Tuesday, March 24, 2026

ਤਰਕਸ਼ੀਲ ਸਾਹਿਤ ਵੈਨ ਨੂੰ ਵਿਦਿਆਰਥੀਆਂ ਅਤੇ ਆਮ ਲੋਕਾਂ ਵਲੋਂ ਮਿਲਿਆ ਭਰਪੂਰ ਹੁੰਗਾਰਾ

PPN1805201712ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) -ਪੰਜਾਬ ਦੇ ਵਿਦਿਅਕ ਅਦਾਰਿਆਂ ਅਤੇ ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਵਿਚ ਤਰਕਸ਼ੀਲ ਸਾਹਿਤ ਅਤੇ ਵਿਗਿਆਨਕ ਸੋਚ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਮੰਤਵ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵਲੋਂ ਭੇਜੀ ਤਰਕਸ਼ੀਲ ਸਾਹਿਤ ਵੈਨ ਨੂੰ ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਅੱਜ ਪ੍ਰਦਰਸ਼ਿਤ ਕੀਤਾ ਗਿਆ।ਸਵੇਰ ਦੀ ਸਭਾ ਨੂੰ ਸੰਬੋਧਨ ਕਰਦਿਆਂ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਕਿਹਾ ਕਿ ਵਿਦਿਅਰਥੀਆਂ ਨੂੰ ਆਲੇ ਦੁਆਲੇ ਵਾਪਰਦੀਆਂ ਕੁਦਰਤੀ ਤੇ ਗੈਰ-ਕੁਦਰਤੀ ਘਟਨਾਵਾਂ ਨੂੰ ਕੀ? ਕਿਉਂ? ਕਿੱਦਾਂ? ਕਿਵੇਂ? ਅਤੇ ਕਿਥੇ ਦੀ ਤਰਕ ਦੀ ਕਸੌਟੀ ਉਤੇ ਪਰਖਣਾ ਚਾਹੀਦਾ ਹੈ ਅਤੇ ਘਟਨਾ ਦੀ ਵਿਗਿਆਨਕ ਜਾਂਚ-ਪੜਤਾਲ ਕਰਕੇ ਵਿਗਿਆਨਕ ਸੱਚਾਈ ਦਾ ਪਤਾ ਲਾਉਣਾ ਚਾਹੀਦਾ ਹੈ।ਉਨ੍ਹਾਂ ਹੱਥ ਦੀ ਸਫਾਈ ਦੇ ਕੁੱਝ ਟ੍ਰਿਕ ਵਿਖਾ ਕੇ ਉਨ੍ਹਾਂ ਦੀ ਵਿਆਖਿਆ ਵੀ ਕੀਤੀ।
ਇਸ ਤੋਂ ਪਹਿਲਾਂ ਸੁਸਾਇਟੀ ਦੀ ਸਥਾਨਕ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਤਰਕਸ਼ੀਲ ਸਾਹਿਤ ਅਤੇ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਜਿਥੇ ਵਿਦਿਆਰਥੀਆਂ ਅਤੇ ਆਮ ਲੋਕਾਂ ਵਿਚ ਤਰਕਸ਼ੀਲ ਸੋਚ ਪ੍ਰਫੁਲਿਤ ਕਰਨ ਅਤੇ ਮਨਾਂ ਵਿਚੋਂ ਵਹਿਮ, ਭਰਮ, ਅੰਧ-ਵਿਸ਼ਵਾਸ ਖਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਉਥੇ ਹੀ ਪਾਖੰਡੀ ਬਾਬਿਆਂ ਅਤੇ ਜੋਤਸ਼ੀਆਂ ਦੀ ਕਥਿਤ ਗੈਬੀ ਸ਼ਕਤੀ ਅਤੇ ਪਾਖੰਡ ਦਾ ਪਰਦਾਫਾਸ਼ ਕਰਨ ਵਿਚ ਯੋਗ ਅਗਵਾਈ ਦੇ ਰਿਹਾ ਹੈ। ਇਸ ਮੌਕੇ ਤਰਕਸ਼ੀਲ ਆਗੂ ਐਡਵੋਕੇਟ ਅਮਰਜੀਤ ਬਾਈ ਅਤੇ ਜੋਨ ਆਗੂ ਮੁਖਤਿਆਰ ਗੋਪਾਲਪੁਰਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀਵਨ ਵਿਚ ਤਰਕਸ਼ੀਲ ਦ੍ਰਿਸ਼ਟੀਕੋਣ ਅਪਨਾਉਣ ਲਈ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀ ਨਿਰਮਲ ਸਿੰਘ ਨੇ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਅਤੇ ਅੰਧ ਵਿਸ਼ਵਾਸਾਂ ਦੇ ਖਾਤਮੇ ਲਈ ਤਰਕਸ਼ੀਲ ਸਾਹਿਤ ਦੀ ਮਹੱਤਤਾ ਤੋਂ ਜਾਣੂੰ ਕਰਾਇਆ ਅਤੇ ਵਿਗਿਆਨਕ ਜਾਗਰੂਕਤਾ ਮੁਹਿੰਮ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਤਰਕਸ਼ੀਲ ਮਨਜੀਤ ਸਿੰਘ ਬਾਸਰਕੇ ਅਤੇ ਸਕੂਲ ਲੈਕਚਰਾਰ ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਬਾਅਦ ਤਰਕਸ਼ੀਲ ਸਾਹਿਤ ਵੈਨ ਨੂੰ ਛੇਹਰਟਾ ਚੌਂਕ, ਗੁਰੂ ਨਾਨਕ ਦੇਵ ਯੂਨੀਵਰਸਿਟੀ ਗੇਟ ਅਤੇ ਕੰਪਨੀ ਬਾਗ ਵਿਖੇ ਵੀ ਪ੍ਰਦਰਸ਼ਿਤ ਕੀਤਾ ਗਿਆ, ਜਿਥੇ ਵਿਦਿਆਰਥੀਆਂ ਅਤੇ ਆਮ ਲੋਕਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ।ਇਸ ਮੌਕੇ ਤਰਕਸ਼ੀਲ ਸਾਹਿਤ ਵੈਨ ਦੇ ਪ੍ਰਬੰਧਕ ਅਤੇ ਤਰਕਸ਼ੀਲ ਜਸਵੰਤ ਸਿੰਘ ਬੋਪਾਰਾਏ ਅਤੇ ਤਰਕਸ਼ੀਲ ਆਗੂ ਸੁਖਮੀਤ ਸਿੰਘ ਤੋਂ ਇਲਾਵਾ ਵਰਿੰਦਰ ਕੌਰ ਤਰਕਸ਼ੀਲ, ਲੈਕਚਰਾਰ ਜਸਵੰਤ ਰਾਏ ਅਤੇ ਗੁਰਲਾਲ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply