ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) –
“ਡਾ. ਗੁਲਜਾਰ ਸਿੰਘ ਕੰਗ ਦਾ ਸਮੁੱਚਾ ਜੀਵਨ ਸੰਘਰਸ਼ਸੀਲ ਰਿਹਾ ਹੈ।ਉਨ੍ਹਾਂ ਨੇ ਬਸਤੀਵਾਦੀ ਚਿੰਤਨ ਦੀਆਂ ਚੁਣੌਤੀਆਂ ਦੇ ਸਨਮੁੱਖ, ਪੰਜਾਬ ਦੀ ਗੈਰ ਸਿਧਾਂਤਕ ਮਾਨਸਿਕਤਾ ਨਾਲ ਸੰਘਰਸ਼ ਕਰਦੇ ਹੋਏ ਆਪਣੀ ਬੌਧਿਕ ਚੇਤਨਾ ਦੀ ਹਾਜ਼ਰੀ ਲਗਵਾਈ ਹੈ।” ਇਹ ਵਿਚਾਰ ਅੱਜ ਇੱਥੇ ਖੋਜ ਸੰਸਥਾ ਨਾਦ ਪ੍ਰਗਾਸੁ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਿਤ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਗੁਲਜਾਰ ਸਿੰਘ ਕੰਗ ਦੇ ਅਕਾਲ ਚਲਾਣੇ ਉਪਰੰਤ ਉਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਸੰਸਥਾ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਹਾਜ਼ਰ ਖੋਜਾਰਥੀਆਂ ਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨਾਂ ਕਿਹਾ ਕਿ ਡਾ. ਕੰਗ ਨੇ ਨਾਮ-ਰਸ ਸਾਧਨਾ ਨੂੰ ਅਕਾਦਮਿਕ ਪਰਿਪੇਖ ਵਿੱਚ ਸ਼ਾਮਿਲ ਕਰਵਾ ਕੇ ਸਿੱਖ ਅਧਿਐਨ ਦੇ ਅਨੁਸ਼ਾਸ਼ਨ ਨੂੰ ਇੱਕ ਮਹੱਤਵਪੂਰਨ ਦਿਸ਼ਾ ਪ੍ਰਦਾਨ ਕੀਤੀ ਹੈ। ਸਿੱਖ ਪ੍ਰੰਪਰਾ ਦੀ ਮੌਲਿਕਤਾ ਨੂੰ ਖੋਜ ਖੇਤਰ ਅਤੇ ਚਿੰਤਨ ਵਿੱਚ ਸ਼ਾਮਿਲ ਕਰਵਾਉਣਾ ਉਨਾਂ ਦੀ ਵਿਸ਼ੇਸ ਦੇਣ ਹੈ। ਅੱਜ ਦੀ ਇਹ ਸ਼ੋਕ ਸਭਾ ਨਾਦ ਪ੍ਰਗਾਸੁ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਕੀਤੀ ਗਈ ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਤੋਂ ਇਲਾਵਾ ਯੂਨੀਵਰਸਿਟੀਆਂ, ਕਾਲਜ਼ਾਂ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਖੋਜਾਰਥੀਆਂ/ਵਿਦਿਆਰਥੀਆਂ ਦੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਤੋਂ ਡਾ. ਜਸਵਿੰਦਰ ਸਿੰਘ ਨੇ ਡਾ. ਕੰਗ ਦੀ ਮੌਤ ੳੁੱਪਰ ਦੁੱਖ ਪ੍ਰਗਟਾਉਦਿਆਂ ਉਨ੍ਹਾਂ ਦੇ ਬੌਧਿਕ ਯੋਗਦਾਨ ਨੂੰ ਬੇਮਿਸਾਲ ਦੱਸਿਆਂ।ਉਨ੍ਹਾਂ ਕਿਹਾ ਕਿ ਡਾ. ਗੁਲਜਾਰ ਸਿੰਘ ਕੰਗ ਸਿੱਖ ਜੀਵਨ ਵਾਲੇ ਵਿਦਵਾਨ ਸਨ। ਸਿੱਖ ਪ੍ਰੰਪਰਾ ਉਨਾਂ ਦੇ ਜੀਵਨ ਵਿੱਚੋ ਪ੍ਰਤਿਬਿੰਬਤ ਹੁੰਦੀ ਸੀ। ਸਿੱਖ ਅਧਿਐਨ ਦੇ ਖੇਤਰ ਵਿੱਚ ਉਨਾਂ ਨੇ ਮਿਹਨਤ ਲਗਨ ਤੇ ਸਮਰਪਿਤ ਭਾਵਨਾ ਨਾਲ ਖੋਜ ਕੀਤੀ। ਡਾ. ਅਮਰਜੀਤ ਸਿੰਘ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੇ ਕਿਹਾ ਕਿ ਡਾ. ਕੰਗ ਦੇ ਸਰੀਰਕ ਵਿਛੋੜੇ ਨਾਲ ਸਿਰਫ ਸਿੱਖ ਪੰਥ ਨੇ ਹੀ ਨਹੀਂ ਬਲਕਿ ਪੰਜਾਬੀ ਅਕਾਦਮਿਕਤਾ ਨੇ ਆਪਣਾ ਇੱਕ ਹੋਣਹਾਰ ਅਧਿਆਪਕ ਗੁਆ ਲਿਆ ਹੈ। ਡਾ. ਕੰਗ ਦੇ ਖੋਜ ਪਸਾਰ ਦਾ ਫੈਲਾਅ ਭਾਸ਼ਾ ਚਿੰਤਨ, ਸੂਫੀ ਸਾਹਿਤ ਅਤੇ ਵਿਆਖਿਆਕਾਰੀ ਤੱਕ ਫੈਲ਼ਾਅ ਹੋਇਆ ਹੈ।
ਇਸ ਸ਼ੋਕ ਸ਼ਭਾ ਦੇ ਅੰਤ ਵਿੱਚ ਨਾਦ ਪ੍ਰਗਾਸੁ ਖੋਜ ਸੰਸਥਾ ਦੇ ਡਾਇਰੈਕਟਰ ਪੋ੍ਰ. ਜਗਦੀਸ਼ ਸਿੰਘ ਨੇ ਸੋਗਮਈ ਮਾਹੌਲ ਵਿੱਚ ਡਾ. ਗੁਲਜਾਰ ਸਿੰਘ ਕੰਗ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨਾਂ ਕਿਹਾ ਕਿ ਡਾ. ਗੁਲਜਾਰ ਸਿੰਘ ਕੰਗ ਦੀਆਂ ਲਿਖਤਾ ਵਿੱਚ ਭਾਈ ਵੀਰ ਸਿਘ ਅਤੇ ਭਾਈ ਰਣਧੀਰ ਸਿਘ ਦੀ ਚੇਤਨਾ ਦਾ ਪਸਾਰ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਉਨਾਂ ਦੇੇ ਅਧਿਆਤਮਕ ਜੀਵਨ ਕਰਕੇ ਹੀ ਡਾ. ਜਸਵੰਤ ਸਿੰਘ ਨੇਕੀ ਵਰਗੇ ਵਿਗਿਆਨੀ ਤੇ ਸਾਹਿਤਕਾਰ ਵੀ ਡਾ. ਕੰਗ ਦੇ ਕਦਰਦਾਨ ਰਹੇ ਹਨ। ਡਾ. ਕੰਗ ਦੁਆਰਾ ਸਿੱਖ ਚਿੰਤਨ ਦੇ ਸਮੁੱਚੇ ਫੈਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਖੋਜ ਕਾਰਜ ‘ਸ਼ਬਦ: ਅਨੁਭਵ ਅਤੇ ਦਰਸ਼ਨ’ ਉਨਾਂ ਦੇ ਜੀਵਨ ਦੀ ਵੱਡੀ ਪ੍ਰਾਪਤੀ ਹੈ। ਇਸ ਮੌਕੇ ਸੰਸਥਾ ਨਾਲ ਜੁੜੇ ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਡਾ. ਕੰਗ ਨੂੰ ਯਾਦ ਕਰਦਿਆਂ ਦੁੱਖੀ ਮਨ ਨਾਲ ਦੱਸਿਆ ਕਿ ਨਾਦ ਪ੍ਰਗਾਸੁ ਸੰਸਥਾ ਨਾਲ ਉਨਾਂ ਦਾ ਵਿਸ਼ੇਸ ਸਨੇਹ ਸੀ ਜਿਸ ਕਰਕੇ ਉਨਾਂ ਨੇ ਆਪਣੀ ਮਿਹਨਤ ‘ਤੇ ਲਗਨ ਨਾਲ ਤਿਆਰ ਕੀਤਾ ਖੋਜ ਕਾਰਜ ‘ਸ਼ਬਦ: ਅਨੁਭਵ ਅਤੇ ਦਰਸ਼ਨ’ ਸੰਸਥਾ ਵਲੋਂ ਖੋਜ ਖੇਤਰ ਵਿੱਚ ਕਾਰਜਸ਼ੀਲ ਖੋਜਾਰਥੀਆਂ ਦੇ ਲਾਭ ਹਿੱਤ ਛਾਪਣ ਦੀ ਸਹਿਮਤੀ ਦਿੱਤੀ ਸੀ ਅਤੇ ਹੁਣ ਇਸ ਪੁਸਤਕ ਦੀ ਦੂਸਰੀ ਛਾਪ ਕੁਝ ਹੀ ਦਿਨਾਂ ਵਿੱਚ ਛਪ ਕੇ ਆ ਰਹੀ ਹੈ ਪ੍ਰੰਤੂ ਮੰਦੇਭਾਗੀ ਡਾ. ਗੁਲਜਾਰ ਸਿੰਘ ਕੰਗ ਇਸ ਰਚਨਾ ਦੇ ਦੂਸਰੇ ਐਡੀਸ਼ਨ ਦੇ ਆਉਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ।
ਇਥੇ ਇਹ ਵੀ ਜਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਿਤ ਗੁਰੂ ਗ੍ਰੰਥ ਸਾਹਿਬ ਅਧਿਅੇਨ ਕੇਂਦਰ ਨੂੰ ਉਚੇਰੇ ਮੁਕਾਮ ‘ਤੇ ਲੈ ਜਾਣ ਵਿੱਚ ਉਨਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ।ਇਸ ਸ਼ੋਕ ਸ਼ਭਾ ਵਿਚ ਡਾ. ਹਰਪ੍ਰੀਤ ਸਿੰਘ, ਡਾ.ਰਪਿੰਦਰ ਕੌਰ, ਗੁਰਚੇਤਨ ਸਿੰਘ, ਬਲਜੀਤ ਸਿੰਘ ਛੇਹਰਟਾ, ਡਾ. ਜੋਗਿੰਦਰ ਸਿੰਘ ਤੋਂ ਇਲਾਵਾ ਅਨੇਕਾਂ ਖੋਜਾਰਥੀ/ ਵਿਦਿਆਰਥੀ ਵੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media