ਉਸ ਨੂੰ ਬੁਲਾਉਣ ਵਾਲੇ ਸਬੰਧਤਾਂ ਨੂੰ ਪੱਤਰ ਰਾਹੀਂ ਜਾਣੂ ਕਰਵਾਇਆ ਗਿਆ ਸੀ ਅਤੇ ਇਸ ਮਸਲੇ ਦਾ ਮਿਲ ਬੈਠ ਕੇ ਹੱਲ ਕੱਢਣ ਲਈ ਕਿਹਾ ਗਿਆ ਸੀ, ਪਰ ਕੁੱਝ ਬਜ਼ਿਦ ਲੋਕਾਂ ਨੇ ਇਸ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜ਼ਿੱਦ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੇ ਹੀਲੇ ਵਰਤੇ। ਸ਼ੋਸ਼ਲ ਮੀਡੀਆ ‘ਤੇ ਆਈਆਂ ਵੀਡੀਓ ਜਿਸ ਵਿਚ ਸਿੱਖਾਂ ਦੀਆਂ ਕਿਰਪਾਨਾਂ ਪੁਲਿਸ ਰਾਹੀਂ ਉਤਰਵਾਈਆਂ ਗਈਆਂ।ਪੁਲਿਸ ਨੂੰ ਜੋੜਿਆਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ। ਇਹ ਕਿਸ ਨੇ ਕਰਵਾਈ? ਇਹ ਕੁੱਝ ਲੋਕਾਂ ਦੇ ਬਜ਼ਿਦਪੁਣੇ ਨੇ ਸਾਰੇ ਸੰਸਾਰ ਵਿਚ ਸਿੱਖ ਕੌਮ ਨੂੰ ਬਦਨਾਮ ਕਰਵਾਉਣ ਦਾ ਕੋਝਾ ਕਾਰਾ ਕੀਤਾ ਹੈ।
ਇਸ ਸਮੁੱਚੇ ਘਟਨਾਕ੍ਰਮ ਸਬੰਧੀ ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਪੂਰੀ ਪੜਤਾਲ ਵੀ ਕਰਵਾਈ ਜਾਵੇਗੀ।ਸਿੰਘ ਸਾਹਿਬ ਜੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਪੰਥ ਨੂੰ ਇਕੱਠੇ ਹੋਣ ਅਤੇ ਮਿਲ ਬੈਠ ਕੇ ਆਪਸੀ ਮੱਤਭੇਦ ਦੂਰ ਕਰਨ ਲਈ ਕਿਹਾ ਜਾ ਰਿਹਾ ਹੈ।ਦਸਤਾਰ ਅਤੇ ਸਿੱਖਾਂ ਦੇ ਕਕਾਰਾਂ ਸਬੰਧੀ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਨਾਲ ਦੂਜੀਆਂ ਕੌਮਾਂ ਨੂੰ ਸਿੱਖਾਂ ਦਾ ਮਜ਼ਾਕ ਉਡਾਉਣ ਦਾ ਮੌਕਾ ਮਿਲਦਾ ਹੈ, ਜਿਵੇਂ ਪਿਛਲੇ ਸਮੇਂ ਵਿਚ ਇਟਲੀ ਸਰਕਾਰ ਵੱਲੋਂ ਨਗਰ ਕੀਰਤਨ ਕੱਢਣ ਦੀ ਆਗਿਆ ਨਹੀਂ ਸੀ ਦਿੱਤੀ ਗਈ।ਸਿੱਖਾਂ ਵਾਸਤੇ ਇਹ ਬਹੁਤ ਸ਼ਰਮਨਾਕ ਘਟਨਾਵਾਂ ਹਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media