Tuesday, November 24, 2026

ਇਟਲੀ ਦੀ ਸੁਪਰੀਮ ਕੋਰਟ ਵੱਲੋਂ ‘ਕਿਰਪਾਨ’ ‘ਤੇ ਲਾਈ ਪਾਬੰਦੀ `ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ ਬਿਊਰੋ) – Giani-Gurbachan-Singh1ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਜੋ ਸਿੱਖਾਂ ਦੇ ਧਾਰਮਿਕ ਚਿੰਨ ‘ਕਿਰਪਾਨ’ ‘ਤੇ ਲਗਾਈ ਗਈ ਪਾਬੰਦੀ ਉਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਟਲੀ ਦੀ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਉਪਰ ਮੁੜ ਤੋਂ ਵਿਚਾਰ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰੇ।ਜਥੇਦਾਰ ਨੇ ਕਿਹਾ ਕਿ ਸਿੱਖਾਂ ਨੇ ਇਟਲੀ ਦੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ।ਜਿਸ ਬਾਰੇ ਇਟਲੀ ਦੇ ਲੋਕ ਅਤੇ ਓਥੋਂ ਦੀਆਂ ਰਾਜਨੀਤਿਕ ਪਾਰਟੀਆਂ ਭਲੀਭਾਂਤ ਜਾਣੂ ਹਨ।ਉਨ੍ਹਾਂ ਕਿਹਾ ਕਿ ਇਟਲੀ ਇੱਕ ਵਿਕਾਸਸ਼ੀਲ ਦੇਸ਼ ਹੈ, ਜਿਥੇ ਹਰ ਧਰਮ ਦੇ ਵਿਅਕਤੀਆਂ ਨੂੰ ਆਪਣੇ ਅਕੀਦੇ ਅਨੁਸਾਰ ਵਿਚਰਨ ਦਾ ਮੌਕਾ ਦਿੱਤਾ ਜਾਂਦਾ ਹੈ।ਪਰ ਸਿੱਖਾਂ ਦੀ ਕਿਰਪਾਨ ਉਪਰ ਲਗਾਈ ਗਈ ਪਾਬੰਧੀ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ਦੇ ਅਕੀਦੇ ਅਤੇ ਇਟਲੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਕਿਰਪਾਨ ਉਪਰ ਲਗਾਈ ਗਈ ਪਾਬੰਦੀ ਨੂੰ ਤੁਰੰਤ ਹਟਾਏ।ਜਿਸ ਨਾਲ ਸਿੱਖ ਆਪਣੀ ਧਾਰਮਿਕ ਅਜਾਦੀ ਦਾ ਨਿੱਘ ਮਾਣ ਸਕਣ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਜਿਸ ਤਰੀਕੇ ਨਾਲ ਦੋ ਧਿਰਾਂ ਨੇ ਜਰਮਨੀ ਵਿਚ ਅਰਾਜਿਕਤਾ ਦਾ ਮਹੋਲ ਸਿਰਜਿਆ ਹੈ।ਇਸ ਨਾਲ ਸਿੱਖ ਪੰਥ ਦੇ ਹਰ ਖੇਤਰ ਨੂੰ ਭਾਰੀ ਠੇਸ ਪੁੱਜੀ ਹੈ।ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵਿਵਾਦਿਤ ਮਸਲੇ ਨੂੰ ਲੈ ਕੇ ਹੁੱਲੜਬਾਜ਼ੀ ਨਾ ਕੀਤੀ ਜਾਵੇ।ਸਗੋਂ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਿਆ ਜਾਣਾ ਜਰੂਰੀ ਹੈ।ਗੁਰਮਤਿ ਦਾ ਪ੍ਰਚਾਰ ਹਰ ਸਿੱਖ ਹੀ ਕਰ ਸਕਦਾ ਹੈ ਪ੍ਰੰਤੂ ਜਿਸ ਵਿਸ਼ੇ ਨਾਲ ਸਿੱਖ ਪੰਥ ਵਿਚ ਦੁਬਿਧਾ ਖੜੀ ਹੁੰਦੀ ਹੋਵੇ, ਉਸ ਵਿਸ਼ੇ ਨੂੰ ਧਾਰਮਿਕ ਸਟੇਜ ਉਪਰ ਨਾ ਬੋਲਿਆ ਜਾਵੇ।ਉਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਂਸਲ ਯੂ.ਕੇ ਰਾਹੀਂ ਸਮੁੱਚੇ ਮਸਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ ਤਾਂ ਕਿ ਕਸੂਰਵਾਰਾਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply